ਹਿਮਾਚਲ ਤੋਂ ਬਠਿੰਡਾ ਸਵਾਰੀ ਛੱਡਣ ਆਏ ਕੈਬ ਡਰਾਈਵਰ ਨੂੰ ਨਿੱਕਲੀ 3 ਕਰੋੜ ਦੀ ਲਾਟਰੀ
ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲ੍ਹੇ ਦੇ ਪਿੰਡ ਸਥਾਨਾ ਦੇ ਰਹਿਣ ਵਾਲੇ ਕੈਬ ਡਰਾਈਵਰ ਕਲਿਆਣ ਚੰਦ ਦੀ ਕਿਸਮਤ ਉਸ ਵੇਲੇ ਚਮਕ ਗਈ ਜਦੋਂ ਉਸ ਵੱਲੋਂ ਬਠਿੰਡਾ ਤੋਂ ਖਰੀਦੀ ਗਈ ਪੰਜਾਬ ਸਟੇਟ ਡੀਅਰ ਸਮਰ ਸਪੈਸ਼ਲ ਬੰਪਰ ਲਾਟਰੀ ਦੀ ਟਿਕਟ ਨੂੰ 3...
Advertisement
ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲ੍ਹੇ ਦੇ ਪਿੰਡ ਸਥਾਨਾ ਦੇ ਰਹਿਣ ਵਾਲੇ ਕੈਬ ਡਰਾਈਵਰ ਕਲਿਆਣ ਚੰਦ ਦੀ ਕਿਸਮਤ ਉਸ ਵੇਲੇ ਚਮਕ ਗਈ ਜਦੋਂ ਉਸ ਵੱਲੋਂ ਬਠਿੰਡਾ ਤੋਂ ਖਰੀਦੀ ਗਈ ਪੰਜਾਬ ਸਟੇਟ ਡੀਅਰ ਸਮਰ ਸਪੈਸ਼ਲ ਬੰਪਰ ਲਾਟਰੀ ਦੀ ਟਿਕਟ ਨੂੰ 3 ਕਰੋੜ ਰੁਪਏ ਦਾ ਪਹਿਲਾ ਇਨਾਮ ਨਿਕਲ ਆਇਆ।
ਰਤਨ ਲਾਟਰੀ ਬਠਿੰਡਾ ਦੇ ਬੁਲਾਰੇ ਕਿਰਨ ਨੇ ਦੱਸਿਆ ਕਿ ਪੰਜਾਬ ਸਟੇਟ ਡੀਅਰ ਸਮਰ ਸਪੈਸ਼ਲ ਬੰਪਰ ਦਾ ਡਰਾਅ 13 ਜੂਨ ਨੂੰ ਲੁਧਿਆਣਾ ਵਿਖੇ ਕੱਢਿਆ ਗਿਆ ਸੀ। ਲਾਟਰੀ ਜੇਤੂ ਕਲਿਆਣ ਚੰਦ ਇਨਾਮ ਨਿਕਲਣ ਤੋਂ ਬਾਅਦ ਵੀਰਵਾਰ ਨੂੰ ਉਨ੍ਹਾਂ ਦੇ ਦਫ਼ਤਰ ਪਹੁੰਚਿਆ ਅਤੇ ਜੇਤੂ ਟਿਕਟ ਸਬੰਧੀ ਕਾਰਵਾਈ ਸ਼ੁਰੂ ਕੀਤੀ ਗਈ।
ਕਲਿਆਣ ਚੰਦ ਨੇ ਦੱਸਿਆ ਕਿ ਉਹ ਹਾਲ ਹੀ ਵਿੱਚ ਇੱਕ ਸਵਾਰੀ ਨੂੰ ਛੱਡਣ ਲਈ ਬਠਿੰਡਾ ਆਇਆ ਸੀ। ਇਸ ਦੌਰਾਨ ਉਸ ਨੇ ਇੱਕੋ ਨੰਬਰ ਵਾਲੀਆਂ ਏ ਅਤੇ ਬੀ ਸੀਰੀਜ਼ ਦੀਆਂ ਦੋ ਟਿਕਟਾਂ ਖਰੀਦੀਆਂ ਸਨ। ਨਤੀਜਾ ਐਲਾਨ ਹੋਣ ’ਤੇ ਉਨ੍ਹਾਂ ਵਿੱਚੋਂ ਇੱਕ ਟਿਕਟ ਨੂੰ 3 ਕਰੋੜ ਰੁਪਏ ਦਾ ਪਹਿਲਾ ਇਨਾਮ ਨਿਕਲ ਆਇਆ।
ਉਸ ਨੇ ਕਿਹਾ ਕਿ ਇਹ ਰਕਮ ਉਸ ਦੇ ਪਰਿਵਾਰ ਦੀ ਜ਼ਿੰਦਗੀ ਬਦਲ ਦੇਵੇਗੀ। ਉਹ ਆਪਣੇ ਪਿਤਾ ਦਾ ਸੁਪਨਾ ਪੂਰਾ ਕਰਦਿਆਂ ਪਿੰਡ ਸਥਾਨਾ ਵਿੱਚ ਸਥਿਤ ਪੁਰਾਣੀ ਦੋ ਕਮਰਿਆਂ ਵਾਲੀ ਸਰਾਂ ਦੀ ਮੁੜ ਉਸਾਰੀ ਕਰਵਾਏਗਾ। ਇਸ ਤੋਂ ਇਲਾਵਾ ਇਨਾਮੀ ਰਕਮ ਦਾ ਵੱਡਾ ਹਿੱਸਾ ਆਪਣੇ ਤਿੰਨ ਬੱਚਿਆਂ ਦੀ ਸਿੱਖਿਆ ਅਤੇ ਭਵਿੱਖ ਲਈ ਖਰਚ ਕੀਤਾ ਜਾਵੇਗਾ।
ਕਲਿਆਣ ਚੰਦ ਦੇ ਵੱਡੇ ਪੁੱਤਰ ਗੌਰਵ ਨੇ ਦੱਸਿਆ ਕਿ ਉਸ ਨੇ ਬਾਰ੍ਹਵੀਂ ਪਾਸ ਕਰਨ ਤੋਂ ਬਾਅਦ ਪਰਿਵਾਰ ਦੀ ਆਰਥਿਕ ਮਦਦ ਲਈ ਪੜ੍ਹਾਈ ਛੱਡ ਦਿੱਤੀ ਸੀ ਅਤੇ ਇੱਕ ਸੈਲੂਨ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। ਹੁਣ ਇਸ ਇਨਾਮ ਨਾਲ ਪਰਿਵਾਰ ਦੀਆਂ ਆਰਥਿਕ ਮੁਸ਼ਕਲਾਂ ਕਾਫ਼ੀ ਹੱਦ ਤੱਕ ਦੂਰ ਹੋ ਜਾਣਗੀਆਂ। ਛੋਟਾ ਪੁੱਤਰ ਉੱਚ ਸਿੱਖਿਆ ਹਾਸਲ ਕਰਨ ਦੀ ਯੋਜਨਾ ਬਣਾ ਰਿਹਾ ਹੈ, ਜਦਕਿ ਧੀ ਬੀ.ਏ. ਦੇ ਦੂਜੇ ਸਾਲ ਵਿੱਚ ਪੜ੍ਹ ਰਹੀ ਹੈ।
ਜਿੱਤਣ ਵਾਲੀ ਟਿਕਟ ਵੇਚਣ ਵਾਲੇ ਲਾਟਰੀ ਏਜੰਟ ਨੇ ਵੀ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਕਿਸੇ ਗਾਹਕ ਵੱਲੋਂ ਇੰਨੀ ਵੱਡੀ ਰਕਮ ਜਿੱਤਣਾ ਉਨ੍ਹਾਂ ਲਈ ਮਾਣ ਵਾਲੀ ਗੱਲ ਹੈ।
Advertisement
Advertisement
×
