DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Rajasthan MC Elections ’ਚ ਭਾਜਪਾ ਕਾਂਗਰਸ ਤੋਂ ਅੱਗੇ

10210 ਵਾਰਡਾਂ ਦੇ ਨਤੀਜਿਆਂ ’ਚ ਭਾਜਪਾ 4171, ਕਾਂਗਰਸ 3597 ਅਤੇ 2272 ਵਿੱਚ ਆਜ਼ਾਦ ਜੇਤੂ; ਮੁੱਖ ਮੰਤਰੀ ਦੇ ਸ਼ਹਿਰ ਵਿੱਚ ਆਜ਼ਾਦ ਉਮੀਦਵਾਰ ਅੱਗੇ

  • fb
  • twitter
  • whatsapp
  • whatsapp
featured-img featured-img
ਰਾਜਸਥਾਨ ਦੇ ਮੁੱਖ ਮੰਤਰੀ ਭਜਨ ਲਾਲ ਸ਼ਰਮਾ ਅਤੇ ਭਾਜਪਾ ਦੇ ਸੂਬਾਈ ਪ੍ਰਧਾਨ ਮਦਨ ਰਾਠੌੜ ਅਤੇ ਹੋਰ ਪਾਰਟੀ ਆਗੂ ਨਿਗਮ ਚੋਣਾਂ ਦੇ ਨਤੀਜੇ ਆਉਣ ਬਾਅਦ ਜੇਤੂ ਨਿਸ਼ਾਨ ਬਣਾਉਂਦੇ ਹੋਏ। -ਫੋਟੋ: ਪੀਟੀਆਈ
Advertisement

ਰਾਜਸਥਾਨ ਦੀਆਂ ਸਥਾਨਕ ਚੋਣਾਂ ਵਿੱਚ ਸੱਤਾਧਾਰੀ ਭਾਜਪਾ ਦਾ ਹੱਥ ਉਪਰ ਹੈ। ਉਸ ਨੇ ਕਾਂਗਰਸ ’ਤੇ ਬੜ੍ਹਤ ਬਣਾ ਲਈ ਹੈ। 10,210 ਵਾਰਡਾਂ ਦੇ ਆਏ ਨਤੀਜਿਆਂ ਵਿੱਚ ਭਾਜਪਾ 4,171, ਕਾਂਗਰਸ 3,597 ਅਤੇ ਆਜ਼ਾਦ ਉਮੀਦਵਾਰ 2,272 ਵਾਰਡਾਂ ਵਿੱਚ ਜੇਤੂ ਰਹੇ ਹਨ। ਹੋਰਨਾਂ ਪਾਰਟੀਆਂ ਵਿੱਚ ਆਰ ਐੱਲ ਪੀ 63, ‘ਆਪ’ 42, ਸੀ ਪੀ ਆਈ(ਐੱਮ) 38, ਬਸਪਾ 19 ਅਤੇ ਭਾਰਤ ਆਦਿਵਾਸੀ ਪਾਰਟੀ ਅੱਠ ਵਾਰਡਾਂ ਵਿੱਚ ਜੇਤੂ ਰਹੇ ਹਨ। ਕਈ ਨਿਗਮਾਂ ਵਿੱਚ ਆਜ਼ਾਦ ਉਮੀਦਵਾਰ ਅਹਿਮ ਧਿਰ ਬਣ ਕੇ ਉਭਰੇ ਹਨ।

ਮੁੱਖ ਨਗਰ ਨਿਗਮਾਂ ਵਿੱਚ ਭਾਜਪਾ ਨੇ ਉਦੈਪੁਰ ਦੇ 80 ਵਿੱਚੋਂ 53, ਭੀਲਵਾੜਾ ਦੇ 70 ਵਿੱਚੋਂ 45 ਅਤੇ ਕੋਟਾ ਦੇ 100 ਵਿੱਚੋਂ 53 ਵਾਰਡਾਂ ਵਿੱਚ ਜਿੱਤ ਦਰਜ ਕਰ ਕੇ ਬਹੁਮਤ ਹਾਸਲ ਕੀਤਾ ਹੈ। ਕਾਂਗਰਸ ਨੇ ਬੀਕਾਨੇਰ ਵਿੱਚ ਜਿੱਤ ਦਰਜ ਕੀਤੀ, ਜਦਕਿ ਅਜਮੇਰ ਅਤੇ ਪਾਲੀ ਵਿੱਚ ਉਹ ਅੱਗੇ ਰਹੀ ਹੈ। ਜੈਪੁਰ ਅਤੇ ਅਲਵਰ ਵਿੱਚ ਭਾਜਪਾ ਅੱਗੇ ਰਹੀ। ਜੋਧਪੁਰ ਵਿੱਚ ਭਾਜਪਾ ਅਤੇ ਕਾਂਗਰਸ ਦੋਵੇਂ 44-44 ਵਾਰਡਾਂ ’ਚ ਜੇਤੂ ਰਹੇ ਹਨ, ਜਦਕਿ 10 ਵਾਰਡ ਆਜ਼ਾਦ ਉਮੀਦਵਾਰਾਂ ਦੇ ਖਾਤੇ ਗਏ ਹਨ।

Advertisement

ਮੁੱਖ ਮੰਤਰੀ ਭਜਨ ਲਾਲ ਸ਼ਰਮਾ ਦੇ ਗ੍ਰਹਿ ਸ਼ਹਿਰ ਭਰਤਪੁਰ ਵਿੱਚ ਆਜ਼ਾਦ ਉਮੀਦਵਾਰਾਂ ਨੇ 36 ਵਾਰਡਾਂ ਵਿੱਚ ਜਿੱਤ ਜਾਂ ਬੜ੍ਹਤ ਹਾਸਲ ਕੀਤੀ ਹੈ। ਇੱਥੇ ਭਾਜਪਾ ਨੂੰ 20 ਅਤੇ ਕਾਂਗਰਸ ਨੂੰ ਸੱਤ ਵਾਰਡਾਂ ’ਚ ਜਿੱਤ ਮਿਲੀ ਹੈ। ਬਸਪਾ ਅਤੇ ਆਰ ਐੱਲ ਪੀ ਇਕ-ਇਕ ਵਾਰਡ ਵਿੱਚ ਜੇਤੂ ਰਹੇ ਹਨ। 309 ਸ਼ਹਿਰੀ ਸਥਾਨਕ ਸੰਸਥਾਵਾਂ ਲਈ 9 ਅਤੇ 11 ਸਤੰਬਰ ਨੂੰ ਦੋ ਗੇੜਾਂ ਵਿੱਚ ਵੋਟਿੰਗ ਹੋਈ ਸੀ। ਕੁੱਲ 10,245 ਕੌਂਸਲਰ ਚੁਣੇ ਜਾਣੇ ਹਨ। ਮੇਅਰ ਅਤੇ ਚੇਅਰਪਰਸਨ ਦੀ ਚੋਣ 21 ਸਤੰਬਰ ਨੂੰ ਹੋਵੇਗੀ। ਇਨ੍ਹਾਂ ਚੋਣਾਂ ਨੂੰ ਭਜਨ ਲਾਲ ਸ਼ਰਮਾ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਅਤੇ ਵਿਰੋਧੀ ਧਿਰ ਕਾਂਗਰਸ ਲਈ ਸਿਆਸੀ ਪੱਖ ਤੋਂ ਅਹਿਮ ਮੰਨਿਆ ਜਾ ਰਿਹਾ ਹੈ। ਸੂਬੇ ਵਿੱਚ 2028 ਵਿੱਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ।

Advertisement

ਭਾਜਪਾ ਉਮੀਦਵਾਰ ਨੂੰ ਇੱਕ ਵੋਟ ਮਿਲੀ

ਜੈਪੁਰ: ਨਿਗਮ ਚੋਣਾਂ ’ਚ ਡਿਡਵਾਨਾ-ਕੁਚਾਮਨ ਜ਼ਿਲ੍ਹੇ ਦੀ ਪਰਬਤਸਰ ਨਗਰਪਾਲਿਕਾ ਦੇ ਵਾਰਡ 13 ਤੋਂ ਭਾਜਪਾ ਉਮੀਦਵਾਰ ਕੈਲਾਸ਼ਚੰਦ ਨੂੰ ਸਿਰਫ਼ ਇੱਕ ਵੋਟ ਮਿਲੀ ਹੈ। ਕਾਂਗਰਸ ਦੀ ਹਿਨਾ ਖਾਨਮ ਨੇ 376 ਵੋਟਾਂ ਨਾਲ ਜਿੱਤ ਦਰਜ ਕੀਤੀ, ਜਦਕਿ ਆਜ਼ਾਦ ਉਮੀਦਵਾਰ ਰਾਸ਼ਿਦ ਖਾਨ ਨੂੰ 195 ਵੋਟਾਂ ਮਿਲੀਆਂ। ਕੈਲਾਸ਼ਚੰਦ ਨੇ ਦੱਸਿਆ ਕਿ ਉਹ 12 ਨੰਬਰ ਵਾਰਡ ਦਾ ਵੋਟਰ ਹੈ ਅਤੇ ਪਾਰਟੀ ਨੇ ਉਸ ਨੂੰ 13 ਨੰਬਰ ਵਾਰਡ ਤੋਂ ਉਮੀਦਵਾਰ ਬਣਾਇਆ ਸੀ। ਪਰਬਤਸਰ ਨਗਰਪਾਲਿਕਾ ਦੇ 25 ਵਾਰਡ ਹਨ ਅਤੇ 13 ਵਿਚ ਕਾਂਗਰਸ ਅਤੇ 12 ਵਿੱਚ ਭਾਜਪਾ ਜੇਤੂ ਰਹੀ ਹੈ। -ਪੀਟੀਆਈ

Advertisement
×