ਨਵੀਂ ਦਿੱਲੀ, 8 ਦਸੰਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਗੁਜਰਾਤ ਨੇ ਭਾਜਪਾ ਨੂੰ ਪਿਆਰ ਦੇ ਕੇ ਸਾਰੇ ਰਿਕਾਰਡ ਤੋੜ ਦਿੱਤੇ ਹਨ ਅਤੇ ਇਤਿਹਾਸ ਸਿਰਜ ਦਿੱਤਾ ਹੈ। ਇਥੇ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਭਾਜਪਾ ਪਿਛਲੇ 25 ਸਾਲਾਂ ਤੋਂ ਗੁਜਰਾਤ ਦੀ ਸੱਤਾ ‘ਤੇ ਕਾਬਜ਼ ਹੈ ਪਰ ਫਿਰ ਵੀ ਲੋਕਾਂ ਨੇ ਹਰ ਵਾਰ ਉਨ੍ਹਾਂ ‘ਤੇ ਭਰੋਸਾ ਜਤਾਇਆ ਹੈ। ਸ੍ਰੀ ਮੋਦੀ ਨੇ ਕਿਹਾ,”ਭਾਜਪਾ ਨੂੰ ਮਿਲੀ ਹਮਾਇਤ ਤੋਂ ਪਤਾ ਲਗਦਾ ਹੈ ਕਿ ਪਰਿਵਾਰਵਾਦ ਦੇ ਸ਼ਾਸਨ ਅਤੇ ਭ੍ਰਿਸ਼ਟਾਚਾਰ ਖ਼ਿਲਾਫ਼ ਲੋਕਾਂ ਦਾ ਗੁੱਸਾ ਵਧ ਰਿਹਾ ਹੈ। ਲੋਕਾਂ ਨੇ ਭਾਜਪਾ ਨੂੰ ਵੋਟਾਂ ਪਾਈਆਂ ਹਨ ਕਿਉਂਕਿ ਉਹ ਗਰੀਬਾਂ ਅਤੇ ਮੱਧਵਰਗ ਨੂੰ ਹਰ ਤਰ੍ਹਾਂ ਦੀ ਸਹੂਲਤ ਫੌਰੀ ਮੁਹੱਈਆ ਕਰਵਾ ਰਹੀ ਹੈ।” ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਉਹ ਵਿਕਸਤ ਮੁਲਕ ਸੌਂਪਣਗੇ। ਇਸ ਤੋਂ ਪਹਿਲਾਂ ਟਵੀਟ ਕਰਕੇ ਸ੍ਰੀ ਮੋਦੀ ਨੇ ਕਿਹਾ ਸੀ ਕਿ ਉਹ ਚੋਣ ਨਤੀਜੇ ਦੇਖ ਕੇ ਭਾਵੁਕ ਹੋ ਗਏ ਹਨ। ਉਨ੍ਹਾਂ ਕਿਹਾ ਕਿ ਲੋਕਾਂ ਨੇ ਵਿਕਾਸ ਦੀ ਸਿਆਸਤ ਨੂੰ ਆਸ਼ੀਰਵਾਦ ਦਿੰਦਿਆਂ ਵਿਕਾਸ ਦੀ ਰਫ਼ਤਾਰ ਹੋਰ ਤੇਜ਼ ਕਰਨ ਦੀ ਇੱਛਾ ਜ਼ਾਹਿਰ ਕੀਤੀ ਹੈ। ਉਧਰ ਭਾਜਪਾ ਨੇ ਗੁਜਰਾਤ ‘ਚ ਇਤਿਹਾਸਕ ਜਿੱਤ ਦਾ ਸਿਹਰਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਭਰੋਸੇਯੋਗਤਾ ਅਤੇ ਉਨ੍ਹਾਂ ਦੀ ਅਗਵਾਈ ਹੇਠ ਲੋਕਾਂ ਵੱਲੋਂ ਪ੍ਰਗਟਾਏ ਭਰੋਸੇ ਨੂੰ ਦਿੱਤਾ ਹੈ। ਭਾਜਪਾ ਪ੍ਰਧਾਨ ਜੇ ਪੀ ਨੱਢਾ ਨੇ ਕਿਹਾ ਕਿ ਗੁਜਰਾਤ ਚੋਣਾਂ ‘ਚ ਜਿੱਤ ਮੋਦੀ ਦੇ ਵਿਕਾਸ, ਚੰਗੇ ਸ਼ਾਸਨ ਅਤੇ ਲੋਕ ਭਲਾਈ ਦੀ ਜਿੱਤ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਲੋਕਾਂ ਨੇ ਖੋਖਲੇ ਵਾਅਦੇ ਕਰਨ, ਮੁਫ਼ਤ ਸਹੂਲਤਾਂ ਦੇਣ ਅਤੇ ਲੁਭਾਉਣ ਦੀ ਸਿਆਸਤ ਨੂੰ ਨਕਾਰ ਦਿੱਤਾ ਹੈ। ਗੁਜਰਾਤ ਦੇ ਮੁੱਖ ਮੰਤਰੀ ਭੁਪੇਂਦਰ ਪਟੇਲ ਨੇ ਕਿਹਾ ਕਿ ਸੂਬੇ ਦੇ ਲੋਕਾਂ ਨੇ ਦੇਸ਼ ਵਿਰੋਧੀ ਤਾਕਤਾਂ ਨੂੰ ਨਕਾਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਲੀਡਰਸ਼ਿਪ ‘ਤੇ ਮੁੜ ਭਰੋਸਾ ਪ੍ਰਗਟਾਇਆ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਗੁਜਰਾਤ ਚੋਣਾਂ ‘ਚ ਭਾਜਪਾ ਦੀ ਇਤਿਹਾਸਕ ਜਿੱਤ ਦਾ ਸਿਹਰਾ ਮੋਦੀ ਦੀ ਮਕਬੂਲੀਅਤ ਦੇ ਸਿਰ ਬੰਨ੍ਹਿਆ। -ਪੀਟੀਆਈ