ਜੈਵਿਕ ਅਤਿਵਾਦ ਗੰਭੀਰ ਚਿੰਤਾ ਦਾ ਵਿਸ਼ਾ: ਜੈਸ਼ੰਕਰ
ਵਿਦੇਸ਼ ਮੰਤਰੀ ਨੇ ਜੈਵਿਕ ਹਥਿਆਰਾਂ ਦੀ ਚੁਣੌਤੀ ਨਾਲ ਨਜਿੱਠਣ ਦੀ ਲੋਡ਼ ’ਤੇ ਦਿੱਤਾ ਜ਼ੋਰ
ਭਾਰਤ ਨੇ ਅੱਜ ਕੌਮਾਂਤਰੀ ਸੁਰੱਖਿਆ ਮਾਹੌਲ ਦੀ ਬੇਯਕੀਨੀ ਨੂੰ ਦੇਖਦਿਆਂ ਜੈਵਿਕ ਹਥਿਆਰਾਂ ਦੀ ਸੰਭਾਵੀ ਦੁਰਵਰਤੋਂ ’ਤੇ ਰੋਕ ਲਾਉਣ ਲਈ ਆਲਮੀ ਪ੍ਰਣਾਲੀ ਦੀ ਲੋੜ ’ਤੇ ਜ਼ੋਰ ਦਿੱਤਾ। ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਕਿਹਾ ਕਿ ਜੈਵਿਕ ਹਥਿਆਰਾਂ ਦੀ ਦੁਰਵਰਤੋਂ ਕੀਤੀ ਜਾਣੀ ਹੁਣ ਦੂਰ ਦੀ ਗੱਲ ਨਹੀਂ ਹੈ ਅਤੇ ਅਜਿਹੀ ਚੁਣੌਤੀ ਨਾਲ ਨਜਿੱਠਣ ਲਈ ਕੌਮਾਂਤਰੀ ਸਹਿਯੋਗ ਜ਼ਰੂਰੀ ਹੈ।
ਉਨ੍ਹਾਂ ਜੈਵਿਕ ਹਥਿਆਰ ਸੰਧੀ (ਬੀਡਬਲਿਊਸੀ) ਦੀ 50ਵੀਂ ਵਰ੍ਹੇਗੰਢ ਦੇ ਸਬੰਧ ’ਚ ਕਰਵਾਏ ਗਏ ਸੰਮੇਲਨ ਨੂੰ ਸੰਬੋਧਨ ਕਰਦਿਆਂ ਕਿਹਾ, ‘‘ਜੈਵਿਕ ਅਤਿਵਾਦ ਗੰਭੀਰ ਚਿੰਤਾ ਦਾ ਵਿਸ਼ਾ ਹੈ, ਜਿਸ ਲਈ ਕੌਮਾਂਤਰੀ ਭਾਈਚਾਰੇ ਨੂੰ ਪੂਰੀ ਤਰ੍ਹਾਂ ਤਿਆਰ ਰਹਿਣਾ ਪਵੇਗਾ। ਬੀ ਡਬਿਲਊ ਸੀ ’ਚ ਹੁਣ ਵੀ ਬੁਨਿਆਦੀ ਸੰਸਥਾਈ ਢਾਂਚੇ ਦੀ ਘਾਟ ਹੈ।’’ ਉਨ੍ਹਾਂ ਕਿਹਾ, ‘‘ਇਸ ’ਚ ਕੋਈ ਅਮਲ ’ਚ ਲਿਆਉਣ ਵਾਲੀ ਪ੍ਰਣਾਲੀ ਨਹੀਂ ਹੈ, ਕੋਈ ਸਥਾਈ ਤਕਨੀਕੀ ਸੰਸਥਾ ਨਹੀਂ ਹੈ ਅਤੇ ਨਵੇਂ ਵਿਗਿਆਨਕ ਘਟਨਾਕ੍ਰਮ ’ਤੇ ਨਜ਼ਰ ਰੱਖਣ ਲਈ ਕੋਈ ਤੰਤਰ ਨਹੀਂ ਹੈ। ਭਰੋਸਾ ਮਜ਼ਬੂਤ ਕਰਨ ਲਈ ਇਨ੍ਹਾਂ ਖਾਮੀਆਂ ਨੂੰ ਦੂਰ ਕਰਨਾ ਜ਼ਰੂਰੀ ਹੈ।’’ ਉਨ੍ਹਾਂ ਕਿਹਾ ਕਿ ਭਾਰਤ ਨੇ ਲਗਾਤਾਰ ਬੀ ਡਬਲਿਊ ਸੀ ਅੰਦਰ ਮਜ਼ਬੂਤ ਪਾਲਣਾ ਸਬੰਧੀ ਨੇਮਾਂ ਦੀ ਮੰਗ ਕੀਤੀ ਹੈ ਜਿਨ੍ਹਾਂ ’ਚ ਅੱਜ ਦੀ ਦੁਨੀਆ ਮੁਤਾਬਕ ਪੜਤਾਲ ਵੀ ਸ਼ਾਮਲ ਹੈ। ਉਨ੍ਹਾਂ ਕਿਹਾ, ‘‘ਭਾਰਤ ਸ਼ਾਂਤੀਪੂਰਨ ਵਰਤੋਂ ਦੇ ਮਕਸਦ ਨਾਲ ਸਮੱਗਰੀ ਤੇ ਉਪਕਰਨਾਂ ਦੇ ਲੈਣ-ਦੇਣ ਨੂੰ ਸੰਭਵ ਬਣਾਉਣ ਲਈ ਕੌਮਾਂਤਰੀ ਸਹਿਯੋਗ ਤੇ ਮਦਦ ਦੀ ਹਮਾਇਤ ਕਰਦਾ ਹੈ। ਅਸੀਂ ਵਿਗਿਆਨਕ ਤੇ ਤਕਨੀਕੀ ਵਿਕਾਸ ਦੀ ਸਮੀਖਿਆ ਦੀ ਮੰਗ ਕੀਤੀ ਹੈ ਤਾਂ ਜੋ ਸ਼ਾਸਨ ਅਸਲ ’ਚ ਨਵੀਆਂ ਕਾਢਾਂ ਦੀ ਰਫ਼ਤਾਰ ਨਾਲ ਤਾਲਮੇਲ
ਬਿਠਾ ਸਕੇ।’’

