ਗੁਜਰਾਤ ’ਚ ਭਾਜਪਾ ਨੇ ਇਤਿਹਾਸ ਸਿਰਜਿਆ : The Tribune India

ਗੁਜਰਾਤ ’ਚ ਭਾਜਪਾ ਨੇ ਇਤਿਹਾਸ ਸਿਰਜਿਆ

* ਲਗਾਤਾਰ ਸੱਤਵੀਂ ਵਾਰ ਅਸੈਂਬਲੀ ਚੋਣ ਜਿੱਤੀ * ਪੰਜ ਸੀਟਾਂ ਜਿੱਤਣ ਵਾਲੀ ‘ਆਪ’ ਨੂੰ 13 ਫੀਸਦ ਵੋਟ ਸ਼ੇਅਰ ਨਾਲ ਕੌਮੀ ਪਾਰਟੀ ਦਾ ਦਰਜਾ ਮਿਲਿਆ * ਭੁਪੇਂਦਰ ਪਟੇਲ ਹੀ ਰਹਿਣਗੇ ਸੂਬੇ ਦੇ ਮੁੱਖ ਮੰਤਰੀ * ਹਲਫ਼ਦਾਰੀ ਸਮਾਗਮ 12 ਨੂੰ

ਗੁਜਰਾਤ ’ਚ ਭਾਜਪਾ ਨੇ ਇਤਿਹਾਸ ਸਿਰਜਿਆ

ਭਾਜਪਾ ਵਰਕਰ ਗਾਂਧੀਨਗਰ ਵਿੱਚ ਆਤਿਸ਼ਬਾਜ਼ੀ ਚਲਾ ਕੇ ਗੁਜਰਾਤ ਚੋਣਾਂ ਵਿੱਚ ਮਿਲੀ ਜਿੱਤ ਦਾ ਜਸ਼ਨ ਮਨਾਉਂਦੇ ਹੋਏ। -ਫੋਟੋ: ਪੀਟੀਆਈ

ਅਹਿਮਦਾਬਾਦ, 8 ਦਸੰਬਰ

ਭਾਜਪਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਪਿੱਤਰੀ ਰਾਜ ਗੁਜਰਾਤ ਵਿਚ ਲਗਾਤਾਰ ਸੱਤਵੀਂ ਵਾਰ ਚੋਣਾਂ ਜਿੱਤ ਕੇ ਨਵਾਂ ਰਿਕਾਰਡ ਸਿਰਜ ਦਿੱਤਾ ਹੈ। ਭਾਜਪਾ ਨੇ ਗੁਜਰਾਤ ਅਸੈਂਬਲੀ ਦੇ 182 ਮੈਂਬਰੀ ਸਦਨ ਵਿੱਚ 156 ਸੀਟਾਂ ਜਿੱਤੀਆਂ ਹਨ। ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ‘ਆਪ’ 13 ਫੀਸਦ ਵੋਟ ਸ਼ੇਅਰ ਨਾਲ ਭਾਵੇਂ ਪੰਜ ਸੀਟਾਂ ਹੀ ਜਿੱਤ ਸਕੀ, ਪਰ ਉਸ ਨੂੰ ਕੌਮੀ ਪਾਰਟੀ ਦਾ ਦਰਜਾ ਜ਼ਰੂਰ ਮਿਲ ਗਿਆ। ਕਾਂਗਰਸ ਦੇ ਹਿੱਸੇ 17 ਸੀਟਾਂ ਆਈਆਂ ਤੇ ਆਜ਼ਾਦ ਤੇ ਹੋਰ 4 ਸੀਟਾਂ ’ਤੇ ਜੇਤੂ ਰਹੇ। ਭਾਜਪਾ ਦਾ ਵੋਟ ਸ਼ੇਅਰ 53 ਫੀਸਦ ਦੇ ਕਰੀਬ ਰਿਹਾ, ਜੋ ਪੱਛਮੀ ਸੂਬੇ ਵਿੱਚ ਕਿਸੇ ਪਾਰਟੀ ਵੱਲੋਂ ਦਰਜ ਸਿਖਰਲਾ ਅੰਕੜਾ ਹੈ। ਗੁਜਰਾਤ ਭਾਜਪਾ ਦੇ ਪ੍ਰਧਾਨ ਸੀ.ਆਰ.ਪਾਟਿਲ ਨੇ ਕਿਹਾ ਕਿ ਭੁਪੇਂਦਰ ਪਟੇਲ ਸੂਬੇ ਦੇ ਮੁੱਖ ਮੰਤਰੀ ਬਣੇ ਰਹਿਣਗੇ ਤੇ ਉਨ੍ਹਾਂ ਦਾ ਹਲਫ਼ਦਾਰੀ ਸਮਾਗਮ 12 ਦਸੰਬਰ ਨੂੰ ਹੋਵੇਗਾ। ਪਟੇਲ ਨੇ ਅਹਿਮਦਾਬਾਦ ਦੀ ਘਾਟਲੋਡੀਆ ਸੀਟ 1.92 ਲੱਖ ਵੋਟਾਂ ਦੇ ਵੱਡੇ ਫਰਕ ਨਾਲ ਜਿੱਤੀ ਹੈ।

ਗਾਂਧੀਨਗਰ ’ਚ ਜਿੱਤ ਦਾ ਨਿਸ਼ਾਨ ਬਣਾਉਂਦੇ ਹੋਏ ਗੁਜਰਾਤ ਦੇ ਮੁੱਖ ਮੰਤਰੀ ਭੁਪੇਂਦਰ ਪਟੇਲ ਅਤੇ ਭਾਜਪਾ ਦੇ ਪ੍ਰਦੇਸ਼ ਪ੍ਰਧਾਨ ਸੀ ਆਰ ਪਾਟਿਲ। -ਫੋਟੋ: ਪੀਟੀਆਈ

2017 ਦੀਆਂ ਅਸੈਂਬਲੀ ਚੋਣਾਂ ਵਿੱਚ ਭਾਜਪਾ ਨੇ 99 ਸੀਟਾਂ ਜਿੱਤੀਆਂ ਸਨ ਤੇ ਉਦੋਂ ਉਸ ਦਾ ਵੋਟ ਸ਼ੇਅਰ 49.1 ਫੀਸਦ ਸੀ। ਭਾਜਪਾ ਨੇ ਸਾਲ 2002 ਵਿੱਚ ਤਤਕਾਲੀਨ ਮੁੱਖ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਜਿੱਤੀਆਂ 127 ਸੀਟਾਂ ਦੇ ਰਿਕਾਰਡ ਨੂੰ ਵੀ ਮਾਤ ਪਾ ਦਿੱਤੀ ਹੈ। ਇਸ ਤੋਂ ਪਹਿਲਾਂ ਗੁਜਰਾਤ ਵਿੱਚ ਹੁਣ ਤੱਕ ਸਭ ਤੋਂ ਵੱਧ 149 ਸੀਟਾਂ ਜਿੱਤਣ ਦਾ ਰਿਕਾਰਡ ਕਾਂਗਰਸ ਦੇ ਨਾਂ ਸੀ। ਕਾਂਗਰਸ ਨੇ 1985 ਵਿੱਚ ਮਾਧਵਸਿੰਹ ਸੋਲੰਕੀ ਦੀ ਅਗਵਾਈ ਵਿੱਚ ਇਹ ਕਮਾਲ ਕਰ ਵਿਖਾਇਆ ਸੀ। ਕਾਂਗਰਸ ਦਾ ਵੋਟ ਸ਼ੇਅਰ 28 ਫੀਸਦ ਦੇ ਕਰੀਬ ਰਿਹਾ ਤੇ ‘ਆਪ’ ਨੇ ਮੁੱਖ ਤੌਰ ’ਤੇ ਉਸ ਦੇ ਵੋਟ ਬੈਂਕ ਨੂੰ ਖੋਰਾ ਲਾਇਆ। ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਤੇ ਗੁਜਰਾਤ ਦੇ ਮੁੱਖ ਮੰਤਰੀ ਭੁਪੇਂਦਰ ਪਟੇਲ ਨੇ ਪਾਰਟੀ ਦੀ ‘ਇਤਿਹਾਸਕ ਜਿੱਤ’ ਦਾ ਸਿਹਰਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਿਰ ਬੰਨ੍ਹਿਆ ਹੈ। ਪ੍ਰਧਾਨ ਮੰਤਰੀ ਮੋਦੀ ਨੇ ਗੁਜਰਾਤ ਵਿੱਚ ਚੋਣ ਪ੍ਰਚਾਰ ਦੌਰਾਨ 31 ਚੋਣ ਰੈਲੀਆਂ ਕੀਤੀਆਂ ਸਨ ਤੇ ਸੂਬੇ ਵਿੱਚ ਲਗਪਗ 50 ਕਿਲੋਮੀਟਰ ਲੰਮਾ ਰੋਡ ਸ਼ੋਅ ਕੱਢਦਿਆਂ ਦਰਜਨ ਤੋਂ ਵੱਧ ਵਿਧਾਨ ਸਭਾ ਹਲਕਿਆਂ ਨੂੰ ਕਵਰ ਕੀਤਾ ਸੀ। ‘ਆਪ’ ਤੇ ਕਾਂਗਰਸ ਨਾਲ ਤਿੰਨ ਧਿਰੀ ਮੁਕਾਬਲੇ ਵਿੱਚ ਭਾਜਪਾ ਨੇ ਬਹੁਮੱਤ ਲਈ ਲੋੜੀਂਦੇ ਤਿੰਨ ਚੌਥਾਈ ਅੰਕੜੇ ਨੂੰ ਸੌਖਿਆਂ ਹੀ ਪਾਰ ਕਰ ਲਿਆ। ਭਾਜਪਾ, ਜੋ ਪਿਛਲੇ 27 ਸਾਲਾਂ (1995 ਤੋਂ) ਤੋਂ ਗੁਜਰਾਤ ਦੀ ਸੱਤਾ ਵਿੱਚ ਹੈ, ਨੇ ਪੱਛਮੀ ਬੰਗਾਲ ਵਿੱਚ ਖੱਬੇ-ਪੱਖੀ ਫਰੰਟ ਵੱਲੋਂ ਲਗਾਤਾਰ ਸੱਤ ਵਾਰ ਸਰਕਾਰ ਬਣਾਉਣ ਦੇ ਰਿਕਾਰਡ ਦੀ ਬਰਾਬਰੀ ਕੀਤੀ ਹੈ। ਸੀਪੀਐੱਮ ਦੀ ਅਗਵਾਈ ਵਾਲੇ ਫਰੰਟ ਨੇ 1977 ਤੋਂ 2011 ਤੱਕ ਪੂਰਬੀ ਰਾਜ ਵਿੱਚ 34 ਸਾਲ ਰਾਜ ਕੀਤਾ ਸੀ।

ਭਾਜਪਾ ਨੇ ਐਤਕੀਂ ਆਪਣੀਆਂ ਸੀਟਾਂ ਦੀ ਗਿਣਤੀ ਵਿੱਚ ਸੁਧਾਰ ਕੀਤਾ, ਜਿਸ ਨੂੰ ਪਿਛਲੀਆਂ ਚੋਣਾਂ ਵਿੱਚ ਪਾਟੀਦਾਰ ਭਾਈਚਾਰੇ ਵਿੱਚ ਫੁੱਟੇ ਗੁੱਸੇ ਤੇ ਜੀਐੱਸਟੀ ਪ੍ਰਬੰਧ ਨੂੰ ਲੈ ਕੇ ਵਪਾਰੀਆਂ ਵਿੱਚਲੇ ਗੁੱਸੇ ਕਰ ਕੇ ਵੱਡੀ ਢਾਹ ਲੱਗੀ ਸੀ। ਚੋਣ ਪ੍ਰਚਾਰ ਦੌਰਾਨ ਵਿਰੋਧੀ ਪਾਰਟੀਆਂ ਨੇ ਮੋਦੀ ਸਰਕਾਰ ਨੂੰ ਮਹਿੰਗਾਈ, ਮੱਠੀ ਵਿਕਾਸ ਦਰ ਤੇ ਬੇਰੁੁਜ਼ਗਾਰੀ ਜਿਹੇ ਮੁੱਦਿਆਂ ’ਤੇ ਘੇਰਿਆ ਸੀ, ਪਰ ਸੂਬੇ ਵਿੱਚ ਭਾਜਪਾ ਦੀ ਹਰਮਨਪਿਆਰਤਾ ਨੂੰ ਅਸਿੱਧੇ ਤੌਰ ’ਤੇ ਇਸ ਨਾਲ ਕੋਈ ਫ਼ਰਕ ਨਹੀਂ ਪਿਆ। ਸੱਤਾ ਵਿਰੋਧੀ ਲਹਿਰ ਦੇ ਦਾਅਵਿਆਂ ਦਰਮਿਆਨ ਭਾਜਪਾ ਦੇ ਵੱਡੀ ਗਿਣਤੀ ਮੌਜੂਦਾ ਵਿਧਾਇਕਾਂ ਨੇ ਜਿੱਤ ਦਰਜ ਕੀਤੀ। -ਪੀਟੀਆਈ

‘ਆਪ’ ਦਾ ਇਸੂਦਾਨ ਗਡਵੀ ਹਾਰਿਆ

ਖੰਭਾਲੀਆ (ਗੁਜਰਾਤ): ਗੁਜਰਾਤ ਵਿੱਚ ਆਮ ਆਦਮੀ ਪਾਰਟੀ ਵੱਲੋਂ ਮੁੱਖ ਮੰਤਰੀ ਦੇ ਅਹੁਦੇ ਦੇ ਦਾਅਵੇਦਾਰ ਇਸੂਦਾਨ ਗਡਵੀ ਵਿਧਾਨ ਸਭਾ ਚੋਣਾਂ ਦੇ ਅੱਜ ਆਏ ਨਤੀਜਿਆਂ ਵਿੱਚ ਖੰਭਾਲੀਆ ਸੀਟ ’ਤੇ ਭਾਜਪਾ ਉਮੀਦਵਾਰ ਤੋਂ 18,000 ਤੋਂ ਵੱਧ ਵੋਟਾਂ ਤੋਂ ਹਾਰ ਗਏ। ਗਿਣਤੀ ਦੇ ਚੌਥੇ ਗੇੜ ਦੇ ਅਖੀਰ ਤੱਕ ਗਡਵੀ ਮੂਹਰੇ ਚੱਲ ਰਹੇ ਸਨ ਜਦਕਿ ਭਾਜਪਾ ਦੇ ਮੁਲੂਭਾਈ ਬੇਰਾ ਤੀਜੇ ਨੰਬਰ ’ਤੇ ਸਨ ਪਰ ਬਾਅਦ ਵਾਲੇ ਗੇੜਾਂ ਵਿੱਚ ਬੇਰਾ ਨੇ ਆਪਣੇ ਵਿਰੋਧੀਆਂ ਨੂੰ ਪਿੱਛੇ ਛੱਡ ਦਿੱਤਾ। ‘ਆਪ’ ਵੱਲੋਂ ਪਾਰਟੀ ਦੇ ਮੁੱਖ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਵਜੋਂ ਗਡਵੀ ਨੂੰ ਸੌਰਾਸ਼ਟਰ ਖੇਤਰ ਵਿੱਚ ਪੈਂਦੇ ਇਸ ਹਲਕੇ ਤੋਂ ਮੈਦਾਨ ’ਚ ਉਤਾਰੇ ਜਾਣ ਤੋਂ ਬਾਅਦ ਖੰਭਾਲੀਆ ਅਹਿਮ ਸੀਟਾਂ ’ਚੋਂ ਇਕ ਵਜੋਂ ਉੱਭਰੀ ਸੀ। ਸਾਬਕਾ ਟੀਵੀ ਨਿਊਜ਼ ਐਂਕਰ ਗਡਵੀ ਖੰਭਾਲੀਆ ਦਾ ਹੀ ਜੰਮਪਲ ਹੈ ਪਰ ਸ਼ਾਇਦ ਇਸ ਅਹੀਰ ਬਹੁਲ ਆਬਾਦੀ ਵਾਲੇ ਖੇਤਰ ਵਿੱਚ ਸਮਾਜਿਕ ਸਮੀਕਰਨ ਉਸ ਦੇ ਪੱਖ ਵਿੱਚ ਨਹੀਂ ਬਣੇ। ਦੂਜੇ ਪਾਸੇ ਕਾਂਗਰਸੀ ਉਮੀਦਵਾਰ ਵਿਕਰਮ ਮਦਾਮ ਤੇ ਭਾਜਪਾ ਉਮੀਦਵਾਰ ਬੇਰਾ ਅਹੀਰ ਭਾਈਚਾਰੇ ਤੋਂ ਹਨ। -ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All