DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

BRICS: ਪੱਛਮੀ ਏਸ਼ੀਆ ਵਿਵਾਦ ਤੇ ਅਤਿਵਾਦ ਬਾਰੇ ਨਵੀਂ ਦਿੱਲੀ ਐਲਾਨਨਾਮੇ ’ਤੇ ਮੋਹਰ

ਪੱਛਮੀ ਏਸ਼ੀਆ ਸੰਕਟ ਲੲੀ ਅਮਰੀਕਾ ਦਾ ਸਿੱਧੇ ਤੌਰ ’ਤੇ ਨਾ ਕੀਤਾ ਜ਼ਿਕਰ

  • fb
  • twitter
  • whatsapp
  • whatsapp
featured-img featured-img
(ਖੱਬੇ ਤੋਂ ਸੱਜੇ) ਇਰਾਨ ਦੇ ਰਾਸ਼ਟਰਪਤੀ ਮਸੂਦ ਪੇਜ਼ੇਸ਼ਕੀਅਨ, ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ, ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਅਤੇ ਬਰਿਕਸ ਮੈਂਬਰ ਤੇ ਹੋਰ ਮੁਲਕਾਂ ਦੇ ਆਗੂ ‘ਇਨੋਵੇਟਿਵ ਇੰਡੀਆ’ ਪ੍ਰਦਰਸ਼ਨੀ ਦੇਖਣ ਜਾਂਦੇ ਹੋਏ। -ਫੋਟੋ: ਏਪੀ
Advertisement

ਪੱਛਮੀ ਏਸ਼ੀਆ ਸੰਕਟ ਬਾਰੇ ਸੰਯੁਕਤ ਅਰਬ ਅਮੀਰਾਤ (ਯੂ ਏ ਈ) ਅਤੇ ਇਰਾਨ ਵਿਚਾਲੇ ਤਿੱਖੇ ਮਤਭੇਦਾਂ ਦੇ ਬਾਵਜੂਦ ਭਾਰਤ ਨੂੰ ਕੂਟਨੀਤਕ ਪੱਧਰ ’ਤੇ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਬਰਿਕਸ ਮੁਲਕਾਂ ਨੇ ਸ਼ਨਿਚਰਵਾਰ ਨੂੰ ਸਰਬਸੰਮਤੀ ਨਾਲ ਸਾਂਝੇ ਐਲਾਨਨਾਮੇ ’ਤੇ ਮੋਹਰ ਲਾ ਦਿੱਤੀ। ਉਂਜ ਐਲਾਨਨਾਮੇ ’ਚੋਂ ਇਰਾਨ ’ਤੇ ਹਮਲਿਆਂ ਲਈ ਅਮਰੀਕਾ ਦੇ ਸਿੱਧੇ ਜ਼ਿਕਰ ਨੂੰ ਹਟਾ ਦਿੱਤਾ ਗਿਆ ਹੈ। ਐਲਾਨਨਾਮੇ ’ਚ ਇਕਤਰਫ਼ਾ ਟੈਰਿਫਾਂ ਅਤੇ ਪਾਬੰਦੀਆਂ ਦੀ ਵੀ ਆਲੋਚਨਾ ਕੀਤੀ ਗਈ ਹੈ। ਇਸ ਦੇ ਨਾਲ ਪਹਿਲਗਾਮ ਦਹਿਸ਼ਤੀ ਹਮਲੇ ਦੀ ਸਖ਼ਤ ਸ਼ਬਦਾਂ ’ਚ ਨਿੰਦਾ ਕਰਦਿਆਂ ਸਰਹੱਦ ਪਾਰ ਅਤਿਵਾਦ, ਉਨ੍ਹਾਂ ਦੀ ਫੰਡਿੰਗ ਅਤੇ ਸੁਰੱਖਿਅਤ ਪਨਾਹਗਾਹਾਂ ਸਮੇਤ ਹਰ ਤਰ੍ਹਾਂ ਦੇ ਅਤਿਵਾਦ ਨਾਲ ਰਲ ਕੇ ਸਿੱਝਣ ਦਾ ਵੀ ਅਹਿਦ ਲਿਆ ਗਿਆ। ਬਰਿਕਸ ਆਗੂਆਂ ਨੇ ਐਲਾਨਨਾਮੇ ਤਹਿਤ ਅਨਾਜ ਵਪਾਰ ਪਲੈਟਫਾਰਮ ਅਤੇ ਚਾਰ ਕਿਸਾਨ ਕੇਂਦਰਿਤ ਪਹਿਲਕਦਮੀਆਂ ਐਗਰਿਨ, ਬੀਜ ਪ੍ਰਣਾਲੀਆਂ, ਕੁਦਰਤੀ ਤੇ ਟਿਕਾਊ ਖੇਤੀ ਨੂੰ ਹੱਲਾਸ਼ੇਰੀ ਅਤੇ ਡਿਜੀਟਲ ਖੇਤੀ ਨੈੱਟਵਰਕ ਨੂੰ ਵੀ ਪ੍ਰਵਾਨਗੀ ਦਿੱਤੀ ਹੈ।

ਬਰਿਕਸ ਮੁਲਕਾਂ ਦੇ ਆਗੂ ਸੰਘਰਸ਼ਾਂ ਦੇ ਖ਼ਾਤਮੇ ਲਈ ਭਾਰਤ ਦੇ ਵਾਰਤਾ ਅਤੇ ਕੂਟਨੀਤੀ ਰਾਹੀਂ ਹੱਲ ਕੱਢਣ ਦੇ ਸਟੈਂਡ ਨਾਲ ਹਾਮੀ ਭਰਦੇ ਦਿਖਾਈ ਦਿੱਤੇ। ਉਨ੍ਹਾਂ ਕੌਮਾਂਤਰੀ ਕਾਨੂੰਨ ਤਹਿਤ ਆਲਮੀ ਵਪਾਰ, ਸਪਲਾਈ ਚੇਨਾਂ, ਖਣਿਜਾਂ ਅਤੇ ਊਰਜਾ ਦੇ ਸੁਚਾਰੂ ਪ੍ਰਵਾਹ ਲਈ ਰਲ ਕੇ ਕੰਮ ਕਰਨ ਦੀ ਲੋੜ ’ਤੇ ਵੀ ਜ਼ੋਰ ਦਿੱਤਾ। ਦੋ ਦਿਨਾ ਸਿਖਰ ਸੰਮੇਲਨ ਦੇ ਪਹਿਲੇ ਹੀ ਦਿਨ ਬਰਿਕਸ ਐਲਾਨਨਾਮਾ ਅਪਣਾਏ ਜਾਣ ਨੂੰ ਭਾਰਤੀ ਕੂਟਨੀਤੀ ਲਈ ਵੱਡੀ ਜਿੱਤ ਵਜੋਂ ਦੇਖਿਆ ਜਾ ਰਿਹਾ ਹੈ। ਸ਼ੁਰੂ ’ਚ ਐਲਾਨਨਾਮੇ ਦੇ ਖਰੜੇ ’ਤੇ ਇਰਾਨ ਅਤੇ ਯੂ ਏ ਈ ਨੇ ਇਤਰਾਜ਼ ਜਤਾਇਆ ਸੀ। ਬਰਿਕਸ ਸਰਬਸੰਮਤੀ ਬਣਾ ਕੇ ਚੱਲਣ ਵਾਲਾ ਗਰੁੱਪ ਹੈ ਜਿਸ ਦਾ ਅਰਥ ਹੈ ਕਿ ਕੋਈ ਵੀ ਇੱਕ ਮੈਂਬਰ ਅੰਤਿਮ ਸਾਂਝੇ ਐਲਾਨਨਾਮੇ ਨੂੰ ਬਲਾਕ ਕਰ ਸਕਦਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਰਿਕਸ ਸੰਮੇਲਨ ਦੇ ਪਹਿਲੇ ਦਿਨ ਦੀ ਮੀਟਿੰਗ ਤੋਂ ਬਾਅਦ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ, ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ, ਇਰਾਨੀ ਰਾਸ਼ਟਰਪਤੀ ਮਸੂਦ ਪੇਜ਼ੇਸ਼ਕੀਅਨ, ਅਬੂ ਧਾਬੀ ਦੇ ਸ਼ਹਿਜ਼ਾਦੇ ਮੁਹੰਮਦ ਬਿਨ ਜ਼ਾਯੇਦ ਅਲ ਨਾਹਯਾਨ ਅਤੇ ਹੋਰ ਸਿਖਰਲੇ ਆਗੂਆਂ ਦੀ ਹਾਜ਼ਰੀ ’ਚ ਐਲਾਨਨਾਮਾ ਅਪਣਾਏ ਜਾਣ ਦਾ ਐਲਾਨ ਕੀਤਾ। ਐਲਾਨਨਾਮੇ ’ਚ ਪੱਛਮੀ ਏਸ਼ੀਆ ’ਚ ਲਗਾਤਾਰ ਵਧ ਰਹੇ ਤਣਾਅ ’ਤੇ ਡੂੰਘੀ ਚਿੰਤਾ ਜ਼ਾਹਰ ਕਰਦਿਆਂ ਵੱਧ ਤੋਂ ਵੱਧ ਸੰਜਮ ਵਰਤਣ ਅਤੇ ਕਾਰਵਾਈ ਤੋਂ ਗੁਰੇਜ਼ ਕਰਨ ਦਾ ਸੱਦਾ ਦਿੱਤਾ ਗਿਆ। ਇਸ ’ਚ ਕਿਹਾ ਗਿਆ ਕਿ ਵਾਰਤਾ ਅਤੇ ਕੂਟਨੀਤੀ ਰਾਹੀਂ ਖ਼ਿੱਤੇ ’ਚ ਪੱਕੀ ਸ਼ਾਂਤੀ, ਸੁਰੱਖਿਆ ਅਤੇ ਸਥਿਰਤਾ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਣ। ਗਰੁੱਪ ਨੇ ਗਾਜ਼ਾ ’ਚ ਗੋਲੀਬੰਦੀ ਦੇ ਸਮਝੌਤੇ ਦੇ ਬਾਵਜੂਦ ਜਾਰੀ ਹਿੰਸਾ ’ਤੇ ਵੀ ਡੂੰਘੀ ਚਿੰਤਾ ਜਤਾਉਂਦਿਆਂ ਫ਼ਲਸਤੀਨੀਆਂ ਦੇ ਜਬਰੀ ਉਜਾੜੇ ਨਾਲ ਸਬੰਧਤ ਨੀਤੀਆਂ ਰੋਕਣ ਦਾ ਸੱਦਾ ਦਿੱਤਾ। ਪਿਛਲੇ ਸਾਲ ਹੋਏ ਪਹਿਲਗਾਮ ਦਹਿਸ਼ਤੀ ਹਮਲੇ ਦੀ ਨਿਖੇਧੀ ਕਰਦਿਆਂ ਬਰਿਕਸ ਐਲਾਨਨਾਮੇ ’ਚ ਕਿਹਾ ਗਿਆ ਕਿ ਅਤਿਵਾਦ ਨੂੰ ਕਿਸੇ ਧਰਮ, ਕੌਮ, ਸੱਭਿਅਤਾ ਜਾਂ ਹੋਰ ਜਾਤੀਗਤ ਗੁੱਟ ਨਾਲ ਨਹੀਂ ਜੋੜਿਆ ਜਾਣਾ ਚਾਹੀਦਾ। ਇਸ ’ਚ ਕਿਹਾ ਗਿਆ ਕਿ ਦਹਿਸ਼ਤੀ ਗਤੀਵਿਧੀਆਂ ’ਚ ਸ਼ਾਮਲ ਅਤੇ ਉਨ੍ਹਾਂ ਦੀ ਹਮਾਇਤ ਕਰਨ ਵਾਲਿਆਂ ਨੂੰ ਵੀ ਜਵਾਬਦੇਹ ਠਹਿਰਾ ਕੇ ਕੌਮੀ ਤੇ ਕੌਮਾਂਤਰੀ ਕਾਨੂੰਨ ਦੇ ਕਟਹਿਰੇ ’ਚ ਖੜ੍ਹਾ ਕੀਤਾ ਜਾਵੇ। ਐਲਾਨਨਾਮੇ ’ਚ ਅਤਿਵਾਦ ਨੂੰ ਬਰਦਾਸ਼ਤ ਨਾ ਕਰਨ ਅਤੇ ਉਸ ਨਾਲ ਸਿੱਝਣ ਵੇਲੇ ਦੋਹਰੇ ਮਾਪਦੰਡ ਅਪਣਾਏ ਜਾਣ ਨੂੰ ਨਕਾਰਨ ਦੀ ਵੀ ਅਪੀਲ ਕੀਤੀ ਗਈ ਹੈ। ਗਰੁੱਪ ਨੇ ਵਿਸ਼ਵ ਵਪਾਰ ਸੰਗਠਨ (ਡਬਲਿਊ ਟੀ ਓ) ਦੇ ਨਿਯਮਾਂ ਦੇ ਉਲਟ ਵਪਾਰ ਨਾਲ ਜੁੜੀਆਂ ਪਾਬੰਦੀਸ਼ੁਦਾ ਕਾਰਵਾਈਆਂ ਦੇ ਪਾਸਾਰ ਦੀ ਆੜ ਹੇਠ ‘ਸੁਰੱਖਿਆਵਾਦ’ ਦੀ ਵੀ ਆਲੋਚਨਾ ਕੀਤੀ। ਉਨ੍ਹਾਂ ਕਿਹਾ ਕਿ ਗਰੁੱਪ ਇਕਤਰਫ਼ਾ ਟੈਰਿਫ ਅਤੇ ਗ਼ੈਰ-ਟੈਰਿਫ ਉਪਾਵਾਂ ’ਚ ਵਾਧੇ ਬਾਰੇ ਗੰਭੀਰ ਚਿੰਤਾ ਪ੍ਰਗਟ ਕਰਦਾ ਹੈ ਜੋ ਵਪਾਰ ਨੂੰ ਵਿਗਾੜਦੇ ਹਨ ਅਤੇ ਡਬਲਿਊ ਟੀ ਓ ਦੇ ਨਿਯਮਾਂ ਦੇ ਉਲਟ ਹਨ। ਆਗੂਆਂ ਨੇ ਬਰਿਕਸ ਮੁਲਕਾਂ ਵਿਚਾਲੇ ਸਰਹੱਦ ਪਾਰ ਭੁਗਤਾਨਾਂ ਨੂੰ ਵਧੇਰੇ ਤੇਜ਼, ਸਸਤਾ, ਪਾਰਦਰਸ਼ੀ ਅਤੇ ਸੁਰੱਖਿਅਤ ਬਣਾਉਣ ਲਈ ਵਿਹਾਰਕ ਉਪਾਅ ਕਰਨ ਦਾ ਸੱਦਾ ਦਿੱਤਾ। ਐਲਾਨਨਾਮੇ ’ਚ ਮੈਂਬਰਾਂ ਨੇ ਗੁਜਰਾਤ ਦੇ ਗਿਫਟ ਸਿਟੀ ਇੰਟਰਨੈਸ਼ਨਲ ਫਾਇਨਾਂਸ਼ੀਅਲ ਸਰਵਿਸਿਜ਼ ਸੈਂਟਰ ’ਚ ‘ਬਰਿਕਸ ਰਿਸਕ ਲੈਬ’ ਦੀ ਸਥਾਪਨਾ ਦੀ ਭਾਰਤ ਦੀ ਤਜਵੀਜ਼ ’ਤੇ ਚਰਚਾ ਨੂੰ ਅੱਗੇ ਵਧਾਉਣ ’ਚ ਦਿਲਚਸਪੀ ਦਿਖਾਈ। ਆਗੂਆਂ ਨੇ ਅਸਰਦਾਰ ਸਰਹੱਦ ਪਾਰ ਭੁਗਤਾਨ ਤੰਤਰ ਲਈ ਵਿਹਾਰਕ ਹੱਲ ਲੱਭਣ ਦੀ ਦਿਸ਼ਾ ’ਚ ਬਰਿਕਸ ਪੇਅਮੈਂਟ ਟਾਸਕ ਫੋਰਸ ਦੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ ਜੋ ਬਰਿਕਸ ਸਰਹੱਦ ਪਾਰ ਭੁਗਤਾਨ ਪਹਿਲ ’ਤੇ ਕਜ਼ਾਨ ਅਤੇ ਰੀਓ ਐਲਾਨਨਾਮਿਆਂ ’ਚ ਦਿੱਤੇ ਗਏ ਮਾਰਗਦਰਸ਼ਨ ਉਪਰ ਆਧਾਰਿਤ ਹੈ। ਇਸ ਦੌਰਾਨ ਭਾਰਤ ਨੇ ਮੈਂਬਰ ਮੁਲਕਾਂ ’ਚ ਗਿਆਨ ਦੇ ਆਦਾਨ-ਪ੍ਰਦਾਨ ਅਤੇ ਡਿਜੀਟਲ ਤਬਦੀਲੀ ਨੂੰ ਉਤਸ਼ਾਹਿਤ ਕਰਨ ਲਈ ਡਿਜੀਟਲ ਪਬਲਿਕ ਇੰਫਰਾਸਟ੍ਰਕਚਰ ਰਿਪੋਜ਼ਟਰੀਆਂ ਸਥਾਪਤ ਕਰਨ ਦਾ ਪ੍ਰਸਤਾਵ ਰੱਖਿਆ।

Advertisement

ਪੂਤਿਨ ਅਤੇ ਸ਼ੀ ਦੀ ਸੁਰੱਖਿਆ ਲਈ ਚਾਰ ਪਰਤੀ ਘੇਰਾਬੰਦੀ

ਨਵੀਂ ਦਿੱਲੀ (ਮਨੀਕਾਂਤ ਮਿਸ਼ਰਾ): ਬਰਿਕਸ ਸਿਖਰ ਸੰਮੇਲਨ ਲਈ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਸਮੇਤ ਹੋਰ ਮੁਲਕਾਂ ਦੇ ਕਈ ਆਗੂ ਨਵੀਂ ਦਿੱਲੀ ’ਚ ਹੋਣ ਕਾਰਨ ਕੌਮੀ ਰਾਜਧਾਨੀ ਦੀ ਮਜ਼ਬੂਤ ਕਿਲੇਬੰਦੀ ਕੀਤੀ ਗਈ ਹੈ। ਪੂਤਿਨ ਅਤੇ ਸ਼ੀ ਦੀ ਸੁਰੱਖਿਆ ਲਈ ਚਾਰ ਪਰਤੀ ਸੁਰੱਖਿਆ ਘੇਰਾ, ਡਰੋਨ ਵਿਰੋਧੀ ਪ੍ਰਣਾਲੀਆਂ, ਏ ਆਈ ਨਿਗਰਾਨੀ ਅਤੇ ਕਰੀਬ 30 ਹਜ਼ਾਰ ਜਵਾਨ ਤਾਇਨਾਤ ਕੀਤੇ ਗਏ ਹਨ। ਰੂਸੀ ਸੁਰੱਖਿਆ ਕਰਮੀ ਵੀ ਦਿੱਲੀ ਪੁਲੀਸ, ਕੌਮੀ ਸੁਰੱਖਿਆ ਗਾਰਡ ਅਤੇ ਕੇਂਦਰੀ ਹਥਿਆਰਬੰਦ ਪੁਲੀਸ ਬਲਾਂ ਨਾਲ ਮਿਲ ਕੇ ਸੁਰੱਖਿਆ ’ਤੇ ਨਜ਼ਰ ਰੱਖ ਰਹੇ ਹਨ। ਪੂਤਿਨ ਨਾਲ ਕਰੀਬ 25-30 ਰੂਸੀ ਕਮਾਂਡੋ ਹਰ ਸਮੇਂ ਤਾਇਨਾਤ ਹਨ। ਪੂਤਿਨ ਦੀ ਆਮਦ ਤੋਂ ਪਹਿਲਾਂ ਹਰ ਥਾਂ ਦੀ ਪੂਰੀ ਚੈਕਿੰਗ ਕੀਤੀ ਜਾਂਦੀ ਹੈ। ਪੂਤਿਨ ਦੇ ਵਫ਼ਦ ’ਚ ਉਨ੍ਹਾਂ ਦੇ ਨਿੱਜੀ ਖਾਨਸਾਮੇ ਅਤੇ ਭੋਜਨ ਚੈੱਕ ਕਰਨ ਦੀਆਂ ਪ੍ਰਯੋਗਸ਼ਾਲਾਵਾਂ ਵੀ ਸ਼ਾਮਲ ਹਨ। ਇਸੇ ਤਰ੍ਹਾਂ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੂੰ ਵੱਖਰੇ ਤੌਰ ’ਤੇ ਸੁਰੱਖਿਆ ਮੁਹੱਈਆ ਕਰਵਾਈ ਗਈ ਹੈ। ਉਨ੍ਹਾਂ ਦੇ ਅੱਜ ਦਿੱਲੀ ਪੁੱਜਣ ਮਗਰੋਂ ਤਾਜ ਪੈਲੇਸ ’ਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਚੀਨੀ ਟੀਮਾਂ ਨੇ ਆਪਣੇ ਨਾਲ ਵਿਸ਼ੇਸ਼ ਸਾਜ਼ੋ-ਸਾਮਾਨ ਲਿਆਂਦਾ ਹੈ ਅਤੇ ਉਨ੍ਹਾਂ ਦੀ ਹਰ ਥਾਂ ’ਤੇ ਪਹੁੰਚ ਹੈ।

Advertisement

ਔਰਤ ਨੂੰ ਸੰਯੁਕਤ ਰਾਸ਼ਟਰ ਜਨਰਲ ਸਕੱਤਰ ਬਣਾਉਣ ਦੀ ਹਮਾਇਤ

ਨਵੀਂ ਦਿੱਲੀ: ਬਰਿਕਸ ਨੇ ਸੰਯੁਕਤ ਰਾਸ਼ਟਰ ਸਕੱਤਰ ਜਨਰਲ ਦੇ ਅਹੁਦੇ ’ਤੇ ਕਿਸੇ ਔਰਤ ਨੂੰ ਨਿਯੁਕਤ ਕਰਨ ਦੀ ਹਮਾਇਤ ਕਰਦਿਆਂ ਇਸ ਆਲਮੀ ਸੰਸਥਾ ’ਚ ਵੱਡੇ ਪੱਧਰ ’ਤੇ ਸੁਧਾਰਾਂ ਦੀ ਵਕਾਲਤ ਕੀਤੀ। ਦੋ ਰੋਜ਼ਾ ਬਰਿਕਸ ਸੰਮੇਲਨ ’ਚ ਅਪਨਾਏ ਗਏ ‘ਨਵੀਂ ਦਿੱਲੀ ਐਲਾਨਨਾਮੇ’ ’ਚ ਇਸ ਗੱਲ ਦਾ ਵੀ ਜ਼ਿਕਰ ਕੀਤਾ ਗਿਆ ਹੈ ਕਿ ‘ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਦੇ ਅਹੁਦੇ ਲਈ ਕਦੀ ਵੀ ਕਿਸੇ ਔਰਤ ਦੀ ਚੋਣ ਨਹੀਂ ਹੋਈ ਅਤੇ ਲਾਤਿਨੀ ਅਮਰੀਕਾ ਅਤੇ ਕੈਰੇਬੀਅਨ ਤੋਂ ਸਿਰਫ਼ ਇੱਕ ਨਾਗਰਿਕ ਅਤੇ ਅਫਰੀਕਾ ਤੇ ਏਸ਼ੀਆ ਤੋਂ ਦੋ-ਦੋ ਨਾਗਰਿਕਾਂ ਨੇ ਹੀ ਇਹ ਅਹੁਦਾ ਸੰਭਾਲਿਆ ਹੈ।’ -ਪੀਟੀਆਈ

ਐਲਾਨਨਾਮੇ ਵਿੱਚ ਡਾਲਰ ਦੇ ਬਦਲ ਵਜੋਂ ਸਾਂਝੀ ਕਰੰਸੀ ਬਾਰੇ ਖ਼ਾਮੋਸ਼ੀ

ਨਵੀਂ ਦਿੱਲੀ: ਬਰਿਕਸ ਸੰਮੇਲਨ ਦੌਰਾਨ ਅਪਣਾਏ ਗਏ ਐਲਾਨਨਾਮੇ ’ਚ ਡਾਲਰ ਦੇ ਬਦਲ ਵਜੋਂ ਕਿਸੇ ਸਾਂਝੀ ਕਰੰਸੀ ਜਾਂ ਮੁਕੰਮਲ ਖ਼ਾਤਮੇ ਦੀ ਬਜਾਏ ਸਥਾਨਕ ਮੁਦਰਾਵਾਂ ’ਚ ਲੈਣ-ਦੇਣ ਅਤੇ ਭੁਗਤਾਨ ਪ੍ਰਣਾਲੀਆਂ ਨੂੰ ਆਪਸ ’ਚ ਜੋੜਨ ’ਤੇ ਜ਼ੋਰ ਦਿੱਤਾ ਗਿਆ ਹੈ। ਇਸ ਦੇ ਉਲਟ ਬਰਿਕਸ ਬਿਜ਼ਨਸ ਫੋਰਮ ਦੀ ਮੀਟਿੰਗ ਦੌਰਾਨ ਇਰਾਨੀ ਰਾਸ਼ਟਰਪਤੀ ਮਸੂਦ ਪੇਜ਼ੇਸ਼ਕੀਅਨ ਅਤੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਡਾਲਰ ’ਤੇ ਨਿਰਭਰਤਾ ਘਟਾਉਣ ਉਪਰ ਉਚੇਚੇ ਤੌਰ ’ਤੇ ਜ਼ੋਰ ਦਿੱਤਾ। ਇਰਾਨ ਅਤੇ ਰੂਸ, ਜੋ ਪੱਛਮੀ ਮੁਲਕਾਂ ਦੀਆਂ ਪਾਬੰਦੀਆਂ ਦਾ ਸਾਹਮਣਾ ਕਰ ਰਹੇ ਹਨ, ਲਈ ਇਹ ਮੁੱਦਾ ਬੇਹੱਦ ਅਹਿਮ ਹੈ। -ਪੀਟੀਆਈ

Advertisement
×