ਸੁਨੇਤਰਾ ਦੇ ਉਪ ਮੁੱਖ ਮੰਤਰੀ ਬਣਨ ਪਿੱਛੇ ਭਾਜਪਾ ਦਾ ਹੱਥ: ਸਾਮਨਾ
ਸ਼ਿਵ ਸੈਨਾ (ਯੂ ਬੀ ਟੀ) ਨੇ ਭਾਜਪਾ ਨੂੰ ‘ਮਾਸਟਰਮਾਈਂਡ’ ਦੱਸਿਆ
ਸ਼ਿਵ ਸੈਨਾ (ਯੂ ਬੀ ਟੀ) ਨੇ ਆਪਣੇ ਮੁੱਖ ਪੱਤਰ ‘ਸਾਮਨਾ’ ਵਿੱਚ ਦਾਅਵਾ ਕੀਤਾ ਹੈ ਕਿ ਅਜੀਤ ਪਵਾਰ ਦੀ ਮੌਤ ਤੋਂ ਕੁਝ ਦਿਨ ਬਾਅਦ ਹੀ ਉਨ੍ਹਾਂ ਦੀ ਪਤਨੀ ਸੁਨੇਤਰਾ ਪਵਾਰ ਨੂੰ ਮਹਾਰਾਸ਼ਟਰ ਦੀ ਪਹਿਲੀ ਮਹਿਲਾ ਉਪ ਮੁੱਖ ਮੰਤਰੀ ਬਣਾਉਣ ਪਿੱਛੇ ਭਾਜਪਾ ਲੀਡਰਸ਼ਿਪ ਦਾ ਹੱਥ ਹੈ। ‘ਸਾਮਨਾ’ ਦੀ ਸੰਪਾਦਕੀ ਵਿੱਚ ਦੋਸ਼ ਲਾਇਆ ਗਿਆ ਹੈ ਕਿ ਭਾਜਪਾ ਅਤੇ ਐੱਨ ਸੀ ਪੀ ਆਗੂ ਸੁਨੀਲ ਤਤਕਰੇ ਤੇ ਪ੍ਰਫੁੱਲ ਪਟੇਲ ਨਹੀਂ ਚਾਹੁੰਦੇ ਕਿ ਪਵਾਰ ਪਰਿਵਾਰ ਦੇ ਦੋਵੇਂ ਧੜੇ ਇਕੱਠੇ ਹੋਣ। ‘ਸਾਮਨਾ’ ਅਨੁਸਾਰ ਪਤੀ ਦੀਆਂ ਅੰਤਿਮ ਰਸਮਾਂ ਪੂਰੀਆਂ ਹੋਣ ਤੋਂ ਪਹਿਲਾਂ ਅਹੁਦੇ ਦੀ ਸਹੁੰ ਚੁੱਕਣਾ ਹਿੰਦੂ ਪਰੰਪਰਾਵਾਂ ਦੇ ਉਲਟ ਹੈ। ਐੱਨ ਸੀ ਪੀ ‘ਸਨਾਤਨੀ ਸੋਚ’ ਵਾਲੀ ਭਾਜਪਾ ਦੀ ਭਾਈਵਾਲ ਹੈ। ਸ਼ਿਵ ਸੈਨਾ (ਯੂ ਬੀ ਟੀ) ਮੁਤਾਬਕ ਸੁਨੇਤਰਾ ਪਵਾਰ ਦੇ ਸਹੁੰ ਚੁੱਕ ਸਮਾਗਮ ਬਾਰੇ ਸ਼ਰਦ ਪਵਾਰ, ਸੁਪ੍ਰਿਆ ਸੂਲੇ ਜਾਂ ਪਵਾਰ ਪਰਿਵਾਰ ਦੇ ਕਿਸੇ ਹੋਰ ਮੈਂਬਰ ਨੂੰ ਭਿਣਕ ਤੱਕ ਨਹੀਂ ਲੱਗਣ ਦਿੱਤੀ ਗਈ। ਅਖ਼ਬਾਰ ਨੇ ਦਾਅਵਾ ਕੀਤਾ ਕਿ ਅਜੀਤ ਪਵਾਰ ਦੀ ਮੌਤ ਮਗਰੋਂ ਪਾਰਟੀ ਅੰਦਰ ਸੱਤਾ ਦੀ ਦੌੜ ਸ਼ੁਰੂ ਹੋ ਗਈ ਸੀ ਅਤੇ ਪ੍ਰਫੁੱਲ ਪਟੇਲ ਨੂੰ ਰੋਕਣ ਲਈ ਸੁਨੇਤਰਾ ਨੂੰ ਅਹੁਦਾ ਦਿੱਤਾ ਗਿਆ ਹੈ। ਇਸ ਵਿੱਚ ਟਿੱਪਣੀ ਕੀਤੀ ਗਈ ਹੈ ਕਿ ਭਾਵੇਂ ਗੱਡੀ ਦਾ ਸਟੇਅਰਿੰਗ ਸੁਨੇਤਰਾ ਪਵਾਰ ਦੇ ਹੱਥ ਹੈ, ਪਰ ਇਸ ਦਾ ਇੰਜਣ ਤੇ ਕੰਟਰੋਲ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਕੋਲ ਹੈ।
ਸ਼ਿਵ ਸੈਨਾ (ਯੂ ਬੀ ਟੀ) ਨੇ ਭਵਿੱਖਬਾਣੀ ਕੀਤੀ ਹੈ ਕਿ ਭਾਜਪਾ 2029 ਦੀਆਂ ਚੋਣਾਂ ਇਕੱਲਿਆਂ ਲੜੇਗੀ ਅਤੇ ਸ਼ਿੰਦੇ ਧੜੇ ਤੇ ਐੱਨ ਸੀ ਪੀ ਦੇ ਕਈ ਵਿਧਾਇਕ ਭਾਜਪਾ ਵਿੱਚ ਸ਼ਾਮਲ ਹੋ ਜਾਣਗੇ।

