BJP ਯਾਦ ਰੱਖੇ ਨੌਜਵਾਨਾਂ ਦੀ ਆਵਾਜ਼ ਦਬਾਉਣ 'ਤੇ ਜਵਾਬ ਦੇਣਾ ਪਵੇਗਾ: Rahul Gandhi
ਰਾਹੁਲ ਨੇ ਬਿਹਾਰ ਸਰਕਾਰ ਅਤੇ ਭਾਜਪਾ ਨੂੰ ਨਿਸ਼ਾਨੇ 'ਤੇ ਲੈਂਦਿਆਂ ਕਿਹਾ; ਪੀੜਤ ਨੌਜਵਾਨਾਂ ਦੀ ਹਰ ਸੰਭਵ ਮਦਦ ਲਈ ਤਿਆਰ ਹਾਂ
ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਵੀਰਵਾਰ ਨੂੰ ਬਿਹਾਰ ਵਿੱਚ ਹਾਲੀਆ ਵਿਦਿਆਰਥੀ ਵਿਰੋਧ ਪ੍ਰਦਰਸ਼ਨਾਂ ਵਿੱਚ ਹਿੱਸਾ ਲੈਣ ਵਾਲੇ ਕੁਝ ਨੌਜਵਾਨਾਂ ਨਾਲ ਮੁਲਾਕਾਤ ਕੀਤੀ ਅਤੇ ਕਿਹਾ ਕਿ ਨੌਜਵਾਨਾਂ ਦੀ ਆਵਾਜ਼ ਨੂੰ ਦਬਾਉਣ ਵਾਲੀ ਹਰ ਸਰਕਾਰ ਨੂੰ ਇੱਕ ਦਿਨ ਜਨਤਾ ਨੂੰ ਜਵਾਬ ਦੇਣਾ ਪਵੇਗਾ ਅਤੇ ਉਹ ਦਿਨ ਦੂਰ ਨਹੀਂ ਹੈ।
ਰਾਹੁਲ ਗਾਂਧੀ ਨੇ ਇਨ੍ਹਾਂ ਨੌਜਵਾਨਾਂ ਨਾਲ ਮੁਲਾਕਾਤ ਦੀ ਤਸਵੀਰ 'ਐਕਸ' 'ਤੇ ਸਾਂਝੀ ਕੀਤੀ।
ਉਨ੍ਹਾਂ ਕਿਹਾ, ''ਭਾਜਪਾ ਨੂੰ ਯਾਦ ਰੱਖਣਾ ਚਾਹੀਦਾ ਹੈ, ਨੌਜਵਾਨਾਂ ਦੀ ਆਵਾਜ਼ ਨੂੰ ਦਬਾਉਣ ਵਾਲੀ ਹਰ ਸਰਕਾਰ ਨੂੰ ਇੱਕ ਦਿਨ ਜਨਤਾ ਨੂੰ ਜਵਾਬ ਦੇਣਾ ਪਵੇਗਾ। ਉਹ ਦਿਨ ਦੂਰ ਨਹੀਂ ਹੈ।''
ਉਨ੍ਹਾਂ ਕਿਹਾ ਕਿ ਉਹ ਬਿਹਾਰ ਦੇ ਉਨ੍ਹਾਂ ਵਿਦਿਆਰਥੀਆਂ ਅਤੇ ਨੌਜਵਾਨਾਂ ਨੂੰ ਮਿਲੇ, ਜਿਨ੍ਹਾਂ ਨੇ ''ਸਿਰਫ਼ ਪ੍ਰੀਖਿਆ ਪ੍ਰਣਾਲੀ ਵਿੱਚ ਧਾਂਦਲੀ ਖ਼ਿਲਾਫ਼ ਆਵਾਜ਼ ਉਠਾਉਣ 'ਤੇ ਭਿਆਨਕ ਪੁਲੀਸ ਬੇਰਹਿਮੀ ਝੱਲੀ।''
ਕਾਂਗਰਸ ਆਗੂ ਨੇ ਦੋਸ਼ ਲਾਇਆ ਕਿ ਪ੍ਰਦਰਸ਼ਨ ਦੌਰਾਨ ਪੁਲੀਸ ਦੀਆਂ ਲਾਠੀਆਂ ਦੇ ਨਾਲ-ਨਾਲ ''ਏ ਕੇ-47 ਅਤੇ ਪਿਸਤੌਲ ਤੋਂ ਚੱਲੀਆਂ ਗੋਲੀਆਂ ਨੇ ਕਈ ਵਿਦਿਆਰਥੀਆਂ ਨੂੰ ਜ਼ਖ਼ਮੀ ਕਰ ਦਿੱਤਾ।''
ਉਨ੍ਹਾਂ ਦਾਅਵਾ ਕੀਤਾ ਕਿ ਫੌਜ ਵਿੱਚ ਜਾ ਕੇ ਦੇਸ਼ ਦੀ ਸੇਵਾ ਕਰਨ ਦੀ ਇੱਛਾ ਰੱਖਣ ਵਾਲੇ ਇੱਕ ਨੌਜਵਾਨ ਦੀ ਲੱਤ ਏ ਕੇ-47 ਨਾਲ ਜ਼ਖ਼ਮੀ ਕਰ ਦਿੱਤੀ ਅਤੇ ਇਸ ਦੇ ਨਾਲ ਹੀ ''ਉਸ ਦੀ ਜ਼ਿੰਦਗੀ ਦਾ ਸੁਪਨਾ ਵੀ'' ਟੁੱਟ ਗਿਆ।
ਗਾਂਧੀ ਨੇ ਕਿਹਾ, ''ਇਹ ਨੌਜਵਾਨ ਸਿਰਫ਼ ਨਿਰਪੱਖ ਮੌਕੇ, ਪਾਰਦਰਸ਼ੀ ਪ੍ਰੀਖਿਆ ਪ੍ਰਣਾਲੀ ਅਤੇ ਆਪਣੇ ਅਧਿਕਾਰ ਮੰਗ ਰਹੇ ਸਨ। ਅਜਿਹੀ ਮੰਗ 'ਤੇ ਲਾਠੀਆਂ ਅਤੇ ਗੋਲੀਆਂ ਚਲਾਉਣ ਦੀ ਕੀ ਲੋੜ ਸੀ?''
ਉਨ੍ਹਾਂ ਕਿਹਾ ਕਿ ਇੰਨੇ ਵੱਡੇ ਕਥਿਤ ਤਸ਼ਦੱਦ ਦੀ ਜ਼ਿੰਮੇਵਾਰੀ ਸਿਰਫ਼ ਕੁਝ ਛੋਟੇ ਅਧਿਕਾਰੀਆਂ 'ਤੇ ਪਾ ਕੇ ਸਰਕਾਰ ਬੱਚ ਨਹੀਂ ਸਕਦੀ।
ਉਨ੍ਹਾਂ ਮੁਤਾਬਕ, ''ਇਹ ਕਾਰਵਾਈ ਜਾਂ ਤਾਂ ਉੱਪਰ ਦੇ ਆਦੇਸ਼ ਦਾ ਨਤੀਜਾ ਹੈ ਜਾਂ ਫਿਰ ਸੱਤਾ ਦੀ ਘੋਰ ਨਾਕਾਮੀ ਹੈ।''
ਰਾਹੁਲ ਨੇ ਕਿਹਾ, ''ਬਿਹਾਰ ਸਰਕਾਰ ਕੁਝ ਵੀ ਕਰ ਲਵੇ ਮੈਂ ਇਨ੍ਹਾਂ ਨੌਜਵਾਨਾਂ ਨਾਲ ਖੜ੍ਹਾ ਹਾਂ। ਇਨ੍ਹਾਂ ਦੀ ਹਰ ਸੰਭਵ ਮਦਦ ਕਰਨ ਨੂੰ ਤਿਆਰ ਹਾਂ।''
ਉਨ੍ਹਾਂ ਇਹ ਵੀ ਕਿਹਾ ਕਿ ਨੌਜਵਾਨਾਂ ਦੀ ਆਵਾਜ਼ ਦਬਾਉਣ ਵਾਲੀ ਸੱਤਾ ਨੂੰ ਅੰਤ ਵਿੱਚ ਜਨਤਾ ਦੇ ਸਾਹਮਣੇ ਜਵਾਬ ਦੇਣਾ ਪੈਂਦਾ ਹੈ ਅਤੇ ਉਹ ਦਿਨ ਹੁਣ ਦੂਰ ਨਹੀਂ ਹੈ।

