DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

Canada News: ਵਿਨੀਪੈੱਗ ਦੇ ਪਾਰਕਾਂ ਵਿੱਚ ਭਾਰਤੀਆਂ ਨੂੰ ਨਿਸ਼ਾਨਾ ਬਣਾਉਂਦੀਆਂ ਨਫ਼ਰਤ ਭਰੀਆਂ ਲਿਖਤਾਂ ਸਾਹਮਣੇ ਆਈਆਂ

Canada News: ਸਭ ਤੋਂ ਵੱਧ ਗ੍ਰੈਫ਼ਿਟੀ ਈਗਲਵੁੱਡ ਪਾਰਕ ਵਿੱਚ ਮਿਲੀ, ਜਿੱਥੇ ਘੱਟੋ-ਘੱਟ 20 ਨਫ਼ਰਤ ਭਰੇ ਸੁਨੇਹੇ ਅਤੇ ਸੰਕੇਤ ਲਿਖੇ ਹੋਏ ਸਨ

  • fb
  • twitter
  • whatsapp
  • whatsapp
Advertisement

Canada News: ਕੈਨੇਡਾ ਦੇ ਸ਼ਹਿਰ ਵਿਨੀਪੈੱਗ ਦੇ ਦੱਖਣੀ ਇਲਾਕਿਆਂ ਪ੍ਰੇਰੀਂ ਪੁਆਇੰਟ ਅਤੇ ਬ੍ਰਿਜ ਵਾਟਰ ਦੇ ਪਾਰਕਾਂ ਵਿੱਚ ਭਾਰਤੀਆਂ ਨੂੰ ਨਿਸ਼ਾਨਾ ਬਣਾਉਂਦੀਆਂ ਨਫ਼ਰਤ ਭਰੀਆਂ ਲਿਖਤਾਂ ਸਾਹਮਣੇ ਆਉਣ ਤੋਂ ਬਾਅਦ ਸਥਾਨਕ ਭਾਈਚਾਰੇ ਵਿੱਚ ਚਿੰਤਾ ਅਤੇ ਰੋਸ ਪਾਇਆ ਜਾ ਰਿਹਾ ਹੈ। ਪਾਰਕਾਂ ਦੇ ਰਾਹ, ਸੜਕਾਂ ਅਤੇ ਜਨਤਕ ਥਾਵਾਂ ਉੱਤੇ ਸਪਰੇਅ ਪੇਂਟ ਨਾਲ ਲਿਖੇ ਸੁਨੇਹਿਆਂ ਵਿੱਚ ਭਾਰਤ ਵਿਰੁੱਧ ਅਸ਼ਲੀਲ ਨਾਅਰੇ, ਸਮਲਿੰਗੀ ਭਾਈਚਾਰੇ ਵਿਰੁੱਧ ਗਾਲ੍ਹਾਂ ਅਤੇ ਹਿੰਸਾ ਨੂੰ ਉਕਸਾਉਣ ਵਾਲੇ ਸ਼ਬਦ ਸ਼ਾਮਲ ਸਨ।

ਸਭ ਤੋਂ ਵੱਧ ਗ੍ਰੈਫ਼ਿਟੀ ਈਗਲਵੁੱਡ ਪਾਰਕ ਵਿੱਚ ਮਿਲੀ, ਜਿੱਥੇ ਘੱਟੋ-ਘੱਟ 20 ਨਫ਼ਰਤ ਭਰੇ ਸੁਨੇਹੇ ਅਤੇ ਸੰਕੇਤ ਲਿਖੇ ਹੋਏ ਸਨ। ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਨੇੜਲੇ ਹੋਰ ਦੋ ਪਾਰਕਾਂ ਨੂੰ ਵੀ ਇਸੇ ਤਰ੍ਹਾਂ ਨਿਸ਼ਾਨਾ ਬਣਾਇਆ ਗਿਆ ਹੈ। ਘਟਨਾ ਦੀ ਸੂਚਨਾ ਮਿਲਣ ਉਪਰੰਤ ਵਿਨੀਪੈੱਗ ਪੁਲੀਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

Advertisement

ਪ੍ਰੇਰੀਂ ਪੁਆਇੰਟ ਨੇਬਰਹੁੱਡ ਐਸੋਸੀਏਸ਼ਨ ਦੀ ਮੈਂਬਰ ਅਤੇ ਵੇਵਰਲੀ ਵੈਸਟ ਵਾਰਡ ਤੋਂ ਸਿਟੀ ਕੌਂਸਲਰ ਉਮੀਦਵਾਰ ਜੈਸਮੀਨ ਬਰਾੜ ਨੇ ਇਸ ਘਟਨਾ ਦੀ ਤਿੱਖੀ ਨਿੰਦਾ ਕਰਦਿਆਂ ਕਿਹਾ ਕਿ ਬਹੁ-ਸਭਿਆਚਾਰਕ ਅਤੇ ਸ਼ਾਂਤਮਈ ਭਾਈਚਾਰੇ ਵਿੱਚ ਇਸ ਕਿਸਮ ਦੀ ਨਫ਼ਰਤ ਲਈ ਕੋਈ ਥਾਂ ਨਹੀਂ ਹੈ। ਉਨ੍ਹਾਂ ਕਿਹਾ ਕਿ ਗੈਫ਼ਿਟੀ ਵਿੱਚ ਭਾਰਤ ਪ੍ਰਤੀ ਇਤਰਾਜ਼ਯੋਗ ਸ਼ਬਦਾਂ ਨਾਲ ਨਫ਼ਰਤ ਭਰਿਆ ਸੁਨੇਹਾ ਵੀ ਲਿਖਿਆ ਗਿਆ ਸੀ, ਜਿਸ ਨੇ ਭਾਰਤੀ ਮੂਲ ਦੇ ਲੋਕਾਂ ਨੂੰ ਖ਼ਾਸ ਤੌਰ 'ਤੇ ਪ੍ਰਭਾਵਿਤ ਕੀਤਾ ਹੈ। ਉਨ੍ਹਾਂ ਕਿਹਾ, "ਇਹ ਸਿਰਫ਼ ਕੰਧਾਂ ਉੱਤੇ ਲਿਖੇ ਸ਼ਬਦ ਨਹੀਂ, ਸਗੋਂ ਇੱਕ ਭਾਈਚਾਰੇ ਨੂੰ ਡਰਾਉਣ ਅਤੇ ਵੰਡਣ ਦੀ ਕੋਸ਼ਿਸ਼ਾਂ ਹਨ।"

Advertisement

ਭਾਰਤੀ ਮੂਲ ਦੇ ਸਥਾਨਕ ਵਸਨੀਕ ਵਿਪੁਲ ਪਰਜਾਪਤੀ ਨੇ ਕਿਹਾ ਕਿ ਇਲਾਕੇ ਵਿੱਚ ਵੱਡੀ ਗਿਣਤੀ ਵਿੱਚ ਭਾਰਤੀ ਅਤੇ ਹੋਰ ਦੱਖਣੀ ਏਸ਼ੀਆਈ ਪਰਿਵਾਰ ਰਹਿੰਦੇ ਹਨ। ਉਨ੍ਹਾਂ ਦੇ ਅਨੁਸਾਰ ਅਜਿਹੇ ਸੁਨੇਹੇ ਕਿਸੇ ਮਜ਼ਾਕ ਦਾ ਹਿੱਸਾ ਨਹੀਂ ਹੋ ਸਕਦੇ, ਸਗੋਂ ਇਹ ਸਮਾਜ ਵਿੱਚ ਨਫ਼ਰਤ ਫੈਲਾਉਣ ਵਾਲੀ ਸੋਚ ਨੂੰ ਦਰਸਾਉਂਦੇ ਹਨ। ਉਨ੍ਹਾਂ ਕਿਹਾ ਕਿ ਸ਼ਬਦਾਂ ਦਾ ਡੂੰਘਾ ਅਸਰ ਹੁੰਦਾ ਹੈ ਅਤੇ ਅਜਿਹੀਆਂ ਹਰਕਤਾਂ ਨੂੰ ਹਲਕੇ ਵਿੱਚ ਨਹੀਂ ਲਿਆ ਜਾਣਾ ਚਾਹੀਦਾ।

ਇਲਾਕਾ ਵਾਸੀ ਕੈਰਿਸਾ ਰੇਏਸ ਨੇ ਕਿਹਾ ਕਿ ਹਰ ਰੋਜ਼ ਦਰਜਨਾਂ ਬੱਚੇ ਇਨ੍ਹਾਂ ਪਾਰਕਾਂ ਵਿੱਚ ਖੇਡਣ ਆਉਂਦੇ ਹਨ ਅਤੇ ਨਫ਼ਰਤ ਭਰੇ ਸੁਨੇਹੇ ਉਨ੍ਹਾਂ ਦੇ ਮਨਾਂ 'ਤੇ ਪ੍ਰਭਾਵ ਪਾਉਂਦੇ ਹਨ।

ਵੇਵਰਲੀ ਵੈਸਟ ਦੀ ਕੌਂਸਲਰ ਜੈਨਿਸ ਲੂਕਸ ਨੇ ਦੱਸਿਆ ਕਿ ਸ਼ਹਿਰੀ ਪ੍ਰਸ਼ਾਸਨ ਨੂੰ ਗ੍ਰਾਫ਼ਿਟੀ ਹਟਾਉਣ ਲਈ ਕਿਹਾ ਗਿਆ ਹੈ, ਹਾਲਾਂਕਿ ਲੰਬੇ ਵੀਕ ਐਂਡ ਕਾਰਨ ਇਸ ਵਿੱਚ ਕੁਝ ਸਮਾਂ ਲੱਗ ਸਕਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਦੇ ਨਾਲ-ਨਾਲ ਨਸਲੀ ਅਤੇ ਨਫ਼ਰਤ ਭਰੇ ਸੁਨੇਹੇ ਲਿਖਣਾ ਬਿਲਕੁਲ ਸਵੀਕਾਰਯੋਗ ਨਹੀਂ ਹੈ।

ਵੇਵਰਲੀ ਦੇ ਐਮਐਲਏ ਡੇਵਿਡ ਪੈਂਕਰੈਟਜ਼ ਨੇ ਕਿਹਾ ਕਿ ਮੈਨੀਟੋਬਾ ਵਿੱਚ ਨਫ਼ਰਤ ਅਤੇ ਨਸਲਵਾਦ ਲਈ ਕੋਈ ਥਾਂ ਨਹੀਂ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਬਹੁਤ ਵੱਡੀ ਗਿਣਤੀ ਵਿੱਚ ਵਿਨੀਪੈੱਗ ਅਤੇ ਮੈਨੀਟੋਬਾ ਦੇ ਲੋਕ ਪ੍ਰਭਾਵਿਤ ਭਾਈਚਾਰਿਆਂ ਦੇ ਨਾਲ ਖੜ੍ਹੇ ਹਨ। ਇਸ ਘਟਨਾ ਨੇ ਇੱਕ ਵਾਰ ਫਿਰ ਕੈਨੇਡਾ ਵਰਗੇ ਬਹੁ-ਸਭਿਆਚਾਰਕ ਸਮਾਜ ਵਿੱਚ ਨਸਲੀ ਨਫ਼ਰਤ ਵਰਗੇ ਅਪਰਾਧਾਂ ਨੂੰ ਰੋਕਣ ਲਈ ਸਖ਼ਤ ਕਾਰਵਾਈ ਦੀ ਲੋੜ ਨੂੰ ਉਜਾਗਰ ਕਰ ਦਿੱਤਾ ਹੈ।

Advertisement
×