ਨਵੀਂ ਦਿੱਲੀ, 7 ਮਈ
ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੱਲਬਾਤ ਮਗਰੋਂ ਪ੍ਰਧਾਨ ਮੰਤਰੀ ਬਾਰੇ ਕੀਤੇ ਟਵੀਟ ਮਗਰੋਂ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਵੱਲੋਂ ਸੋਰੇਨ ਦੀ ਆਲੋਚਨਾ ਕੀਤੀ ਜਾ ਰਹੀ ਹੈ। ਭਾਜਪਾ ਆਗੂਆਂ ਨੇ ਸੋਰੇਨ ’ਤੇ ਦੋਸ਼ ਲਾਇਆ ਕਿ ਉਨ੍ਹਾਂ ਪ੍ਰਧਾਨ ਮੰਤਰੀ ਦੇ ਸੰਵਿਧਾਨਕ ਅਹੁਦੇ ਦੀ ਮਰਿਆਦਾ ਨੂੰ ਢਾਹ ਲਾਈ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨ ਪ੍ਰਧਾਨ ਮੰਤਰੀ ਨੇ ਹੇਮੰਤ ਸੋਰੇਨ ਨੂੰ ਫੋਨ ਕੀਤਾ ਸੀ ਇਸ ਤੋਂ ਬਾਅਦ ਸੋਰੇਨ ਨੇ ਟਵੀਟ ਕੀਤਾ, ‘ਅੱਜ ਮਾਣਯੋਗ ਪ੍ਰਧਾਨ ਮੰਤਰੀ ਦਾ ਫੋਨ ਆਇਆ। ਉਨ੍ਹਾਂ ਸਿਰਫ਼ ਆਪਣੇ ‘ਮਨ ਕੀ ਬਾਤ’ ਹੀ ਕੀਤੀ। ਬਿਹਤਰ ਹੁੰਦਾ ਜੇਕਰ ਉਹ ਮੁੱਦੇ ਦੀ ਗੱਲ ਕਰਦੇ ਤੇ ਸਮੱਸਿਆ ਸੁਣਦੇ।’ ਸੂਤਰਾਂ ਅਨੁਸਾਰ ਸੋਰੇਨ ਇਸ ਗੱਲੋਂ ਨਾਖੁਸ਼ ਸਨ ਕਿ ਉਨ੍ਹਾਂ ਨੂੰ ਪੱਖ ਰੱਖਣ ਦਾ ਮੌਕਾ ਨਹੀਂ ਦਿੱਤਾ ਗਿਆ ਤੇ ਕਿਹਾ ਗਿਆ ਕਿ ਸਿਰਫ਼ ਪ੍ਰਧਾਨ ਮੰਤਰੀ ਹੀ ਕੋਵਿਡ-19 ਹਾਲਾਤ ਬਾਰੇ ਬੋਲਣਗੇ।
ਇਸ ਮੁੱਦੇ ’ਤੇ ਨਾਰਾਜ਼ ਹੁੰਦਿਆਂ ਭਾਜਪਾ ਦੇ ਜਨਰਲ ਸਕੱਤਰ ਬੀਐੱਲ ਸੰਤੋਸ਼ ਨੇ ਕਿਹਾ ਕਿ ਕੁਝ ਸਿਆਸੀ ਆਗੂ ਇੰਨੇ ਹੇਠਾਂ ਤੱਕ ਚਲੇ ਜਾਂਦੇ ਹਨ। ਪ੍ਰਧਾਨ ਮੰਤਰੀ ਨੇ ਫੋਨ ਕੀਤਾ ਤੇ ਕੋਵਿਡ-19 ਬਾਰੇ ਲੰਮੀ ਗੱਲਬਾਤ ਕੀਤੀ। ਉਨ੍ਹਾਂ ਦੇ ਅਹੁਦੇ ਦੀ ਕੁਝ ਮਰਿਆਦਾ ਰੱਖੀ ਜਾਣੀ ਚਾਹੀਦੀ ਹੈ। ਕੇਂਦਰੀ ਮੰਤਰੀ ਅਰਜੁਨ ਮੁੰਡਾ ਨੇ ਕਿਹਾ ਕਿ ਮਦਦ ਲਈ ਪ੍ਰਧਾਨ ਮੰਤਰੀ ਦਾ ਧੰਨਵਾਦ ਕਰਨ ਦੀ ਥਾਂ ਉਨ੍ਹਾਂ ਦੀ ਆਲੋਚਨਾ ਕੀਤੀ ਜਾ ਰਹੀ ਹੈ। ਇਸੇ ਤਰ੍ਹਾਂ ਭਾਜਪਾ ਸੰਸਦ ਮੈਂਬਰ ਤੇ ਪਾਰਟੀ ਦੇ ਮੁੱਖ ਬੁਲਾਰੇ ਅਨਿਲ ਬਲੂਨ, ਅਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਤੋਂ ਇਲਾਵਾ ਪਾਰਟੀ ਦੇ ਹੋਰ ਕਈ ਸੀਨੀਅਰ ਆਗੂਆਂ ਨੇ ਵੀ ਸੋਰੇਨ ਦੀ ਆਲੋਚਨਾ ਕੀਤੀ ਹੈ। -ਪੀਟੀਆਈ