BJP ਦਾ ਵਿਦੇਸ਼ੀ ਮਹਿਮਾਨਾਂ 'ਤੇ ਖਾਣ-ਪੀਣ ਦੀ ਆਪਣੀ ਪਸੰਦ ਥੋਪਣਾ 'ਗੰਭੀਰ ਸਮੱਸਿਆ': ਕਾਂਗਰਸ
80 ਫੀਸਦੀ ਭਾਰਤੀ ਮਾਸਾਹਾਰੀ: ਰਾਹੁਲ ਗਾਂਧੀ
ਕਾਂਗਰਸ ਨੇ ਬ੍ਰਿਕਸ ਸੰਮੇਲਨ ਦੇ ਰਾਤ ਦੇ ਖਾਣੇ ਵਿੱਚ ਪੂਰੀ ਤਰ੍ਹਾਂ ਸ਼ਾਕਾਹਾਰੀ ਭੋਜਨ ਪਰੋਸੇ ਜਾਣ ਦੇ ਇੱਕ ਦਿਨ ਬਾਅਦ ਐਤਵਾਰ ਨੂੰ ਕਿਹਾ ਕਿ ਭਾਰਤੀ ਜਨਤਾ ਪਾਰਟੀ ਹੁਣ ਦੁਨੀਆ ਭਰ ਤੋਂ ਆਏ ਮਹਿਮਾਨਾਂ ਉੱਤੇ ਖਾਣ-ਪੀਣ ਦੀ ਆਪਣੀ ਪਸੰਦ ਥੋਪ ਰਹੀ ਹੈ, ਜੋ "ਗੰਭੀਰ ਸਮੱਸਿਆ" ਹੈ।
ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਕਿਹਾ ਕਿ 80 ਫੀਸਦੀ ਭਾਰਤੀ ਮਾਸਾਹਾਰੀ ਹਨ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨਿੱਚਰਵਾਰ ਨੂੰ ਭਾਰਤ ਮੰਡਪਮ ਵਿਖੇ ਬ੍ਰਿਕਸ ਸੰਮੇਲਨ ਵਿੱਚ ਸ਼ਾਮਲ ਆਗੂਆਂ ਅਤੇ ਨੁਮਾਇੰਦਿਆਂ ਲਈ ਰਾਤ ਦੇ ਖਾਣੇ ਦਾ ਆਯੋਜਨ ਕੀਤਾ ਸੀ।
ਰਾਹੁਲ ਗਾਂਧੀ ਨੇ ਸੋਸ਼ਲ ਮੀਡੀਆ ਪਲੇਟਫਾਰਮਾਂ 'ਐਕਸ', ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਇੱਕ ਪੋਸਟ ਵਿੱਚ ਲਿਖਿਆ, "80 ਫੀਸਦੀ ਭਾਰਤੀ ਮਾਸਾਹਾਰੀ ਹਨ। ਭਾਰਤੀ ਮਾਸਾਹਾਰੀ ਭੋਜਨ ਸੁਆਦ ਹੁੰਦਾ ਹੈ, ਜਿਵੇਂ ਮੇਰੀ ਭੈਣ ਦੁਆਰਾ ਬਣਾਏ ਗਏ ਛੋਲੇ ਭਟੂਰੇ।" ਉਨ੍ਹਾਂ ਨੇ ਡਾਇਨਿੰਗ ਟੇਬਲ 'ਤੇ ਰੱਖੇ ਛੋਲੇ ਭਟੂਰੇ ਦੀ ਇੱਕ ਫੋਟੋ ਵੀ ਪੋਸਟ ਕੀਤੀ।
ਹਾਲਾਂਕਿ ਰਾਹੁਲ ਗਾਂਧੀ ਨੇ ਬ੍ਰਿਕਸ ਦੇ ਰਾਤ ਦੇ ਖਾਣੇ ਦਾ ਸਿੱਧਾ ਜ਼ਿਕਰ ਨਹੀਂ ਕੀਤਾ, ਪਰ ਪਾਰਟੀ ਦੇ ਮੀਡੀਆ ਅਤੇ ਪ੍ਰਚਾਰ ਵਿਭਾਗ ਦੇ ਮੁਖੀ ਪਵਨ ਖੇੜਾ ਨੇ ਮੀਨੂ (ਵਿਅੰਜਨ ਸੂਚੀ) ਦਾ 'ਸਕ੍ਰੀਨਸ਼ਾਟ' ਸਾਂਝਾ ਕਰਦੇ ਹੋਏ ਭਾਜਪਾ 'ਤੇ ਨਿਸ਼ਾਨਾ ਸੇਧਿਆ।
ਖੇੜਾ ਨੇ 'ਐਕਸ' ਉੱਤੇ ਲਿਖਿਆ, "ਖਾਣ-ਪੀਣ ਦੀ ਆਪਣੀ ਪਸੰਦ ਦੇਸ਼ ਦੇ ਲੋਕਾਂ ਉੱਤੇ ਥੋਪਣ ਦੀ ਭਾਜਪਾ ਦੀ ਆਦਤ ਪਹਿਲਾਂ ਤੋਂ ਹੀ ਬਹੁਤ ਸਮੱਸਿਆ ਵਾਲੀ ਹੈ। ਹੁਣ ਪਾਰਟੀ ਨੇ ਇੱਕ ਕਦਮ ਅੱਗੇ ਵਧਦਿਆਂ ਦੁਨੀਆ ਭਰ ਤੋਂ ਆਏ ਮਹਿਮਾਨਾਂ ਉੱਤੇ ਵੀ ਆਪਣੀ ਪਸੰਦ ਥੋਪ ਦਿੱਤੀ ਹੈ।"
ਉਨ੍ਹਾਂ ਨੇ ਕਿਹਾ ਕਿ ਭਾਰਤ ਇੱਕ ਅਮੀਰ ਅਤੇ ਵਿਭਿੰਨਤਾ ਵਾਲਾ ਦੇਸ਼ ਹੈ, ਜਿੱਥੇ ਵੱਖ-ਵੱਖ ਤਰ੍ਹਾਂ ਦਾ ਭੋਜਨ ਮਿਲਦਾ ਹੈ ਅਤੇ ਇੱਥੋਂ ਦੇ ਕੁਝ ਬਿਹਤਰੀਨ ਮਾਸਾਹਾਰੀ ਪਕਵਾਨਾਂ ਨੂੰ ਦੁਨੀਆ ਭਰ ਦੇ ਲੋਕ ਪਸੰਦ ਕਰਦੇ ਹਨ ਤੇ ਉਨ੍ਹਾਂ ਦਾ ਆਨੰਦ ਲੈਂਦੇ ਹਨ।
ਖੇੜਾ ਨੇ ਸਵਾਲ ਕੀਤਾ ਕਿ ਮੋਦੀ ਸਰਕਾਰ ਨੇ ਭਾਰਤ ਦੇ ਸੱਭਿਆਚਾਰ ਦੇ ਇਸ ਹਿੱਸੇ ਨੂੰ ਛੁਪਾਉਣ ਦਾ ਫੈਸਲਾ ਕਿਉਂ ਕੀਤਾ? ਕਾਂਗਰਸ ਨੇਤਾ ਨੇ ਪੁੱਛਿਆ, "ਕੀ ਉਸ ਨੂੰ ਉਸ ਵਿਭਿੰਨਤਾ ਉੱਤੇ ਸ਼ਰਮ ਆਉਂਦੀ ਹੈ, ਜੋ ਭਾਰਤ ਨੂੰ ਭਾਰਤ ਬਣਾਉਂਦੀ ਹੈ?"

