ਨਿਤੀਸ਼ ਤੇ ਤੇਜਸਵੀ ਦੀਆਂ ਨਜ਼ਦੀਕੀਆਂ ਤੋਂ ਭਾਜਪਾ ਨਾਖੁਸ਼ : The Tribune India

ਨਿਤੀਸ਼ ਤੇ ਤੇਜਸਵੀ ਦੀਆਂ ਨਜ਼ਦੀਕੀਆਂ ਤੋਂ ਭਾਜਪਾ ਨਾਖੁਸ਼

ਨਿਤੀਸ਼ ਤੇ ਤੇਜਸਵੀ ਦੀਆਂ ਨਜ਼ਦੀਕੀਆਂ ਤੋਂ ਭਾਜਪਾ ਨਾਖੁਸ਼

ਟ੍ਰਿਬਿਊਨ ਨਿਊਜ਼ ਸਰਵਿਸ

ਨਵੀਂ ਦਿੱਲੀ, 7 ਅਗਸਤ

ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਅੱਜ ਦਿੱਲੀ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਨੀਤੀ ਆਯੋਗ ਦੀ ਮੀਟਿੰਗ ’ਚੋਂ ਗੈਰਹਾਜ਼ਰ ਰਹੇ। ਨਿਤੀਸ਼ ਦੀ ਗ਼ੈਰਮੌਜੂਦਗੀ ਤੋਂ ਇਨ੍ਹਾਂ ਕਿਆਸਾਂ ਨੇ ਜ਼ੋਰ ਫੜ ਲਿਆ ਹੈ ਕਿ ਭਾਜਪਾ ਤੇ ਜਨਤਾ ਦਲ (ਯੂ) ਵਿੱਚ ਸਭ ਕੁਝ ਚੰਗਾ ਨਹੀਂ ਹੈ। ਭਾਜਪਾ ਨਿਤੀਸ਼ ਦੀ ਆਰਜੇਡੀ ਆਗੂ ਤੇਜਸਵੀ ਯਾਦਵ ਨਾਲ ਮੁਲਾਕਾਤ ਤੋਂ ਨਾਖੁਸ਼ ਹੈ। ਜੇਡੀਯੂ ਨਾਲ ਸਬੰਧਤ ਸਾਬਕਾ ਕੇਂਦਰੀ ਮੰਤਰੀ ਆਰ.ਸੀ.ਪੀ.ਸਿੰਘ ਵੱਲੋਂ ਦਿੱਤੇ ਅਸਤੀਫ਼ੇ ਤੋਂ ਇਕ ਦਿਨ ਮਗਰੋਂ ਭਾਜਪਾ ਦੇ ਬਿਹਾਰ ਵਿੱਚ ਭਾਈਵਾਲ ਨੇ ਸਪੱਸ਼ਟ ਕਰ ਦਿੱਤਾ ਸੀ ਕਿ ਉਹ ਕੇਂਦਰੀ ਵਜ਼ਾਰਤ ਵਿਚ ਸ਼ਾਮਲ ਨਹੀਂ ਹੋਵੇਗੀ। ਉਧਰ ਜੇਡੀਯੂ ਤੇ ਰਾਸ਼ਟਰੀ ਜਨਤਾ ਦਲ ਵਿੱਚ ਵਧਦੀਆਂ ਨਜ਼ਦੀਕੀਆਂ ਦਰਮਿਆਨ ਇਹ ਚੁੰਝ-ਚਰਚਾ ਸਿਖਰ ’ਤੇ ਹੈ ਕਿ ਬਿਹਾਰ ਵਿੱਚ ਜਲਦੀ ਵੱਡਾ ਸਿਆਸੀ ਫੇਰਬਦਲ ਵੇਖਣ ਨੂੰ ਮਿਲ ਸਕਦਾ ਹੈ। ਉਂਜ ਇਹ ਲਗਾਤਾਰ ਦੂਜੀ ਵਾਰ ਹੈ ਜਦੋਂ ਨਿਤੀਸ਼ ਕੁਮਾਰ ਨੇ ਕਿਸੇ ਪ੍ਰਮੁੱਖ ਸਰਕਾਰੀ ਸਮਾਗਮ ਤੋਂ ਦੂਰੀ ਬਣਾਈ ਹੈ। ਕੁਮਾਰ ਪਿਛਲੇ ਦਿਨੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸਾਬਕਾ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਲਈ ਰੱਖੇ ਰਾਤਰੀ ਭੋਜ ’ਚੋਂ ਵੀ ਗੈਰਹਾਜ਼ਰ ਰਹੇ ਸਨ।

ਜੇਡੀਯੂ ਪ੍ਰਧਾਨ ਰਾਜੀਵ ਰੰਜਨ ਸਿੰਘ ਉਰਫ਼ ਲੱਲਨ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਨੇ ਸਾਲ 2019 ਦੀਆਂ ਲੋਕ ਸਭਾ ਚੋਣਾਂ ਮਗਰੋਂ ਕੇਂਦਰ ਸਰਕਾਰ ਵਿੱਚ ਸ਼ਾਮਲ ਨਾ ਹੋਣ ਦਾ ਫੈਸਲਾ ਕੀਤਾ ਸੀ ਤੇ ਪਾਰਟੀ ਅੱਜ ਵੀ ਆਪਣੇ ਉਸ ਫੈਸਲੇ ’ਤੇ ਕਾਇਮ ਹੈ। ਉਨ੍ਹਾਂ ਕਿਹਾ, ‘‘ਜੇਡੀਯੂ ਨੂੰ ਕੇਂਦਰੀ ਵਜ਼ਾਰਤ ਵਿੱਚ ਸ਼ਾਮਲ ਹੋਣ ਦੀ ਕੀ ਲੋੜ ਹੈ? ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ 2019 ਵਿੱਚ ਹੀ ਇਸ ਬਾਰੇ ਸਪਸ਼ਟ ਕਰ ਦਿੱਤਾ ਸੀ।’’

ਜੇਡੀਯੂ ਨੂੰ ‘ਡੁੱਬਦਾ ਜਹਾਜ਼’ ਦੱਸਣ ਵਾਲੇ ਬਿਆਨ ਲਈ ਆਰਸੀਪੀ ਸਿੰਘ ਦੀ ਨਿਖੇਧੀ ਕਰਦਿਆਂ ਲੱਲਨ ਸਿੰਘ ਨੇ ਕਿਹਾ, ‘‘ਪਾਰਟੀ ਨੂੰ ਕੁਝ ਲੋਕ ਨੁਕਸਾਨ ਪਹੁੰਚਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ। ਨਿਤੀਸ਼ ਕੁਮਾਰ ਨੇ ਹੁਣ ਅਜਿਹੇ ਲੋਕਾਂ ਦੀ ਪਛਾਣ ਕਰਕੇ ਹੀ ਇਹ ਕਦਮ ਪੁੱਟਿਆ ਹੈ।’’

ਚੇਤੇੇ ਰਹੇ ਕਿ ਜੇਡੀਯੂ ਨੇ ਕਥਿਤ ਭ੍ਰਿਸ਼ਟਾਚਾਰ ਦੇ ਦੋਸ਼ਾਂ ਕਰਕੇ ਆਰਸੀਪੀ ਸਿੰਘ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਸੀ, ਜਿਸ ਮਗਰੋਂ ਸਿੰਘ ਨੇ ਪਾਰਟੀ ’ਚੋਂ ਅਸਤੀਫ਼ਾ ਦਿੰਦਿਆਂ ਆਪਣੇ ਸਿਆਸੀ ਗੁਰੂ ਨਿਤੀਸ਼ ਕੁਮਾਰ ਨੂੰ ਜਨਤਕ ਤੌਰ ’ਤੇ ਭੰਡਿਆ ਸੀ। ਲੱਲਨ ਸਿੰਘ ਨੇ ਜੇਡੀਯੂ ਤੇ ਭਾਜਪਾ ਵਿਚਾਲੇ ਸਭ ਕੁਝ ਠੀਕ ਹੋਣ ਦਾ ਦਾਅਵਾ ਕੀਤਾ ਹੈ, ਪਰ ਸੂਤਰਾਂ ਮੁਤਾਬਕ ਭਾਜਪਾ ਨਿਤੀਸ਼ ਕੁਮਾਰ ਦੀ ਆਰਜੇਡੀ ਮੁਖੀ ਤੇਜਸਵੀ ਯਾਦਵ ਨਾਲ ਮੁੁਲਾਕਾਤ ਤੋਂ ਨਾਖੁਸ਼ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਗੁਜਰਾਤ ਵਿਚ ਚੋਣ ਪਿੜ ਭਖਿਆ

ਗੁਜਰਾਤ ਵਿਚ ਚੋਣ ਪਿੜ ਭਖਿਆ

ਮੁਲਕ ਨਾਲ ਕਦਮ ਤਾਲ ਦਾ ਤਰੱਦਦ

ਮੁਲਕ ਨਾਲ ਕਦਮ ਤਾਲ ਦਾ ਤਰੱਦਦ

ਅਵੱਲੜੇ ਦਰਦ ਲਿਬਾਸ ਦੇ

ਅਵੱਲੜੇ ਦਰਦ ਲਿਬਾਸ ਦੇ

2024 ਦੀਆਂ ਚੋਣਾਂ ਲਈ ਭਾਜਪਾ ਦੀ ਰਣਨੀਤੀ

2024 ਦੀਆਂ ਚੋਣਾਂ ਲਈ ਭਾਜਪਾ ਦੀ ਰਣਨੀਤੀ

ਸ਼ਹਿਰ

View All