ਜੈਪੁਰ, 13 ਸਤੰਬਰ
ਰਾਜਸਥਾਨ ਦੇ ਭਰਤਪੁਰ ਜ਼ਿਲ੍ਹੇ ਵਿਚ ਅੱਜ ਤੜਕੇ ਟਰਾਲਾ ਟਰੱਕ ਨੇ ਬੱਸ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ, ਜਿਸ ਕਾਰਨ ਗੁਜਰਾਤ ਤੋਂ ਆਏ 11 ਯਾਤਰੀਆਂ ਦੀ ਮੌਤ ਹੋ ਗਈ ਅਤੇ ਘੱਟੋ-ਘੱਟ 15 ਹੋਰ ਜ਼ਖ਼ਮੀ ਹੋ ਗਏ। ਹਾਦਸੇ ਵਿੱਚ ਜਾਨੀ ਤੇ ਮਾਲੀ ਨੁਕਸਾਨ ‘ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 2-2 ਲੱਖ ਰੁਪਏ ਅਤੇ ਜ਼ਖਮੀਆਂ ਨੂੰ 50-50 ਹਜ਼ਾਰ ਰੁਪਏ ਦੀ ਐਕਸ-ਗ੍ਰੇਸ਼ੀਆ ਦੇਣ ਦਾ ਐਲਾਨ ਕੀਤਾ। ਬੱਸ ਯਾਤਰੀਆਂ ਨੂੰ ਗੁਜਰਾਤ ਤੋਂ ਉੱਤਰ ਪ੍ਰਦੇਸ਼ ਦੇ ਮਥੁਰਾ ਲੈ ਕੇ ਜਾ ਰਹੀ ਸੀ ਕਿ ਰਾਜਸਥਾਨ ਦੇ ਭਰਤਪੁਰ ਵਿਖੇ ਤੜਕੇ 4.30 ਵਜੇ ਹਾਦਸੇ ਦਾ ਸ਼ਿਕਾਰ ਹੋ ਗਈ। ਬੱਸ ਨੂੰ ਲਖਨਪੁਰ ਖੇਤਰ ਦੇ ਅੰਤਰਾ ਫਲਾਈਓਵਰ ‘ਤੇ ਰੋਕਿਆ ਗਿਆ ਸੀ, ਜਦੋਂ ਟਰਾਲੇ ਨੇ ਉਸ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ। ਹਾਦਸੇ ‘ਚ ਬੱਸ ‘ਚ ਸਵਾਰ ਪੰਜ ਪੁਰਸ਼ ਅਤੇ ਛੇ ਮਹਿਲਾ ਯਾਤਰੀਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ।