ਬਾਰਾਮਤੀ ’ਚ ਸ਼ੱਕੀ ਹਾਲਾਤ ’ਚ ਮਿਲੀ ਵਿਧਾਇਕ Rohit Pawar ਦੇ PA ਦੀ ਧੀ ਦੀ ਦੇਹ
ਘਰ ਤੋਂ ਨਾਰਾਜ਼ ਹੋ ਕੇ ਨਿਕਲੀ ਸੀ 12 ਸਾਲਾਂ ਬੱਚੀ; ਪੁਲੀਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ
ਮਹਾਰਾਸ਼ਟਰ ਦੇ ਪੁਣੇ ਜ਼ਿਲ੍ਹੇ ਦੇ ਬਾਰਾਮਤੀ ’ਚ ਐਨ.ਸੀ.ਪੀ. (ਸ਼ਰਦ ਪਵਾਰ ਗੁੱਟ) ਦੇ ਵਿਧਾਇਕ ਰੋਹਿਤ ਪਵਾਰ ਦੇ ਨਿੱਜੀ ਸਹਾਇਕ (ਪੀ.ਏ.) ਅਜਿਤ ਦਸ਼ਾਵਤਾਰੇ ਦੀ 12 ਸਾਲਾ ਧੀ ਦੀ ਸ਼ੱਕੀ ਹਾਲਾਤ ’ਚ ਮ੍ਰਿਤਕ ਦੇਹ ਮਿਲਣ ਨਾਲ ਇਲਾਕੇ ’ਚ ਸਨਸਨੀ ਫੈਲ ਗਈ ਹੈ। ਪੁਲੀਸ ਅਧਿਕਾਰੀਆਂ ਅਨੁਸਾਰ ਘਟਨਾ ਦੀ ਸੂਚਨਾ ਮਿਲਦਿਆਂ ਹੀ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਸੂਤਰਾਂ ਮੁਤਾਬਕ, ਸ਼ਨੀਵਾਰ ਨੂੰ ਕਿਸੇ ਗੱਲ ਨੂੰ ਲੈ ਕੇ ਬੱਚੀ ਦੀ ਆਪਣੀ ਮਾਂ ਨਾਲ ਮਾਮੂਲੀ ਬਹਿਸ ਹੋਈ ਸੀ, ਜਿਸ ਤੋਂ ਬਾਅਦ ਉਹ ਨਾਰਾਜ਼ ਹੋ ਕੇ ਘਰੋਂ ਚਲੀ ਗਈ। ਕਾਫੀ ਦੇਰ ਤੱਕ ਵਾਪਸ ਨਾ ਪਰਤਣ ’ਤੇ ਪਰਿਵਾਰ ਨੇ ਪੁਲੀਸ ਕੋਲ ਗੁੰਮਸ਼ੁਦਗੀ ਦੀ ਸ਼ਿਕਾਇਤ ਦਰਜ ਕਰਵਾਈ ਸੀ। ਐਤਵਾਰ ਸਵੇਰੇ ਬਾਰਾਮਤੀ ਤਹਿਸੀਲ ਦੇ ਰੂਈ ਪਿੰਡ ਦੀ ਸਾਈਂਨਗਰ ਬਸਤੀ ’ਚ ਉਸ ਦੇ ਘਰ ਦੇ ਨੇੜਿਓਂ ਹੀ ਬੱਚੀ ਦੀ ਦੇਹ ਬਰਾਮਦ ਹੋਈ। ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਮ੍ਰਿਤਕ ਦੇਹ ਨੂੰ ਪੋਸਟਮਾਰਟਮ ਲਈ ਬਾਰਾਮਤੀ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ ਭੇਜ ਦਿੱਤਾ ਹੈ। ਸੀਨੀਅਰ ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਮੌਤ ਦੇ ਅਸਲ ਕਾਰਨਾਂ ਦਾ ਪਤਾ ਲਗਾਉਣ ਲਈ ਹਰ ਸੰਭਵ ਪਹਿਲੂ ਤੋਂ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।

