ਬਦਰੀਨਾਥ ਤੋਂ ਪਰਤਦੇ ਸਮੇਂ ਉੱਤਰਾਖੰਡ ਦੇ ਟਿਹਰੀ ਜ਼ਿਲ੍ਹੇ ਦੇ ਸ਼ਿਵਪੁਰੀ ਨੇੜੇ ਰਿਸ਼ੀਕੇਸ਼-ਬਦਰੀਨਾਥ ਕੌਮੀ ਰਾਜਮਾਰਗ 'ਤੇ ਐਤਵਾਰ ਨੂੰ ਇੱਕ ਬੱਸ ਦੇ ਪਲਟ ਜਾਣ ਕਾਰਨ ਸੱਤ ਸ਼ਰਧਾਲੂ ਮਾਮੂਲੀ ਰੂਪ ਵਿੱਚ ਜ਼ਖਮੀ ਹੋ ਗਏ। ਪੁਲੀਸ ਨੇ ਇਹ ਜਾਣਕਾਰੀ ਦਿੱਤੀ ਹੈ।
ਪੁਲੀਸ ਅਨੁਸਾਰ, 'ਕਲਥਰੀ ਡੰਪਿੰਗ ਪੁਆਇੰਟ' ਦੇ ਨੇੜੇ ਜਦੋਂ ਹਾਦਸਾ ਹੋਇਆ, ਉਦੋਂ ਬੱਸ ਵਿੱਚ ਡਰਾਈਵਰ ਰਾਜੇਸ਼ ਅਤੇ ਕੰਡਕਟਰ ਸੋਨੂ ਸਮੇਤ 25 ਯਾਤਰੀ ਸਵਾਰ ਸਨ। ਬੱਸ ਡਰਾਈਵਰ ਅਤੇ ਕੰਡਕਟਰ ਦੋਵੇਂ ਦੇਹਰਾਦੂਨ ਦੇ ਰਹਿਣ ਵਾਲੇ ਸਨ। ਬੱਸ ਬਦਰੀਨਾਥ ਤੋਂ ਰਿਸ਼ੀਕੇਸ਼ ਵੱਲ ਜਾ ਰਹੀ ਸੀ।
ਪੁਲੀਸ ਨੇ ਦੱਸਿਆ ਕਿ ਬੱਸ ਦੇ ਡਰਾਈਵਰ ਵਾਲੇ ਪਾਸੇ ਦੀ ਖਿੜਕੀ ਅਚਾਨਕ ਖੁੱਲ੍ਹ ਗਈ ਅਤੇ ਉਸ ਨੂੰ ਬੰਦ ਕਰਨ ਦੀ ਕੋਸ਼ਿਸ਼ ਵਿੱਚ ਬੱਸ ਸੜਕ ਤੋਂ ਹੇਠਾਂ ਉਤਰ ਗਈ। ਪੁਲੀਸ ਅਨੁਸਾਰ, ਜ਼ਖਮੀ ਹੋਏ ਸਾਰੇ ਲੋਕ ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਦੇ ਨਿਵਾਸੀ ਹਨ। ਉਨ੍ਹਾਂ ਦੀ ਪਛਾਣ ਸੋਨਮ ਗੁਪਤਾ (28), ਮੁਨੀ ਦੇਵੀ (56), ਚੰਦਰ ਪ੍ਰਕਾਸ਼ ਗੁਪਤਾ (62), ਸੰਜੇ ਚੌਰਸੀਆ (59), ਸੀਤਾ ਦੇਵੀ (38), ਕੁਮਾਰੀ ਸ਼ਬਨਮ (32) ਅਤੇ ਮਨੀਸ਼ ਗਿਰੀ (44) ਵਜੋਂ ਹੋਈ ਹੈ।
ਪੁਲੀਸ ਨੇ ਦੱਸਿਆ ਕਿ ਜ਼ਖਮੀਆਂ ਨੂੰ ਰਿਸ਼ੀਕੇਸ਼ ਜ਼ਿਲ੍ਹਾ ਹਸਪਤਾਲ ਲਿਜਾਇਆ ਗਿਆ। ਪੁਲੀਸ ਮੁਤਾਬਕ ਬਾਕੀ 18 ਯਾਤਰੀ ਸੁਰੱਖਿਅਤ ਹਨ ਅਤੇ ਉਨ੍ਹਾਂ ਨੂੰ ਬਦਲਵੇਂ ਵਾਹਨਾਂ ਰਾਹੀਂ ਲਖੀਮਪੁਰ ਖੀਰੀ ਵਿੱਚ ਉਨ੍ਹਾਂ ਦੀ ਮੰਜ਼ਿਲ ਤੱਕ ਪਹੁੰਚਾਇਆ ਗਿਆ ਹੈ।

