Punjab Anganwadi Food: ਆਂਗਣਵਾੜੀਆਂ ’ਚ ਪੌਸ਼ਟਿਕ ਖਾਣੇ ਦੀ ਥਾਂ ਬਿਸਕੁਟ ਤੇ ਟੌਫੀਆਂ
ਸਪਲਾਈ ਦੀ ਕਿੱਲਤ ਦਰਮਿਆਨ ਬੰਦ ਹੋਇਆ ਤਾਜ਼ਾ ਖਾਣਾ
Punjab Anganwadi Food: ਜਲੰਧਰ ਦੇ ਆਂਗਣਵਾੜੀ ਕੇਂਦਰਾਂ ਵਿੱਚ ਛੋਟੇ ਬੱਚਿਆਂ ’ਚ ਕੁਪੋਸ਼ਣ ਨਾਲ ਨਜਿੱਠਣ ਦੇ ਉਦੇਸ਼ ਨਾਲ ਸੂਬੇ ਦੇ ਪੂਰਨ ਪੋਸ਼ਣ ਪ੍ਰੋਗਰਾਮ ਤਹਿਤ ਤਜਵੀਜ਼ ਕੀਤੇ ਪੌਸ਼ਟਿਕ ਖਾਣੇ ਦੀ ਬਜਾਏ ਤਿੰਨ ਤੋਂ ਛੇ ਸਾਲ ਉਮਰ ਤੱਕ ਦੇ ਬੱਚਿਆਂ ਨੂੰ ਹੁਣ ਖ਼ੁਰਾਕ ਵਜੋਂ ਬਿਸਕੁਟ, ਟੌਫੀਆਂ ਅਤੇ ਨਮਕੀਨ ਦਿੱਤੀ ਜਾ ਰਹੀ ਹੈ। ਹਾਲਾਤ ਚਿੰਤਾਜਨਕ ਹਨ ਕਿਉਂਕਿ ਇਹ ਪ੍ਰੋਗਰਾਮ ਛੋਟੇ ਬੱਚਿਆਂ ਦੇ ਵਿਕਾਸ ਦੇ ਨਾਜ਼ੁਕ ਸਾਲਾਂ ਦੌਰਾਨ ਉਨ੍ਹਾਂ ਦੀ ਖ਼ੁਰਾਕ ਦੀ ਪੂਰਤੀ ਕਰਨ ਅਤੇ ਕੁਪੋਸ਼ਣ ਨੂੰ ਦੂਰ ਕਰਨ ਵਿੱਚ ਮਦਦ ਕਰਨ ਲਈ ਬਣਾਇਆ ਗਿਆ ਹੈ।
ਤਜਵੀਜ਼ ਕੀਤੇ ਪੋਸ਼ਣ ਮਾਪਦੰਡਾਂ ਅਨੁਸਾਰ ਛੇ ਮਹੀਨੇ ਤੋਂ ਛੇ ਸਾਲ ਤੱਕ ਦੀ ਉਮਰ ਦੇ ਬੱਚਿਆਂ ਨੂੰ 500 ਕੈਲਰੀ ਅਤੇ 12 ਤੋਂ 15 ਗਰਾਮ ਪ੍ਰੋਟੀਨ ਮਿਲਣਾ ਚਾਹੀਦਾ ਹੈ, ਜਦੋਂ ਕਿ ਗੰਭੀਰ ਰੂਪ ਨਾਲ ਕੁਪੋਸ਼ਿਤ ਅਤੇ ਕਾਫ਼ੀ ਘੱਟ ਭਾਰ ਵਾਲੇ ਬੱਚਿਆਂ ਨੂੰ 800 ਕੈਲਰੀ ਅਤੇ 20 ਤੋਂ 25 ਗਰਾਮ ਪ੍ਰੋਟੀਨ ਮਿਲਣਾ ਚਾਹੀਦਾ ਹੈ। ਇਸ ਪ੍ਰੋਗਰਾਮ ਤਹਿਤ ਤਿੰਨ ਤੋਂ ਛੇ ਸਾਲ ਤੱਕ ਦੀ ਉਮਰ ਦੇ ਬੱਚਿਆਂ ਨੂੰ ਘਰ ਵਿੱਚ ਮਿਲਣ ਵਾਲੀ ਖ਼ੁਰਾਕ ਦੇ ਨਾਲ-ਨਾਲ ਵਾਧੂ ਪੋਸ਼ਣ ਮੁਹੱਈਆ ਕਰਨ ਲਈ ਦਲੀਆ, ਖਿਚੜੀ, ਪੰਜੀਰੀ ਅਤੇ ਮੁਰਮੁਰੇ ਦੇਣੇ ਚਾਹੀਦੇ ਹਨ। ਗਰਭਵਤੀ ਔਰਤਾਂ, ਦੁੱਧ ਪਿਲਾਉਣ ਵਾਲੀਆਂ ਮਾਵਾਂ ਅਤੇ ਛੇ ਮਹੀਨੇ ਤੋਂ ਤਿੰਨ ਸਾਲ ਉਮਰ ਤੱਕ ਦੇ ਬੱਚੇ ਜੋ ਇਨ੍ਹਾਂ ਕੇਂਦਰਾਂ ਵਿੱਚ ਆਉਂਦੇ ਹਨ, ਨੂੰ ਘਰ ਲਿਜਾਣ ਲਈ ਰਾਸ਼ਨ ਮਿਲਦਾ ਹੈ।
ਪੰਜਾਬ ਆਂਗਣਵਾੜੀ ਵਰਕਰਜ਼ ਯੂਨੀਅਨ ਦੀ ਜ਼ਿਲ੍ਹਾ ਪ੍ਰਧਾਨ ਨਿਰਲੇਪ ਕੌਰ ਨੇ ਕਿਹਾ, “ਜਲੰਧਰ ਦੇ 11 ਬਲਾਕਾਂ ਵਿੱਚ 1,634 ਆਂਗਣਵਾੜੀ ਕੇਂਦਰ ਹਨ। ਇਨ੍ਹਾਂ ਵਿੱਚੋਂ ਸਾਰੇ ਪਿਛਲੇ ਤਿੰਨ ਮਹੀਨਿਆਂ ਤੋਂ ਭੋਜਨ ਤੋਂ ਵਾਂਝੇ ਹਨ। ਭੋਜਨ ਦੀ ਨਿਯਮਤ ਸਪਲਾਈ ਨਾ ਹੋਣ ਕਾਰਨ, ਅਸੀਂ ਜੋ ਪੈਕਡ ਭੋਜਨ ਉਪਲਬਧ ਹੈ, ਉਹੀ ਵੰਡ ਰਹੇ ਹਾਂ। ਇਸੇ ਤਰ੍ਹਾਂ ਦੁੱਧ ਚੁੰਘਾਉਣ ਵਾਲੀਆਂ ਮਾਵਾਂ, ਗਰਭਵਤੀ ਔਰਤਾਂ ਅਤੇ ਤਿੰਨ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਮਾਮਲੇ ਵਿੱਚ, ਜਿਨ੍ਹਾਂ ਨੂੰ ਘਰ ਲਿਜਾਣ ਲਈ ਰਾਸ਼ਨ ਮਿਲਣਾ ਚਾਹੀਦਾ ਹੈ, ਅਸੀਂ ਉਨ੍ਹਾਂ ਨੂੰ ਇਹ ਕਹਿ ਕੇ ਮੋੜ ਰਹੇ ਹਾਂ ਕਿ ਸਪਲਾਈ ਆਉਣ ਤੋਂ ਬਾਅਦ ਉਨ੍ਹਾਂ ਦੀ ਖ਼ੁਰਾਕ ਮਿਲ ਜਾਵੇਗੀ।” ਪੰਜਾਬ ਸਰਕਾਰ ਦੇ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਵਿਭਾਗ ਦੇ ਡਾਇਰੈਕਟੋਰੇਟ ਵੱਲੋਂ 20 ਮਈ ਨੂੰ ਜਾਰੀ ਕੀਤੀ ਗਈ ਹਦਾਇਤ ਦੇ ਬਾਵਜੂਦ ਸਪਲਾਈ ਦੀ ਕਿੱਲਤ ਜਾਰੀ ਹੈ। ਵਿਭਾਗ ਨੇ ਸੂਬੇ ਭਰ ਦੇ ਜ਼ਿਲ੍ਹਾ ਪ੍ਰੋਗਰਾਮ ਅਫਸਰਾਂ ਨੂੰ ਕਿਹਾ ਸੀ ਕਿ ਉਹ ਤਿੰਨ ਤੋਂ ਛੇ ਸਾਲ ਉਮਰ ਦੇ ਬੱਚਿਆਂ ਲਈ ਪੈਕਡ ਭੋਜਨ ਦੀ ਬਜਾਏ ਤਾਜ਼ਾ ਪਕਾਏ ਗਏ ਭੋਜਨ ਵੱਲ ਤਬਦੀਲ ਹੋਣ।
ਕੀ ਕਹਿੰਦੇ ਨੇ ਅਧਿਕਾਰੀ
ਜਲੰਧਰ ਦੇ ਜ਼ਿਲ੍ਹਾ ਪ੍ਰੋਗਰਾਮ ਅਫਸਰ ਗੁਲਬਹਾਰ ਸਿੰਘ ਨੇ ਕਿਹਾ, “ਕਣਕ ਅਤੇ ਚੌਲਾਂ ਦੀ ਅਲਾਟਮੈਂਟ ਪੂਰੀ ਹੋ ਚੁੱਕੀ ਹੈ ਅਤੇ ਇਸ ਮਹੀਨੇ ਦੇ ਅੰਦਰ ਆਂਗਣਵਾੜੀ ਕੇਂਦਰਾਂ ਤੱਕ ਡਿਲਿਵਰੀ ਯਕੀਨੀ ਬਣਾਏ ਜਾਣ ਦੀ ਉਮੀਦ ਹੈ। ਇਸ ਤੋਂ ਇਲਾਵਾ ਗਰਮ ਪਕਾਇਆ ਹੋਇਆ ਭੋਜਨ ਤਿਆਰ ਕਰਨ ਲਈ ਬਜਟ ਵੀ ਬਲਾਕ ਪੱਧਰ ’ਤੇ ਜਾਰੀ ਕਰ ਦਿੱਤਾ ਗਿਆ ਹੈ। ਇਸ ਨੂੰ ਆਂਗਣਵਾੜੀ ਵਰਕਰਾਂ ਤੱਕ ਪਹੁੰਚਾਉਣ ਦੀ ਪ੍ਰਕਿਰਿਆ ਇਸ ਸਮੇਂ ਜਾਰੀ ਹੈ।”

