Canada News: ਭਾਰਤੀ ਮੂਲ ਦੇ ਗੰਗਾਧਰ ਨੇ ਬਾਬਾ ਬਣ ਟੋਰਾਂਟੋ ’ਚ ਮਾਰੀ ਠੱਗੀ, ਪੁਲੀਸ ਭਾਲ ’ਚ
Canada News: ਭਵਿੱਖ ਦੱਸਣ ਵਾਲੇ ਅਤੇ ਅਧਿਆਤਮਿਕ ਹੀਲਰ ਵਜੋਂ ਪੇਸ਼ ਹੋਏ ਗੰਗਾਧਰ ਬਾਬੂ ਨੇ ਲੱਖਾਂ ਡਾਲਰ ਠੱਗੇ
Canada News: ਟੋਰਾਂਟੋ ਪੁਲੀਸ ਸਰਵਿਸ ਨੇ ਆਪਣੇ ਆਪ ਨੂੰ ਜੋਤਸ਼ੀ, ਤਾਂਤਰਿਕ ਅਤੇ ਅਧਿਆਤਮਿਕ ਹੀਲਰ ਦੱਸ ਕੇ ਇੱਕ ਮਹਿਲਾ ਨਾਲ 8 ਲੱਖ ਕੈਨੇਡੀਅਨ ਡਾਲਰ ਤੋਂ ਵੱਧ ਦੀ ਕਥਿਤ ਠੱਗੀ ਕਰਨ ਦੇ ਦੋਸ਼ ਹੇਠ ਭਾਰਤੀ ਮੂਲ ਦੇ 29 ਸਾਲਾ ਗੰਗਾਧਰ ਬਾਬੂ ਖ਼ਿਲਾਫ਼ ਕੈਨੇਡਾ-ਵਿਆਪੀ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤਾ ਹੈ। ਪੁਲੀਸ ਦਾ ਕਹਿਣਾ ਹੈ ਕਿ ਮੁਲਜ਼ਮ ਵਾਰਦਾਤ ਤੋਂ ਬਾਅਦ ਕੈਨੇਡਾ ਛੱਡ ਕੇ ਭਾਰਤ ਚਲਾ ਗਿਆ ਹੋ ਸਕਦਾ ਹੈ। ਜਾਂਚ ਅਧਿਕਾਰੀਆਂ ਨੂੰ ਸ਼ੱਕ ਹੈ ਕਿ ਇਸੇ ਢੰਗ ਨਾਲ ਹੋਰ ਲੋਕ ਵੀ ਉਸ ਦੀ ਕਥਿਤ ਠੱਗੀ ਦਾ ਸ਼ਿਕਾਰ ਹੋਏ ਹੋ ਸਕਦੇ ਹਨ।
ਪੁਲੀਸ ਵੱਲੋਂ ਜਾਰੀ ਜਾਣਕਾਰੀ ਅਨੁਸਾਰ ਗੰਗਾਧਰ ਬਾਬੂ ਨੇ ਅਪਰੈਲ 2024 ਤੋਂ ਸਤੰਬਰ 2025 ਤੱਕ "Indian Psychic and Spiritual Healer" ਦੇ ਨਾਮ ਹੇਠ ਕੰਮ ਕੀਤਾ। ਇਸ ਦੌਰਾਨ ਉਹ ਆਪਣੇ ਆਪ ਨੂੰ ਸ਼ਕਤੀਸ਼ਾਲੀ ਜੋਤਸ਼ੀ, ਭਵਿੱਖ ਦੱਸਣ ਵਾਲਾ ਅਤੇ ਅਧਿਆਤਮਿਕ ਮਾਹਿਰ ਵਜੋਂ ਪੇਸ਼ ਕਰਦਾ ਸੀ। ਉਹ ਦਾਅਵਾ ਕਰਦਾ ਸੀ ਕਿ ਉਸ ਕੋਲ ਅਜਿਹੀਆਂ ਅਲੌਕਿਕ ਸ਼ਕਤੀਆਂ ਹਨ, ਜਿਨ੍ਹਾਂ ਰਾਹੀਂ ਉਹ ਲੋਕਾਂ ਦੀਆਂ ਨਿੱਜੀ, ਪਰਿਵਾਰਕ ਅਤੇ ਆਰਥਿਕ ਸਮੱਸਿਆਵਾਂ ਦੂਰ ਕਰ ਸਕਦਾ ਹੈ ਅਤੇ ਉਨ੍ਹਾਂ ਨੂੰ ਬੁਰੀਆਂ ਸ਼ਕਤੀਆਂ ਤੋਂ ਬਚਾ ਸਕਦਾ ਹੈ।
ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਮੁਲਜ਼ਮ ਨੇ ਪੀੜਤਾ ਦੇ ਅੰਧਵਿਸ਼ਵਾਸ ਅਤੇ ਮਨੋਵਿਗਿਆਨਕ ਡਰ ਦਾ ਫ਼ਾਇਦਾ ਉਠਾਇਆ। ਉਸ ਨੇ ਪੀੜਤਾ ਨੂੰ ਯਕੀਨ ਦਿਵਾਇਆ ਕਿ ਉਸ ਅਤੇ ਉਸ ਦੇ ਪਰਿਵਾਰ ਉੱਤੇ ਗੰਭੀਰ ਸੰਕਟ ਮੰਡਰਾ ਰਿਹਾ ਹੈ ਅਤੇ ਜੇ ਉਸ ਨੇ ਵਿਸ਼ੇਸ਼ ਪੂਜਾ-ਪਾਠ, ਤਾਂਤਰਿਕ ਰਸਮਾਂ ਅਤੇ ਕਥਿਤ ਅਧਿਆਤਮਿਕ ਕਰਮਕਾਂਡ ਨਾ ਕਰਵਾਏ ਗਏ ਤਾਂ ਪਰਿਵਾਰ ਵਿੱਚ ਕਿਸੇ ਦੀ ਮੌਤ ਜਾਂ ਹੋਰ ਵੱਡੀ ਅਣਹੋਣੀ ਹੋ ਸਕਦੀ ਹੈ। ਇਨ੍ਹਾਂ ਦਾਅਵਿਆਂ ਕਾਰਨ ਪੀੜਤਾ ਡਰ ਅਤੇ ਦਬਾਅ ਵਿੱਚ ਆ ਗਈ ਅਤੇ ਕਥਿਤ "ਅਧਿਆਤਮਿਕ ਸੁਰੱਖਿਆ" ਦੇ ਨਾਂ 'ਤੇ ਮੁਲਜ਼ਮ ਨੂੰ ਵਾਰ-ਵਾਰ ਵੱਡੀਆਂ ਰਕਮਾਂ ਦਿੰਦੀ ਰਹੀ।
ਪੁਲੀਸ ਮੁਤਾਬਕ ਇਸ ਕਥਿਤ ਠੱਗੀ ਦੀ ਕੁੱਲ ਰਕਮ 8 ਲੱਖ ਕੈਨੇਡੀਅਨ ਡਾਲਰ ਤੋਂ ਵੱਧ ਹੈ। ਮਾਮਲੇ ਦੀ ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਮੁਲਜ਼ਮ ਕੈਨੇਡਾ ਛੱਡ ਕੇ ਭਾਰਤ ਚਲਾ ਗਿਆ ਹੈ। ਇਸ ਤੋਂ ਬਾਅਦ ਉਸ ਖ਼ਿਲਾਫ਼ ਕੈਨੇਡਾ-ਵਿਆਪੀ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤਾ ਗਿਆ।
ਗੰਗਾਧਰ ਬਾਬੂ ਖ਼ਿਲਾਫ਼ 5,000 ਡਾਲਰ ਤੋਂ ਵੱਧ ਦੀ ਧੋਖਾਧੜੀ, ਅਪਰਾਧ ਰਾਹੀਂ ਹਾਸਲ ਕੀਤੀ ਸੰਪਤੀ ਆਪਣੇ ਕਬਜ਼ੇ ਵਿੱਚ ਰੱਖਣ ਅਤੇ ਅਪਰਾਧਿਕ ਕਮਾਈ ਨੂੰ ਜਾਇਜ਼ ਦਿਖਾਉਣ (ਮਨੀ ਲਾਂਡਰਿੰਗ) ਦੇ ਦੋਸ਼ ਦਰਜ ਕੀਤੇ ਗਏ ਹਨ। ਪੁਲੀਸ ਨੇ ਜਾਰੀ ਕੀਤੇ ਵੇਰਵਿਆਂ ਵਿੱਚ ਦੱਸਿਆ ਹੈ ਕਿ ਮੁਲਜ਼ਮ ਦੀ ਲੰਬਾਈ ਕਰੀਬ 5 ਫੁੱਟ 6 ਇੰਚ ਹੈ। ਉਸ ਦਾ ਸਰੀਰ ਪਤਲਾ, ਵਾਲ ਕਾਲੇ ਅਤੇ ਘੁੰਗਰਾਲੇ, ਅੱਖਾਂ ਗੂੜ੍ਹੀਆਂ ਭੂਰੀਆਂ ਅਤੇ ਦਾੜ੍ਹੀ ਕੱਟੀ ਹੋਈ ਹੈ। ਉਸ ਦੀ ਖ਼ਾਸ ਪਛਾਣ ਅੱਗੇ ਦੇ ਦੋ ਦੰਦਾਂ ਵਿਚਕਾਰ ਸਪਸ਼ਟ ਫ਼ਾਸਲਾ ਹੈ।
ਜਾਂਚ ਅਧਿਕਾਰੀਆਂ ਦਾ ਮੰਨਣਾ ਹੈ ਕਿ ਮੁਲਜ਼ਮ ਨੇ ਇਸੇ ਤਰੀਕੇ ਨਾਲ ਹੋਰ ਲੋਕਾਂ ਨੂੰ ਵੀ ਆਪਣਾ ਨਿਸ਼ਾਨਾ ਬਣਾਇਆ ਹੋ ਸਕਦਾ ਹੈ। ਇਸ ਲਈ ਟੋਰਾਂਟੋ ਪੁਲਿਸ ਨੇ ਅਪੀਲ ਕੀਤੀ ਹੈ ਕਿ ਜਿਨ੍ਹਾਂ ਵਿਅਕਤੀਆਂ ਨੇ ਗੰਗਾਧਰ ਬਾਬੂ ਨਾਲ ਸੰਪਰਕ ਕੀਤਾ ਹੋਵੇ ਜਾਂ ਕਥਿਤ ਜੋਤਿਸ਼, ਤਾਂਤਰਿਕ ਰਸਮਾਂ, ਅਧਿਆਤਮਿਕ ਇਲਾਜ ਜਾਂ ਪੂਜਾ-ਪਾਠ ਦੇ ਨਾਂ 'ਤੇ ਉਸ ਨੂੰ ਪੈਸੇ ਦਿੱਤੇ ਹੋਣ, ਉਹ ਬਿਨਾਂ ਕਿਸੇ ਡਰ ਦੇ ਪੁਲੀਸ ਨਾਲ ਸੰਪਰਕ ਕਰਨ। ਲੋਕਾਂ ਨੂੰ ਅਜਿਹੇ ਸਵੈ-ਘੋਸ਼ਿਤ ਜੋਤਸ਼ੀਆਂ, ਤਾਂਤਰਿਕਾਂ ਅਤੇ ਅਧਿਆਤਮਿਕ ਚਮਤਕਾਰਾਂ ਦੇ ਦਾਅਵੇ ਕਰਨ ਵਾਲੇ ਵਿਅਕਤੀਆਂ ਤੋਂ ਸੁਚੇਤ ਰਹਿਣ ਦੀ ਸਲਾਹ ਦਿੱਤੀ ਗਈ ਹੈ।

