ਸ੍ਰੀਨਗਰ: ਬਡਗਾਮ ਜ਼ਿਲ੍ਹੇ ਵਿੱਚ ਮੁਕਾਬਲੇ ਦੌਰਾਨ ਲਸ਼ਕਰ-ਏ-ਤਇਬਾ ਦੇ ਤਿੰਨ ਅਤਿਵਾਦੀ ਮਾਰੇ ਗਏ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਅਤਿਵਾਦੀਆਂ ਬਾਰੇ ਸੂਚਨਾ ਮਿਲਣ ਮਗਰੋਂ ਉਨ੍ਹਾਂ ਜ਼ਿਲ੍ਹੇ ਦੇ ਖਾਨਸਾਹਿਬ ਇਲਾਕੇ ਦੀ ਘੇਰਾਬੰਦੀ ਕਰ ਕੇ ਤਲਾਸ਼ੀ ਮੁਹਿੰਮ ਚਲਾਈ ਸੀ। ਉਨ੍ਹਾਂ ਕਿਹਾ ਕਿ ਰਾਹੁਲ ਭੱਟ ਅਤੇ ਅਮਰੀਨ ਭੱਟ ਸਮੇਤ ਹੋਰ ਨਾਗਰਿਕਾਂ ਦੀ ਹੱਤਿਆ ਵਿੱਚ ਸ਼ਾਮਲ ਰਹੇ ਲਤੀਫ਼ ਰਾਠੇਰ ਸਮੇਤ ਲਸ਼ਕਰ ਦੇ ਤਿੰਨ ਅਤਿਵਾਦੀਆਂ ਨੂੰ ਘੇਰਾ ਪਾਇਆ ਗਿਆ ਸੀ। -ਪੀਟੀਆਈ
ਪੁਲਵਾਮਾ ’ਚੋਂ 30 ਕਿਲੋ ਆਈਈਡੀ ਬਰਾਮਦ
ਸ੍ਰੀਨਗਰ: ਦੇਸ਼ ਦੇ 75ਵੇਂ ਆਜ਼ਾਦੀ ਦਿਹਾੜੇ ਤੋਂ ਕੁਝ ਦਿਨ ਪਹਿਲਾਂ ਸੁਰੱਖਿਆ ਬਲਾਂ ਨੇ ਅੱਜ ਜੰਮੂ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ’ਚੋਂ 30 ਕਿਲੋ ਆਈਈਡੀ ਬਰਾਮਦ ਕਰਕੇ ਵੱਡੀ ਸਾਜਿਸ਼ ਨਾਕਾਮ ਕਰ ਦਿੱਤੀ ਹੈ। ਕਸ਼ਮੀਰ ਦੇ ਏਡੀਜੀਪੀ ਵਿਜੈ ਕੁਮਾਰ ਨੇ ਟਵੀਟ ਕਰਕੇ ਦੱਸਿਆ, ‘‘ਪੁਲਵਾਮਾ ਵਿੱਚ ਸਰਕੁਲਰ ਰੋਡ ’ਤੇ ਤਹਾਬ ਕਰਾਸਿੰਗ ਨੇੜੇ ਪੁਲੀਸ ਅਤੇ ਸੁਰੱਖਿਆ ਬਲਾਂ ਵੱਲੋਂ ਲਗਪਗ 25-30 ਕਿਲੋ ਆਈਈਡੀ ਬਰਾਮਦ ਕੀਤੀ ਗਈ ਹੈ। ਪੁਲਵਾਮਾ ਪੁਲੀਸ ਵੱਲੋਂ ਦਿੱਤੀ ਗਈ ਸੂਚਨਾ ਦੇ ਆਧਾਰ ’ਤੇ ਤੁਰੰਤ ਕਾਰਵਾਈ ਕੀਤੀ ਗਈ, ਜਿਸ ਦੀ ਬਦੌਲਤ ਵੱਡੀ ਘਟਨਾ ਤੋਂ ਬਚਾਅ ਹੋ ਗਿਆ। -ਪੀਟੀਆਈ