ਹਿਮਾਚਲ: ਬੱਸ 500 ਫੁੱਟ ਡੂੰਘੀ ਖਾਈ ’ਚ ਡਿੱਗੀ; 14 ਹਲਾਕ; 52 ਜ਼ਖਮੀ
ਪ੍ਰਧਾਨ ਮੰਤਰੀ ਵੱਲੋਂ ਹਾਦਸੇ ਵਿਚ ਮਰਨ ਵਾਲਿਆਂ ਲਈ 2-2 ਲੱਖ ਰੁਪਏ ਹਰੇਕ ਤੇ ਜ਼ਖ਼ਮੀਆਂ ਨੂੰ 50-50 ਹਜ਼ਾਰ ਐਕਸ ਗ੍ਰੇਸ਼ੀਆ ਰਾਸ਼ੀ ਦੇਣ ਦਾ ਐਲਾਨ
ਹਿਮਾਚਲ ਪ੍ਰਦੇਸ਼ ਦੇ ਸਿਰਮੌਰ ਜ਼ਿਲ੍ਹੇ ਵਿੱਚ ਅੱਜ ਇੱਕ ਨਿੱਜੀ ਬੱਸ ਸੜਕ ਤੋਂ ਡਿੱਗਣ ਕਾਰਨ 14 ਜਣਿਆਂ ਦੀ ਮੌਤ ਹੋ ਗਈ ਜਦੋਂ ਕਿ 52 ਜ਼ਖਮੀ ਹੋ ਗਏ। ਇਹ ਹਾਦਸਾ ਹਰੀਪੁਰਧਰ ਖੇਤਰ ਵਿੱਚ ਉਦੋਂ ਹੋਇਆ ਜਦੋਂ ਬੱਸ ਸ਼ਿਮਲਾ ਤੋਂ ਆ ਰਹੀ ਸੀ ਅਤੇ ਇਹ ਸੜਕ ਤੋਂ 500 ਫੁੱਟ ਡੂੰਘੀ ਖਾਈ ਵਿਚ ਡਿੱਗ ਗਈ।
ਹਿਮਾਚਲ ਪ੍ਰਦੇਸ਼ ਦੇ ਸਿਰਮੌਰ ਵਿੱਚ ਬੱਸ ਹਾਦਸੇ ਵਿੱਚ ਮਰਨ ਵਾਲਿਆਂ ਦੀ ਗਿਣਤੀ 14 ਹੋ ਗਈ ਹੈ। ਇਸ ਦੌਰਾਨ ਇਲਾਜ ਅਧੀਨ ਇਕ ਹੋਰ ਵਿਅਕਤੀ ਦੀ ਮੌਤ ਹੋ ਗਈ।
ਇੱਥੇ ਅੱਜ ਦੁਪਹਿਰ ਵੇਲੇ ਸ਼ਿਮਲਾ ਤੋਂ ਰਾਜਗੜ੍ਹ ਰਾਹੀਂ ਕੁਪਵੀ ਜਾ ਰਹੀ ਇੱਕ ਓਵਰਲੋਡ ਪ੍ਰਾਈਵੇਟ ਬੱਸ ਖਾਈ ਵਿਚ ਡਿੱਗ ਗਈ। ਇਹ ਹਾਦਸਾ ਨਾਹਨ ਤੋਂ ਲਗਪਗ 95 ਕਿਲੋਮੀਟਰ ਦੂਰ ਹਰੀਪੁਰਧਰ ਪਿੰਡ ਦੇ ਨੇੜੇ ਵਾਪਰਿਆ। ਪ੍ਰਸ਼ਾਸਨ ਵਲੋਂ ਜਾਰੀ ਕੀਤੀ ਗਈ ਸੂਚੀ ਅਨੁਸਾਰ 14 ਮੌਤਾਂ ਤੋਂ ਇਲਾਵਾ ਲਗਪਗ 52 ਲੋਕ ਜ਼ਖਮੀ ਹੋਏ ਹਨ।
ਇਸ ਹਾਦਸੇ ’ਤੇ ਦੁੱਖ ਪ੍ਰਗਟ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਰੇਕ ਮ੍ਰਿਤਕ ਦੇ ਪਰਿਵਾਰ ਲਈ 2 ਲੱਖ ਰੁਪਏ ਅਤੇ ਜ਼ਖਮੀਆਂ ਲਈ 50,000 ਰੁਪਏ ਦੀ ਐਕਸ ਗ੍ਰੇਸ਼ੀਆ ਰਾਸ਼ੀ ਦਾ ਐਲਾਨ ਕੀਤਾ।
ਉਨ੍ਹਾਂ ਐਕਸ ’ਤੇ ਪੋਸਟ ਪਾ ਕੇ ਕਿਹਾ, ‘ਹਿਮਾਚਲ ਪ੍ਰਦੇਸ਼ ਦੇ ਸਿਰਮੌਰ ਵਿੱਚ ਬੱਸ ਹਾਦਸੇ ਕਾਰਨ ਗਈਆਂ ਜਾਨਾਂ ਦਾ ਨੁਕਸਾਨ ਬਹੁਤ ਦੁਖਦਾਈ ਹੈ। ਜ਼ਖਮੀਆਂ ਦੀ ਜਲਦੀ ਸਿਹਤਯਾਬੀ ਲਈ ਪ੍ਰਾਰਥਨਾ।’ ਦੂਜੇ ਪਾਸੇ ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਵੀ ਹਾਦਸੇ ਵਿਚ ਮਰਨ ਵਾਲਿਆਂ ’ਤੇ ਦੁੱਖ ਪ੍ਰਗਟਾਇਆ ਹੈ।
ਪੁਲੀਸ ਨੇ ਕਿਹਾ ਕਿ ਖਾਈ ਵਿਚ ਡਿੱਗਣ ਤੋਂ ਬਾਅਦ ਬੱਸ ਉਲਟ ਗਈ। ਹਾਦਸੇ ਤੋਂ ਬਾਅਦ ਸਥਾਨਕ ਲੋਕਾਂ ਨੇ ਬਚਾਅ ਕਾਰਜ ਸ਼ੁਰੂ ਕੀਤੇ ਤੇ ਪੁਲੀਸ ਨੂੰ ਸੂਚਿਤ ਕੀਤਾ।
ਉਦਯੋਗ ਮੰਤਰੀ ਅਤੇ ਸ਼ੱਲਈ ਵਿਧਾਨ ਸਭਾ ਖੇਤਰ ਦੇ ਸਥਾਨਕ ਵਿਧਾਇਕ ਹਰਸ਼ਵਰਧਨ ਚੌਹਾਨ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਨੂੰ ਅਲਰਟ ’ਤੇ ਰੱਖਿਆ ਗਿਆ ਹੈ, ਅਤੇ ਦਾਦਾਹੂ, ਸੰਗਰਾਹ ਅਤੇ ਨਾਹਨ ਹਸਪਤਾਲਾਂ ਵਿੱਚ ਮੈਡੀਕਲ ਟੀਮਾਂ ਅਤੇ ਡਾਕਟਰ ਐਮਰਜੈਂਸੀ ਲਈ ਤਿਆਰ ਹਨ। ਵਿਧਾਇਕ ਨੇ ਕਿਹਾ ਕਿ ਹਾਦਸੇ ਦੇ ਕਾਰਨ ਦਾ ਹਾਲੇ ਪਤਾ ਨਹੀਂ ਲੱਗਿਆ। ਪੀ.ਟੀ.ਆਈ.

