DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Canada Crisis: ਕੈਨੇਡਾ ’ਚ ਡੂੰਘਾ ਹੋਇਆ ਵਿੱਤੀ ਸੰਕਟ; ਟ੍ਰਾਂਸਪੋਰਟ ਖੇਤਰ ’ਤੇ ਦਿਵਾਲੀਆਪਣ ਦਾ ਪਰਛਾਵਾਂ

Canada Financial Crisis: ਟਰੱਕਿੰਗ ਖੇਤਰ ਨੂੰ ਲੱਗ ਰਹੇ ਵੱਡੇ ਵਿੱਤੀ ਝਟਕੇ

  • fb
  • twitter
  • whatsapp
  • whatsapp
Advertisement

Canada Financial Crisis: ਕੈਨੇਡਾ ਵਿੱਚ ਮਹਿੰਗਾਈ, ਉੱਚੀਆਂ ਵਿਆਜ ਦਰਾਂ ਅਤੇ ਆਰਥਿਕ ਸੁਸਤੀ ਨੇ ਆਮ ਲੋਕਾਂ ਦੇ ਨਾਲ-ਨਾਲ ਛੋਟੇ ਕਾਰੋਬਾਰਾਂ ’ਤੇ ਵੀ ਵਿੱਤੀ ਦਬਾਅ ਵਧਾ ਦਿੱਤਾ ਹੈ। ਸੰਘੀ ਸਰਕਾਰ ਦੇ ਤਾਜ਼ਾ ਅੰਕੜਿਆਂ ਮੁਤਾਬਕ 2026 ਦੀ ਦੂਜੀ ਤਿਮਾਹੀ ਦੌਰਾਨ 37,523 ਕੈਨੇਡੀਅਨਾਂ ਨੇ ਦਿਵਾਲੀਆਪਣ ਜਾਂ ਕਰਜ਼ਾ-ਰਾਹਤ ਨਾਲ ਸਬੰਧਿਤ ਪ੍ਰਕਿਰਿਆਵਾਂ ਲਈ ਅਰਜ਼ੀਆਂ ਦਾਇਰ ਕੀਤੀਆਂ। ਇਹ ਪੱਧਰ 2008 ਦੇ ਵਿਸ਼ਵ ਵਿੱਤੀ ਸੰਕਟ ਤੋਂ ਬਾਅਦ ਦੇ ਸਭ ਤੋਂ ਉੱਚੇ ਪੱਧਰਾਂ ਵਿੱਚੋਂ ਇੱਕ ਹੈ।

ਮਹਿੰਗਾਈ ਕਾਰਨ ਖਾਣ-ਪੀਣ, ਰਿਹਾਇਸ਼ ਅਤੇ ਰੋਜ਼ਾਨਾ ਦੀਆਂ ਜ਼ਰੂਰਤਾਂ ਦੀ ਲਾਗਤ ਵਧਣ ਨਾਲ ਕਈ ਪਰਿਵਾਰਾਂ ਦਾ ਮਹੀਨਾਵਾਰ ਬਜਟ ਵਿਗੜ ਗਿਆ ਹੈ। ਬੱਚਤ ਘਟਣ ਤੋਂ ਬਾਅਦ ਲੋਕ ਰੋਜ਼ਾਨਾ ਖ਼ਰਚੇ ਪੂਰੇ ਕਰਨ ਲਈ ਕ੍ਰੈਡਿਟ ਕਾਰਡਾਂ ਅਤੇ ਹੋਰ ਕਰਜ਼ਿਆਂ ’ਤੇ ਨਿਰਭਰ ਹੋ ਰਹੇ ਹਨ। ਦੂਜੇ ਪਾਸੇ, ਮਾਰਟਗੇਜ ਦੀਆਂ ਵਧੀਆਂ ਕਿਸ਼ਤਾਂ ਨੇ ਘਰਾਂ ਦੇ ਬਜਟ ’ਤੇ ਹੋਰ ਦਬਾਅ ਪਾਇਆ ਹੈ। ਜਦੋਂ ਕਰਜ਼ੇ ਦੀ ਅਦਾਇਗੀ ਮੁਸ਼ਕਲ ਹੋ ਜਾਂਦੀ ਹੈ ਤਾਂ ਕਈ ਲੋਕ ‘ਕਾਂਜ਼ਿਊਮਰ ਪ੍ਰਪੋਜ਼ਲ’ ਜਾਂ ਦਿਵਾਲੀਆਪਣ ਵਰਗੇ ਕਾਨੂੰਨੀ ਵਿਕਲਪਾਂ ਦਾ ਸਹਾਰਾ ਲੈਂਦੇ ਹਨ।

Advertisement

ਟਰੱਕਿੰਗ ਖੇਤਰ ਨੂੰ ਲੱਗ ਰਹੇ ਵੱਡੇ ਵਿੱਤੀ ਝਟਕੇ

ਕੈਨੇਡਾ ਦਾ ਟਰੱਕਿੰਗ ਖੇਤਰ ਵੀ ਲੰਮੇ ਸਮੇਂ ਤੋਂ ਵਧ ਰਹੀਆਂ ਲਾਗਤਾਂ ਅਤੇ ਘਟਦੇ ਮਾਰਜਿਨਾਂ ਨਾਲ ਜੂਝ ਰਿਹਾ ਹੈ। ਡੀਜ਼ਲ,ਵਪਾਰਕ ਬੀਮਾ, ਟਰੱਕਾਂ ਦੀਆਂ ਕਿਸ਼ਤਾਂ, ਮੁਰੰਮਤ, ਪਾਰਟਸ ਅਤੇ ਮਜ਼ਦੂਰੀ ਦੇ ਖ਼ਰਚੇ ਵਧੇ ਹਨ, ਜਦਕਿ ਮਾਲ ਢੋਆ-ਢੁਆਈ ਦੇ ਰੇਟਾਂ ’ਤੇ ਦਬਾਅ ਬਣਿਆ ਹੋਇਆ ਹੈ। ਇਸ ਕਾਰਨ ਕਈ ਕੰਪਨੀਆਂ ਦੀ ਨਕਦੀ ਦੀ ਸਥਿਤੀ ਕਮਜ਼ੋਰ ਹੋਈ ਹੈ।

Advertisement

ਇਸ ਦੀ ਇੱਕ ਵੱਡੀ ਮਿਸਾਲ ਮਿਸੀਸਾਗਾ ਸਥਿਤ ਪ੍ਰਾਈਡ ਗਰੁੱਪ ਹੋਲਡਿੰਗਜ਼ ਹੈ। ਕੰਪਨੀ ਨੇ 2024 ਵਿੱਚ Companies’ Creditors Arrangement Act (CCAA) ਤਹਿਤ ਕਰਜ਼ਦਾਤਿਆਂ ਤੋਂ ਸੁਰੱਖਿਆ ਮੰਗੀ ਸੀ। ਅਦਾਲਤੀ ਦਸਤਾਵੇਜ਼ਾਂ ਮੁਤਾਬਕ ਇਸ ਨਾਲ ਜੁੜੇ ਕਰਜ਼ਦਾਤਿਆਂ ਦੇ ਦਾਅਵੇ ਲਗਪਗ 1.6 ਅਰਬ ਕੈਨੇਡੀਅਨ ਡਾਲਰ ਅਤੇ 637 ਮਿਲੀਅਨ ਅਮਰੀਕੀ ਡਾਲਰ ਤੱਕ ਸਨ। ਕੰਪਨੀ ਦਾ ਕਾਰੋਬਾਰ ਕੈਨੇਡਾ ਅਤੇ ਅਮਰੀਕਾ ਵਿੱਚ ਟਰੱਕਿੰਗ, ਲੀਜ਼ਿੰਗ ਅਤੇ ਹੋਰ ਆਵਾਜਾਈ ਸੇਵਾਵਾਂ ਤੱਕ ਫੈਲਿਆ ਹੋਇਆ ਸੀ।

ਓਕਵਿਲ ਸਥਿਤ ਪੰਜਾਬ ਟਰਾਂਸਪੋਰਟ, ਜਿਸ ਕੋਲ 117 ਟਰੱਕਾਂ ਦਾ ਬੇੜਾ ਸੀ, 2025 ਵਿੱਚ ਰਿਸੀਵਰਸ਼ਿਪ ਹੇਠ ਆ ਗਈ। ਰਾਇਲ ਬੈਂਕ ਆਫ਼ ਕੈਨੇਡਾ ਨੇ ਕੰਪਨੀ ਵੱਲੋਂ 12 ਮਿਲੀਅਨ ਡਾਲਰ ਤੋਂ ਵੱਧ ਦੀ ਰਕਮ ਬਕਾਇਆ ਹੋਣ ਦਾ ਦਾਅਵਾ ਕੀਤਾ ਸੀ। ਕੰਪਨੀ ਦੇ ਮਾਲਕ ਨੇ ਕੁਝ ਦੋਸ਼ਾਂ ਤੋਂ ਇਨਕਾਰ ਕਰਦਿਆਂ ਕਾਰੋਬਾਰ ਨੂੰ ਮੁੜ ਪੈਰਾਂ ’ਤੇ ਖੜ੍ਹਾ ਕਰਨ ਲਈ ਮੁੜ-ਵਿੱਤੀ ਕਰਨ ਦੀ ਯੋਜਨਾ ਦਾ ਹਵਾਲਾ ਦਿੱਤਾ ਸੀ।

ਬ੍ਰਿਟਿਸ਼ ਕੋਲੰਬੀਆ ਦੀ ਰਿਲਾਇੰਸ ਲੌਜਿਸਟਿਕਸ ਵੀ ਪਹਿਲਾਂ ਕਰਜ਼ੇ ਦੇ ਪੁਨਰਗਠਨ ਦੀ ਪ੍ਰਕਿਰਿਆ ਵਿੱਚੋਂ ਲੰਘੀ ਅਤੇ ਬਾਅਦ ਵਿੱਚ ਮਾਰਚ 2026 ਵਿੱਚ ਦੀਵਾਲੀਆ ਹੋ ਗਈ। ਕੰਪਨੀ ਦੀਆਂ ਦੇਣਦਾਰੀਆਂ ਲਗਪਗ 12.7 ਮਿਲੀਅਨ ਡਾਲਰ ਦੱਸੀਆਂ ਗਈਆਂ ਹਨ। ਮੈਨੀਟੋਬਾ ਵਿੱਚ ਵੀ 2025 ਤੋਂ ਹੁਣ ਤੱਕ ਘੱਟੋ-ਘੱਟ ਤਿੰਨ ਟਰੱਕਿੰਗ ਕੰਪਨੀਆਂ ਵਿੱਤੀ ਸੰਕਟ ਦਾ ਸਾਹਮਣਾ ਕਰ ਚੁੱਕੀਆਂ ਹਨ।

ਟਰੱਕਿੰਗ ਖੇਤਰ ਵਿੱਚ ਪੰਜਾਬੀ ਭਾਈਚਾਰੇ ਦੀ ਵੱਡੀ ਹਿੱਸੇਦਾਰੀ ਹੋਣ ਕਾਰਨ ਇਸ ਸੰਕਟ ਦਾ ਅਸਰ ਮਾਲਕਾਂ ਦੇ ਨਾਲ-ਨਾਲ ਡਰਾਈਵਰਾਂ ਅਤੇ ਓਨਰ-ਓਪਰੇਟਰਾਂ ’ਤੇ ਵੀ ਪੈ ਰਿਹਾ ਹੈ। ਟਰੱਕ ਦੀ ਕਿਸ਼ਤ, ਬੀਮਾ ਅਤੇ ਮੁਰੰਮਤ ਵਰਗੇ ਖ਼ਰਚੇ ਲਗਾਤਾਰ ਜਾਰੀ ਰਹਿੰਦੇ ਹਨ, ਪਰ ਮਾਲ ਘਟਣ ਜਾਂ ਭਾੜੇ ਦੇ ਰੇਟ ਡਿੱਗਣ ਨਾਲ ਆਮਦਨ ਵਿੱਚ ਤੁਰੰਤ ਕਮੀ ਆ ਸਕਦੀ ਹੈ।

ਇਹੀ ਨਕਦੀ ਦਾ ਸੰਕਟ ਹੁਣ ਕਈ ਕਾਰੋਬਾਰਾਂ ਲਈ ਸਭ ਤੋਂ ਵੱਡੀ ਚੁਣੌਤੀ ਬਣਿਆ ਹੋਇਆ ਹੈ। ਕੈਨੇਡਾ ਵਿੱਚ ਵਧ ਰਹੇ ਦੀਵਾਲਾਪਣ ਦੇ ਅੰਕੜੇ ਸਿਰਫ਼ ਘਰੇਲੂ ਪਰਿਵਾਰਾਂ ਦੀ ਕਹਾਣੀ ਨਹੀਂ ਦੱਸਦੇ; ਇਹ ਛੋਟੇ ਕਾਰੋਬਾਰਾਂ ਅਤੇ ਟਰੱਕਿੰਗ ਵਰਗੇ ਕਰਜ਼ੇ ’ਤੇ ਨਿਰਭਰ ਖੇਤਰਾਂ ’ਤੇ ਪੈ ਰਹੇ ਵਧਦੇ ਵਿੱਤੀ ਦਬਾਅ ਦੀ ਵੀ ਤਸਵੀਰ ਪੇਸ਼ ਕਰਦੇ ਹਨ।

Advertisement
×