ਬਿਹਾਰ: ਨਿਤੀਸ਼ ਵੱਲੋਂ ਭਾਜਪਾ ਨਾਲ ਮੁੜ ਤੋੜ-ਵਿਛੋੜਾ : The Tribune India

ਬਿਹਾਰ: ਨਿਤੀਸ਼ ਵੱਲੋਂ ਭਾਜਪਾ ਨਾਲ ਮੁੜ ਤੋੜ-ਵਿਛੋੜਾ

* ਐੱਨਡੀਏ ਗੱਠਜੋੜ ਦੇ ਮੁੱਖ ਮੰਤਰੀ ਵਜੋਂ ਅਸਤੀਫ਼ਾ ਦਿੱਤਾ * ਮਹਾਗਠਬੰਧਨ ਸਰਕਾਰ ਦੇ ਸੀਐੱਮ ਵਜੋਂ ਨਿਤੀਸ਼ ਅੱਜ ਲੈਣਗੇ ਹਲਫ਼; ਤੇਜਸਵੀ ਬਣਨਗੇ ਉਪ ਮੁੱਖ ਮੰਤਰੀ * 164 ਵਿਧਾਇਕਾਂ ਦੀ ਹਮਾਇਤ ਦਾ ਦਾਅਵਾ

ਬਿਹਾਰ: ਨਿਤੀਸ਼ ਵੱਲੋਂ ਭਾਜਪਾ ਨਾਲ ਮੁੜ ਤੋੜ-ਵਿਛੋੜਾ

ਮੀਟਿੰਗ ਦੌਰਾਨ ਨਿਤੀਸ਼ ਕੁਮਾਰ ਦਾ ਸਵਾਗਤ ਕਰਦੇ ਹੋਏ ਤੇਜਸਵੀ ਯਾਦਵ। -ਫੋਟੋ: ਪੀਟੀਆਈ

ਪਟਨਾ, 9 ਅਗਸਤ

ਮੁੱਖ ਅੰਸ਼

  • ਤੇਜਸਵੀ ਨੇ ਕੁਮਾਰ ਨੂੰ ਦੇਸ਼ ਦਾ ਸਭ ਤੋਂ ਤਜਰਬੇਕਾਰ ਮੁੱਖ ਮੰਤਰੀ ਦੱਸਿਆ

ਬਿਹਾਰ ਦੇ ਘਾਗ ਸਿਆਸਤਦਾਨ ਨਿਤੀਸ਼ ਕੁਮਾਰ ਨੇ ਸੂਬੇ ਦੀ ਗੱਠਜੋੜ ਸਰਕਾਰ ’ਚ ਭਾਈਵਾਲ ਭਾਜਪਾ ਨਾਲੋਂ ਅੱਜ ਮੁੜ ਤੋੜ-ਵਿਛੋੜਾ ਕਰ ਲਿਆ ਹੈ। ਸੂਬੇ ਵਿੱਚ ਤੇਜ਼ੀ ਨਾਲ ਬਦਲਦੇ ਸਿਆਸੀ ਘਟਨਾਕ੍ਰਮ ਦੌਰਾਨ ਨਿਤੀਸ਼ ਨੇ ਅੱਜ ਰਾਜਪਾਲ ਫਾਗੂ ਚੌਹਾਨ ਨਾਲ ਦੋ ਵਾਰ ਮੁਲਾਕਾਤ ਕੀਤੀ। ਕੁਮਾਰ ਰਾਜਪਾਲ ਨੂੰ ਪਹਿਲੀ ਵਾਰ ਐੱਨਡੀਏ ਦੇ ਮੁੱਖ ਮੰਤਰੀ ਵਜੋਂ ਅਸਤੀਫ਼ਾ ਦੇਣ ਲਈ ਮਿਲੇ ਅਤੇ ਦੂਜੀ ਵਾਰ ਉਨ੍ਹਾਂ ਰਾਸ਼ਟਰੀ ਜਨਤਾ ਦਲ (ਆਰਜੇਡੀ) ਦੀ ਅਗਵਾਈ ਵਾਲੇ ‘ਮਹਾਗਠਬੰਧਨ’ (ਮਹਾ ਗੱਠਜੋੜ) ਦਾ ਆਗੂ ਚੁਣੇ ਜਾਣ ਮਗਰੋਂ ਸੂਬੇ ਵਿੱਚ ਮੁੜ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰਨ ਲਈ ਮੁਲਾਕਾਤ ਕੀਤੀ। ਕੁਮਾਰ ਨੇ ਰਾਜਪਾਲ ਨੂੰ 164 ਵਿਧਾਇਕਾਂ ਦੀ ਹਮਾਇਤ ਦੇ ਦਾਅਵੇ ਵਾਲੀ ਚਿੱਠੀ ਸੌਂਪੀ ਹੈ। ਸੂਤਰਾਂ ਮੁਤਾਬਕ ਨਿਤੀਸ਼ ਕੁਮਾਰ ਤੇ ਆਰਜੇਡੀ ਆਗੂ ਤੇਜਸਵੀ ਯਾਦਵ ਬੁੱਧਵਾਰ ਨੂੰ ਬਾਅਦ ਦੁਪਹਿਰ 2 ਵਜੇ ਰਾਜ ਭਵਨ ਵਿੱਚ ਕ੍ਰਮਵਾਰ ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਵਜੋਂ ਹਲਫ਼ ਲੈਣਗੇ। ਸੂਤਰਾਂ ਨੇ ਕਿਹਾ ਕਿ ਮੰਤਰੀਆਂ ਨੂੰ ਕੈਬਨਿਟ ਵਿੱਚ ਮਗਰੋਂ ਸ਼ਾਮਲ ਕੀਤਾ ਜਾਵੇਗਾ। ਬਿਹਾਰ ਅਸੈਂਬਲੀ ਵਿੱਚ ਕੁੱਲ 242 ਸੀਟਾਂ ਹਨ ਤੇ ਸਰਕਾਰ ਬਣਾਉਣ ਲਈ 122 ਵਿਧਾਇਕਾਂ ਦੀ ਹਮਾਇਤ ਲੋੜੀਂਦੀ ਹੈ। ਉਧਰ ਬਿਹਾਰ ਭਾਜਪਾ ਦੇ ਪ੍ਰਧਾਨ ਸੰਜੈ ਜੈਸਵਾਲ ਨੇ ਜੇਡੀਯੂ ਆਗੂ ’ਤੇ 2020 ਦੀਆਂ ਅਸੈਂਬਲੀ ਚੋਣਾਂ ਵਿੱਚ ਲੋਕਾਂ ਵੱਲੋਂ ਦਿੱਤੇ ਫ਼ਤਵੇ ਨਾਲ ਵਿਸ਼ਵਾਸਘਾਤ ਕਰਨ ਦਾ ਦੋਸ਼ ਲਾਇਆ ਹੈ। ਜੈਸਵਾਲ ਨੇ ਦਾਅਵਾ ਕੀਤਾ ਕਿ ਕੁਮਾਰ ਨੂੰ ‘ਬਿਹਾਰ ਦੇ ਲੋਕ ਸਜ਼ਾ ਦੇਣਗੇ।’ ਉਨ੍ਹਾਂ ਕਿਹਾ ਕਿ ਭਲਕੇ ਸਾਰੇ ਜ਼ਿਲ੍ਹਿਆਂ ਵਿੱਚ ਵੱਡੇ ਪੱਧਰ ’ਤੇ ਧਰਨੇ ਲਾਏ ਜਾਣਗੇ।

ਪਟਨਾ ਵਿੱਚ ਜੇਡੀ (ਯੂ) ਆਗੂ ਨਿਤੀਸ਼ ਕੁਮਾਰ, ਆਰਜੇਡੀ ਆਗੂ ਤੇਜਸਵੀ ਯਾਦਵ ਤੇ ਤੇਜ ਪ੍ਰਤਾਪ ਇਕੱਠਿਆਂ ਜਾਂਦੇ ਹੋਏ। -ਫੋਟੋ: ਪੀਟੀਆਈ

ਕੁਮਾਰ ਦੀ ਅੱਜ ਦੀ ਪੇਸ਼ਕਦਮੀ, 2017 ਵਿੱਚ ਜੇਡੀਯੂੁ ਆਗੂ ਵੱਲੋਂ ਪੁੱਟੇ ਕਦਮ ਤੋਂ ਬਿਲਕੁਲ ਉਲਟ ਹੈ। ਨਿਤੀਸ਼ ਕੁਮਾਰ ਉਦੋਂ ਮਹਾਗਠਬੰਧਨ ਸਰਕਾਰ ਨੂੰ ਅਲਵਿਦਾ ਆਖਦਿਆਂ ਮੁੜ ਐੱਨਡੀਏ ਵਿੱਚ ਸ਼ਾਮਲ ਹੋ ਗਏ ਸਨ। ਪਿਛਲੇ 9 ਸਾਲਾਂ ਵਿੱਚ ਦੂਜੀ ਵਾਰ ਹੈ ਜਦੋਂ ਨਿਤੀਸ਼ ਨੇ ਭਾਜਪਾ ਨੂੰ ਵੱਡਾ ਝਟਕਾ ਦਿੱਤਾ ਹੈ। ਨਿਤੀਸ਼ ਸਾਲ 2013 ਵਿੱਚ ਨਰਿੰਦਰ ਮੋਦੀ ਨੂੰ ਗੱਠਜੋੜ ਦਾ ਪ੍ਰਧਾਨ ਮੰਤਰੀ ਉਮੀਦਵਾਰ ਐਲਾਨੇ ਜਾਣ ਮਗਰੋਂ ਐੱਨਡੀਏ ਤੋਂ ਲਾਂਭੇ ਹੋ ਗਏ ਸਨ।

ਇਸ ਤੋਂ ਪਹਿਲਾਂ ਅੱਜ ਜੇਡੀਯੂ ਨੇ ਮੀਟਿੰਗ ਕੀਤੀ, ਜਿਸ ਵਿੱਚ ਮੁੱਖ ਮੰਤਰੀ ਨਿਤੀਸ਼ ਕੁਮਾਰ ਸਣੇ ਪਾਰਟੀ ਦੇ ਸਿਖਰਲੇ ਆਗੂ ਤੇ ਹੋਰ ਵਰਕਰ ਸ਼ਾਮਲ ਹੋਏ। ਮੀਟਿੰਗ ਦੌਰਾਨ ਪਾਰਟੀ ਨੇ ਭਾਜਪਾ ਉੱਤੇ ‘ਪਿੱਠ ਵਿੱਚ ਛੁਰਾ ਮਾਰਨ’ ਦਾ ਦੋਸ਼ ਲਾਇਆ। ਇਸ ਮਗਰੋਂ ਨਿਤੀਸ਼ ਰਾਜ ਭਵਨ ਗਏ ਤੇ ਉਨ੍ਹਾਂ ਜੇਡੀਯੂ-ਭਾਜਪਾ ਗੱਠਜੋੜ ਸਰਕਾਰ ਦੇ ਮੁੱਖ ਮੰਤਰੀ ਵਜੋਂ ਅਸਤੀਫ਼ਾ ਦੇ ਦਿੱਤਾ। ਰਾਜ ਭਵਨ ਤੋਂ ਨਿਤੀਸ਼ ਆਪਣੇ ਘਰ ਆਏ ਤੇ ਉਨ੍ਹਾਂ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ, ‘‘ਪਾਰਟੀ ਮੀਟਿੰਗ ਵਿੱਚ ਲਏ ਫੈਸਲੇ ਮੁਤਾਬਕ ਅਸੀਂ ਐੱਨਡੀੲੇ ਤੋਂ ਲਾਂਭੇ ਹੋ ਗਏ ਹਾਂ। ਇਸ ਲਈ ਮੈਂ ਐੱਨਡੀਏ ਦੇ ਮੁੱਖ ਮੰਤਰੀ ਵਜੋਂ ਅਸਤੀਫਾ ਦੇ ਦਿੱਤਾ ਹੈ।’’ ਕੁਮਾਰ ਮਗਰੋਂ ਆਪਣੀ ਰਿਹਾਇਸ਼ ਨਜ਼ਦੀਕ ਹੀ ਸਾਬਕਾ ਮੁੱਖ ਮੰਤਰੀ ਰਾਬੜੀ ਦੇਵੀ ਦੇ ਘਰ ਗਏ, ਜਿੱਥੇ ਆਰਜੇਡੀ, ਕਾਂਗਰਸ ਤੇ ਖੱਬੀਆਂ ਪਾਰਟੀਆਂ ਸਣੇ ਮਹਾਗਠਬੰਧਨ ਦੇ ਸਾਰੇ ਆਗੂ ਮੌਜੂਦ ਸਨ। ਕੁਮਾਰ, ਜੋ ਜੇਡੀਯੂ ਦੇ ਕੌਮੀ ਪ੍ਰਧਾਨ ਰਾਜੀਵ ਰੰਜਨ ਸਿੰਘ ਉਰਫ਼ ਲੱਲਣ ਸਿੰਘ ਨੂੰ ਨਾਲ ਲੈ ਕੇ ਰਾਬੜੀ ਦੇਵੀ ਦੀ ਰਿਹਾਇਸ਼ ’ਤੇ ਗਏ ਸਨ, ਉਥੇ ਅੱਧੇ ਘੰਟੇ ਦੇ ਕਰੀਬ ਰੁਕੇ। ਜਦੋਂ ਉਹ ਮੁੜੇ ਤਾਂ ਉਨ੍ਹਾਂ ਨਾਲ ਵਿਰੋਧੀ ਧਿਰ ਦੇ ਆਗੂ ਤੇ ਸਾਬਕਾ ਉਪ ਮੁੱਖ ਮੰਤਰੀ ਤੇਜਸਵੀ ਯਾਦਵ ਮੌਜੂਦ ਸਨ। ਯਾਦਵ ਨੇ ਹੱਥ ਵਿੱਚ ਕੁਮਾਰ ਨੂੰ ਹਮਾਇਤ ਵਾਲਾ ਪੱਤਰ ਫੜਿਆ ਹੋਇਆ ਸੀ। ਪੰਦਰਾਂ ਮਿੰਟਾਂ ਬਾਅਦ ਕੁਮਾਰ ਨੇ ਤੇਜਸਵੀ ਯਾਦਵ ਤੇ ਜੇਡੀਯੂ ਦੇ ਸੀਨੀਅਰ ਅਧਿਕਾਰੀਆਂ ਨੂੰ ਨਾਲ ਲੈ ਕੇ ਮੁੜ ਰਾਜਪਾਲ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨਵੀਂ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ। ਸਾਬਕਾ ਮੁੱਖ ਮੰਤਰੀ ਜੀਤਨ ਰਾਮ ਮਾਂਝੀ ਦੀ ਅਗਵਾਈ ਵਾਲੇ ਹਿੰਦੁਸਤਾਨੀ ਅਵਾਮ ਮੋਰਚਾ (ਐੱਚਏਐੱਮ) ਦੇ ਚਾਰ ਵਿਧਾਇਕਾਂ ਨੇ ਨਵੀਂ ਸਰਕਾਰ ਨੂੰ ਬਿਨਾਂ ਸ਼ਰਤ ਹਮਾਇਤ ਦੀ ਪੇਸ਼ਕਸ਼ ਕੀਤੀ ਹੈ। ਤੇਜਸਵੀ ਯਾਦਵ ਨੇ ਕਿਹਾ, ‘‘ਨਿਤੀਸ਼ ਦੇਸ਼ ਦੇ ਸਭ ਤੋਂ ਤਜਰਬੇਕਾਰ ਮੁੱਖ ਮੰਤਰੀ ਹਨ, ਜਿਨ੍ਹਾਂ ਇਹ ਦਲੇਰਾਨਾ ਕਦਮ ਪੁੱਟਿਆ ਹੈ।’’

ਇਸ ਤੋਂ ਪਹਿਲਾਂ ਅੱਜ ਦਿਨੇ ਜੇਡੀਯੂ ਆਗੂਆਂ ਦੀ ਮੀਟਿੰਗ ਦੌਰਾਨ ਸੀਨੀਅਰ ਆਗੂ ਉਪੇਂਦਰ ਕੁਸ਼ਵਾਹਾ ਨੇ ਇਕ ਟਵੀਟ ਵਿੱਚ ਨਿਤੀਸ਼ ਕੁਮਾਰ ਨੂੰ ‘ਨਵੇਂ ਰੂਪ ਵਾਲੇ ਨਵੇਂ ਗੱਠਜੋੜ’ ਦੀ ਅਗਵਾਈ ਕਰਨ ਲਈ ਵਧਾਈ ਦਿੱਤੀ। ਸੂਤਰਾਂ ਮੁਤਾਬਕ ਮੀਟਿੰਗ ਦੌਰਾਨ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਪਾਰਟੀ ਵਿਧਾਇਕਾਂ ਤੇ ਸੰਸਦ ਮੈਂਬਰਾਂ ਨੂੰ ਕਿਹਾ ਕਿ ਭਾਜਪਾ, ਜੋ ਜੇਡੀਯੂ ਨੂੰ ਕਮਜ਼ੋਰ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ, ਨੇ ਉਨ੍ਹਾਂ ਨੂੰ ਕੰਧ ਨਾਲ ਲਾ ਛੱਡਿਆ ਹੈ। ਪਹਿਲਾਂ ਚਿਰਾਗ ਪਾਸਵਾਨ ਦੀ ਬਗ਼ਾਵਤ ਨੂੰ ਹੱਲਾਸ਼ੇਰੀ ਦਿੱਤੀ ਤੇ ਮਗਰੋਂ ਪਾਰਟੀ ਦੇ ਸਾਬਕਾ ਕੌਮੀ ਪ੍ਰਧਾਨ ਆਰ.ਸੀ.ਪੀ.ਸਿੰਘ ਦੇ ਮੋਢੇ ’ਤੇ ਬੰਦੂਕ ਰੱਖ ਕੇ ਨਿਸ਼ਾਨਾ ਲਾਇਆ। ਕਾਬਿਲੇਗੌਰ ਹੈ ਕਿ ਸਿੰਘ ਨੂੰ ਕੁਮਾਰ ਦੀ ਸਹਿਮਤੀ ਤੋਂ ਬਗੈਰ ਹੀ ਕੇਂਦਰ ਵਿੱਚ ਕੈਬਨਿਟ ਮੰਤਰੀ ਬਣਾਇਆ ਗਿਆ ਅਤੇ ਜਦੋਂ ਸਿੰਘ ਦੀ ਰਾਜ ਸਭਾ ਮੈਂਬਰ ਵਜੋਂ ਮਿਆਦ ਪੁੱਗੀ ਤਾਂ ਜੇਡੀਯੂ ਨੇ ਉਨ੍ਹਾਂ ਨੂੰ ਇਕ ਹੋਰ ਕਾਰਜਕਾਲ ਦੇਣ ਤੋਂ ਨਾਂਹ ਕਰ ਦਿੱਤੀ। ਪਿਛਲੇ ਕੁਝ ਸਮੇਂ ਤੋਂ ਭਾਜਪਾ ਤੇ ਜੇਡੀਯੂ ਦੇ ਰਿਸ਼ਤਿਆਂ ਵਿੱਚ ਤਲਖੀ ਵੇਖਣ ਨੂੰ ਮਿਲ ਰਹੀ ਸੀ। ਜੇਡੀਯੂ ਨੇ ਜਾਤੀ ਆਧਾਰਿਤ ਜਨਗਣਨਾ, ਆਬਾਦੀ ਕੰਟਰੋਲ ਤੇ ਅਗਨੀਪਥ ਰੱਖਿਆ ਭਰਤੀ ਸਕੀਮ ਸਣੇ ਕਈ ਹੋਰ ਮੁੱਦਿਆਂ ’ਤੇ ਕੇਂਦਰ ਦੀ ਭਾਜਪਾ ਸਰਕਾਰ ਨਾਲ ਅਸਹਿਮਤੀ ਜਤਾਈ ਸੀ। ਉਧਰ ਭਾਜਪਾ ਨੇ ਨਿਤੀਸ਼ ਦੇ ਇਸ ਨਵੇਂ ਦਾਅ ਨੂੰ ਲੈ ਕੇ ਅੱਜ ਉਪ ਮੁੱਖ ਮੰਤਰੀ ਤਾਰਕਿਸ਼ੋਰ ਪ੍ਰਸਾਦ ਦੀ ਰਿਹਾਇਸ਼ ’ਤੇ ਮੀਟਿੰਗ ਕੀਤੀ, ਜਿਸ ਵਿੱਚ ਪਾਰਟੀ ਨਾਲ ਸਬੰਧਤ ਸਾਰੇ ਮੰਤਰੀ, ਸੂਬਾਈ ਪ੍ਰਧਾਨ ਸੰਜੈ ਜੈਸਵਾਲ ਤੇ ਹੋਰ ਸੀਨੀਅਰ ਆਗੂ ਮੌਜੂਦ ਸਨ। 242 ਬਿਹਾਰ ਅਸੈਂਬਲੀ ਵਿੱਚ ਆਰਜੇਡੀ ਦੇ 79, ਭਾਜਪਾ ਦੇ 77 ਤੇ ਜੇਡੀਯੂ ਦੇ 44 ਵਿਧਾਇਕ ਹਨ। ਜੇਡੀਯੂ ਕੋਲ ਹਿੰਦੁਸਤਾਨੀ ਅਵਾਮ ਮੋਰਚਾ ਦੇ ਚਾਰ ਤੇ ਇਕ ਆਜ਼ਾਦ ਵਿਧਾਇਕ ਦੀ ਹਮਾਇਤ ਹੈ। ਹੋਰਨਾਂ ਪਾਰਟੀਆਂ ਵਿੱਚ ਕਾਂਗਰਸ ਦੇ 19, ਸੀਪੀਆਈਐੈੱਮਐੱਲ (ਐੱਲ) ਦੇ 12 ਤੇ ਸੀਪੀਆਈ ਤੇ ਸੀਪੀਐੱਮ ਦੇ ਦੋ-ਦੋ ਵਿਧਾਇਕ ਹਨ। ਇਕ ਵਿਧਾਇਕ ਅਸਦੂਦੀਨ ਓਵਾਇਸੀ ਦੀ ਪਾਰਟੀ ਏਆਈਐੱਮਆਈਐੱਮ ਦਾ ਹੈ। -ਪੀਟੀਆਈ

ਕਿਸੇ ਵੀ ਗੈਰ-ਭਾਜਪਾ ਸਰਕਾਰ ਦੀ ਹਮਾਇਤ ਕਰਾਂਗੇ: ਕਾਂਗਰਸ

ਨਵੀਂ ਦਿੱਲੀ: ਕਾਂਗਰਸ ਨੇ ਕਿਹਾ ਕਿ ਉਹ ਧਰਮਨਿਰਪੱਖ ਤਾਕਤਾਂ ਨੂੰ ਮਜ਼ਬੂਤ ਕਰਨ ਲਈ ਕਿਸੇ ਵੀ ਗੈਰ-ਭਾਜਪਾ ਸਰਕਾਰ ਨੂੰ ਹਮਾਇਤ ਦੇਣ ਲਈ ਤਿਆਰ ਹੈ। ਕਾਂਗਰਸ ਦੇ ਬਿਹਾਰ ਅਸੈਂਬਲੀ ਵਿੱਚ 19 ਵਿਧਾਇਕ ਹਨ ਤੇ ਪਾਰਟੀ ਆਰਜੇਡੀ ਵੱਲੋਂ ਲਏ ਫੈਸਲੇ ਦੀ ਹਮਾਇਤ ਕਰੇਗੀ। ਕਾਂਗਰਸ ਦੇ ਜਨਰਲ ਸਕੱਤਰ ਤਾਰਿਕ ਅਨਵਰ ਨੇ ਕਿਹਾ, ‘‘ਅਸੀਂ ਸੱਤਾ ਦੀ ਨਹੀਂ ਬਲਕਿ ਵਿਚਾਰਧਾਰਕ ਲੜਾਈ ਲੜ ਰਹੇ ਹਾਂ। ਕਾਂਗਰਸ ਧਰਮਨਿਰਪੇਖ ਤਾਕਤਾਂ ਦੇ ਹੱਥ ਮਜ਼ਬੂਤ ਕਰਨ ਲਈ ਕਿਸੇ ਵੀ ਗੈਰ-ਭਾਜਪਾ ਸਰਕਾਰ ਦੀ ਹਮਾਇਤ ਕਰੇਗੀ।’’ ਪਾਰਟੀ ਸੂਤਰਾਂ ਨੇ ਕਿਹਾ ਕਿ ਜੇਡੀਯੂ ਆਗੂ ਨਿਤੀਸ਼ ਕੁਮਾਰ ਨੇ ਕਾਂਗਰਸ ਆਗੂਆਂ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਨਾਲ ਗੱਲਬਾਤ ਕਰਕੇ ਉਨ੍ਹਾਂ ਵੱਲੋਂ ਦਿੱਤੀ ਹਮਾਇਤ ਲਈ ਧੰਨਵਾਦ ਕੀਤਾ। ਸੂਤਰਾਂ ਨੇ ਕਿਹਾ ਕਿ ਕਾਂਗਰਸ ਦੀ ਬਿਹਾਰ ਦੀ ਨਵੀਂ ਸਰਕਾਰ ਵਿੱਚ ਸਰਗਰਮ ਭੂਮਿਕਾ ਹੋਵੇਗੀ। -ਪੀਟੀਆਈ

ਰਾਸ਼ਟਰਪਤੀ ਰਾਜ ਲਾ ਕੇ ਨਵੇਂ ਸਿਰੇ ਤੋਂ ਚੋਣਾਂ ਹੋਣ: ਚਿਰਾਗ

ਨਵੀਂ ਦਿੱਲੀ: ਲੋਕ ਜਨਸ਼ਕਤੀ ਪਾਰਟੀ (ਰਾਮ ਵਿਲਾਸ) ਦੇ ਆਗੂ ਚਿਰਾਗ ਪਾਸਵਾਨ ਨੇ ਬਿਹਾਰ ਵਿੱਚ ਰਾਸ਼ਟਰਪਤੀ ਰਾਜ ਲਾਉਣ ਤੇ ਨਵੇਂ ਸਿਰੇ ਤੋਂ ਅਸੈਂਬਲੀ ਚੋਣਾਂ ਕਰਵਾਉਣ ਦੀ ਮੰਗ ਕੀਤੀ ਹੈ। ਚਿਰਾਗ ਨੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੂੰ ਦੂਜੀ ਵਾਰ ਲੋਕ ਫ਼ਤਵੇ ਦਾ ਨਿਰਾਦਰ ਕਰਨ ਲਈ ਭੰਡਿਆ ਹੈ। ਚਿਰਾਗ ਨੇ ਭਾਜਪਾ ਦੀ ਹਮਾਇਤ ਵਿੱਚ ਨਿੱਤਰਦਿਆਂ ਕਿਹਾ ਕਿ ਭਗਵਾ ਪਾਰਟੀ ਨੇ ਆਪਣੀਆਂ ਨੀਤੀਆਂ ਨਾਲ ਸਮਝੌਤਾ ਕਰਕੇ ਉਹ ਸਭ ਕੁਝ ਸਵੀਕਾਰ ਕੀਤਾ, ਜੋ ਕੁਮਾਰ ਮੁੱਖ ਮੰਤਰੀ ਵਜੋਂ ਚਾਹੁੰਦੇ ਸੀ। ਚਿਰਾਗ ਪਾਸਵਾਨ ਨੇ ਕਿਹਾ, ‘‘ਨਿਤੀਸ਼ ਕੁਮਾਰ ਨੇ ਮੁੜ ਲੋਕ ਫ਼ਤਵੇ ਦਾ ਨਿਰਾਦਰ ਕੀਤਾ ਹੈ। ਉਹ ਆਪਣੀ ਭਰੋਸੇਯੋਗਤਾ ਗੁਆ ਚੁੱਕੇ ਹਨ...ਕੀ ਇਹ ਮਜ਼ਾਕ ਹੈ? ਮੈਂ ਰਾਜਪਾਲ ਨੂੰ ਅਪੀਲ ਕਰਾਂਗਾ ਕਿ ਉਹ ਸੂਬੇ ਵਿੱਚ ਰਾਸ਼ਟਰਪਤੀ ਰਾਜ ਲਾਉਣ ਦੀ ਸਿਫਾਰਸ਼ ਕਰਨ। ਸੱਜਰੇ ਫ਼ਤਵੇ ਲਈ ਚੋਣਾਂ ਕਰਵਾਈਆਂ ਜਾਣ।’’ -ਪੀਟੀਆਈ

ਨਿਤੀਸ਼ ਨੇ ਲੋਕ ਫ਼ਤਵੇ ਦਾ ਨਿਰਾਦਰ ਕੀਤਾ: ਭਾਜਪਾ

ਪਟਨਾ/ਨਵੀਂ ਦਿੱਲੀ: ਭਾਜਪਾ ਨੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ’ਤੇ ਲੋਕਾਂ ਵੱਲੋਂ ਦਿੱਤੇ ਫ਼ਤਵੇ ਦਾ ‘ਨਿਰਾਦਰ ਤੇ ਵਿਸ਼ਵਾਸਘਾਤ’ ਕਰਨ ਦਾ ਦੋਸ਼ ਲਾਇਆ ਹੈ। ਭਾਜਪਾ ਨੇ ਕਿਹਾ ਕਿ ਨਿਤੀਸ਼ ਨੇ ਪ੍ਰਧਾਨ ਮੰਤਰੀ ਬਣਨ ਦੀ ਆਪਣੀ ਖਾਹਿਸ਼ ਨੂੰ ਪੂਰਾ ਕਰਨ ਲਈ ਹੀ ਜੇਡੀਯੂ ਨਾਲੋਂ ਤੋੜ-ਵਿਛੋੜਾ ਕਰਕੇ ਆਰਜੇਡੀ ਦੀ ਅਗਵਾਈ ਵਾਲੀ ਵਿਰੋਧੀ ਧਿਰ ਨਾਲ ਹੱਥ ਮਿਲਾਇਆ ਹੈ। ਭਾਜਪਾ ਆਗੂਆਂ ਨੇ ਚੇਤੇ ਕਰਵਾਇਆ ਕਿ ਨਿਤੀਸ਼ ਨੇ ਸਾਲ 2017 ਵਿੱਚ ਆਰਜੇਡੀ ਆਗੂ ਤੇਜਸਵੀ ਯਾਦਵ ’ਤੇ ਲੱਗੇ ਭ੍ਰਿਸ਼ਟਾਚਾਰਾਂ ਦੇ ਦੋਸ਼ਾਂ ਦੇ ਹਵਾਲੇ ਨਾਲ ਹੀ ਮਹਾਗਠਬੰਧਨ ਸਰਕਾਰ ਨੂੰ ਅਲਵਿਦਾ ਆਖੀ ਸੀ ਤੇ ਹੁਣ ਉਹ ਇਸੇ ਗੱਠਜੋੜ ਨਾਲ ਸਾਂਝ ਪਾਉਣ ਦੇ ਆਪਣੇ ਫੈਸਲੇ ਨੂੰ ਕਿਵੇਂ ਤਰਕਸੰਗਤ ਠਹਿਰਾਉਣਗੇ। ਉਨ੍ਹਾਂ ਚੁਟਕੀ ਲੈਂਦਿਆਂ ਨਿਤੀਸ਼ ਕੁਮਾਰ ਨੂੰ ‘ਪਲਟੂ ਰਾਮ’ ਦੱਸਿਆ। ਬੀਤੇ ਵਿੱਚ ਸਭ ਤੋਂ ਪਹਿਲਾਂ ਆਰਜੇਡੀ ਸੁਪਰੀਮੋ ਲਾਲੂ ਪ੍ਰਸਾਦ ਯਾਦਵ ਨੇ ਨਿਤੀਸ਼ ਕੁਮਾਰ ’ਤੇ ਇਹ ਫਬਤੀ ਕੱਸੀ ਸੀ। ਉਧਰ ਆਰਸੀਪੀ ਸਿੰਘ, ਜੋ ਕਦੇ ਨਿਤੀਸ਼ ਦੇ ਬਹੁਤ ਨੇੜੇ ਸਨ, ਨੇ ਵੀ ਮੁੱਖ ਮੰਤਰੀ ’ਤੇ 2020 ਅਸੈਂਬਲੀ ਚੋਣਾਂ ਵਿੱਚ ਭਾਜਪਾ ਦੀ ਅਗਵਾਈ ਵਾਲੇ ਐੱਨਡੀਏ ਨੂੰ ਮਿਲੇ ਫ਼ਤਵੇ ਨਾਲ ਵਿਸ਼ਵਾਸਘਾਤ ਕਰਨ ਦਾ ਦੋਸ਼ ਲਾਇਆ ਹੈ। ਭਾਜਪਾ ਆਗੂ ਤੇ ਕੇਂਦਰੀ ਮੰਤਰੀ ਗਿਰੀਰਾਜ ਸਿੰਘ ਨੇ ਕਿਹਾ ਕਿ ਭਾਜਪਾ ਨੇ ਹੀ 1996 ਵਿੱਚ ਮੁੱਖ ਮੰਤਰੀ ਉਮੀਦਵਾਰ ਵਜੋਂ ਨਿਤੀਸ਼ ਦੇ ਨਾਂ ’ਤੇ ਮੋਹਰ ਲਾਈ ਸੀ। ਸਾਲ 2020 ਵਿੱਚ ਜੇਡੀਯੂ ਨਾਲੋਂ ਵੱਧ ਸੀਟਾਂ ਜਿੱਤਣ ਦੇ ਬਾਵਜੂਦ ਭਾਜਪਾ ਨੇ ਨਿਤੀਸ਼ ਨੂੰ ਮੁੱਖ ਮੰਤਰੀ ਦੀ ਕੁਰਸੀ ਦਿੱਤੀ। ਸਿੰਘ ਨੇ ਕਿਹਾ ਕਿ 2013 ਵਿੱਚ ਨਿਤੀਸ਼ ਦੇ ਮਨ ਵਿੱਚ ਪ੍ਰਧਾਨ ਮੰਤਰੀ ਬਣਨ ਦੀ ਇੱਛਾ ਸੀ, ਜਿਸ ਕਰਕੇ ਉਨ੍ਹਾਂ ਨੂੰ ਭਾਜਪਾ ਨਾਲੋਂ ਵੱਖ ਹੋਣ ਦਾ ਕਾਰਨ ਮਿਲ ਗਿਆ, ਹੁਣ ਫਿਰ ਉਹੀ ਖਾਹਿਸ਼ ਉਨ੍ਹਾਂ ਦੇ ਮਨ ਵਿੱਚ ਘਰ ਕਰ ਗਈ ਹੈ। ਸਿੰਘ ਨੇ ਕੁਮਾਰ ਨੂੰ ‘ਪਲਟੂ ਰਾਮ’ ਕਹਿ ਕੇ ਉਨ੍ਹਾਂ ਦਾ ਮਖੌਲ ਉਡਾਇਆ। ਤੇਜਸਵੀ ਯਾਦਵ ਨੇ ਵੀ 2017 ਵਿੱਚ ਕੁਮਾਰ ਲਈ ਇਹ ਫ਼ਬਤੀ ਵਰਤੀ ਸੀ। ਸਾਬਕਾ ਕੇਂਦਰੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਕਿਹਾ ਕਿ ਜੇਕਰ ਭਾਜਪਾ, ਜੇਡੀਯੂ ਨੂੰ ਪ੍ਰੇਸ਼ਾਨ ਕਰ ਰਹੀ ਸੀ ਤਾਂ ਕੁਮਾਰ ਨੂੰ 2020 ਵਿੱਚ ਇਸ ਬਾਰੇ ਗੱਲ ਕਰਨੀ ਚਾਹੀਦੀ ਸੀ। ਪ੍ਰਸਾਦ ਨੇ ਕਿਹਾ ਕਿ ਕੁਮਾਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਮ ’ਤੇ ਵੋਟਾਂ ਲਈਆਂ ਤੇ ਹੁਣ ਸੱਤਾ ਦਾ ਸੁੱਖ ਭੋਗਣ ਲਈ ਲੋਕ ਫ਼ਤਵੇ ਦਾ ਨਿਰਾਦਰ ਕਰ ਰਹੇ ਹਨ। ਭਾਜਪਾ ਆਗੂ ਤੇ ਕੇਂਦਰੀ ਮੰਤਰੀ ਅਸ਼ਵਨੀ ਚੌਬੇ ਨੇ ਕੁਮਾਰ ਨੂੰ ‘ਮੌਕਾਪ੍ਰਸਤ’ ਦੱਸਿਆ। -ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵਧਦੀਆਂ ਕੀਮਤਾਂ ਅਤੇ ਅਰਥਚਾਰੇ ਦੀ ਖੜੋਤ

ਵਧਦੀਆਂ ਕੀਮਤਾਂ ਅਤੇ ਅਰਥਚਾਰੇ ਦੀ ਖੜੋਤ

ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰੇ

ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰੇ

ਲੜਖੜਾ ਰਹੀ ਕੈਨੇਡਾ ਦੀ ਰੀਅਲ ਅਸਟੇਟ

ਲੜਖੜਾ ਰਹੀ ਕੈਨੇਡਾ ਦੀ ਰੀਅਲ ਅਸਟੇਟ

ਬੇਹਿਸਾਬ ਲਾਲਚ ਦੇ ਘੁੱਟ

ਬੇਹਿਸਾਬ ਲਾਲਚ ਦੇ ਘੁੱਟ

ਭਾਰਤੀ ਅਰਥਚਾਰਾ ਸਵਾਲਾਂ ਦੇ ਘੇਰੇ ’ਚ

ਭਾਰਤੀ ਅਰਥਚਾਰਾ ਸਵਾਲਾਂ ਦੇ ਘੇਰੇ ’ਚ

ਮੁੱਖ ਖ਼ਬਰਾਂ

ਗੁਜਰਾਤ ਵਿੱਚ ਮੁੜ ਖਿੜੇਗਾ ਕਮਲ

ਗੁਜਰਾਤ ਵਿੱਚ ਮੁੜ ਖਿੜੇਗਾ ਕਮਲ

ਹਿਮਾਚਲ ਪ੍ਰਦੇਸ਼ ਵਿੱਚ ਭਾਜਪਾ ਤੇ ਕਾਂਗਰਸ ਦਰਮਿਆਨ ਫਸਵੀਂ ਟੱਕਰ

ਹਰਿਆਣਾ ਸਰਕਾਰ ਵੱਲੋਂ ਕਿਸਾਨ ਅੰਦੋਲਨ ਦੌਰਾਨ ਦਰਜ ਕੇਸ ਰੱਦ ਕਰਨ ਦੀ ਤਿਆਰੀ

ਹਰਿਆਣਾ ਸਰਕਾਰ ਵੱਲੋਂ ਕਿਸਾਨ ਅੰਦੋਲਨ ਦੌਰਾਨ ਦਰਜ ਕੇਸ ਰੱਦ ਕਰਨ ਦੀ ਤਿਆਰੀ

ਕੇਸਾਂ ਦੀ ਮੌਜੂਦਾ ਸਥਿਤੀ ਜਾਣਨ ਲਈ ਗ੍ਰਹਿ ਮੰਤਰੀ ਅੱਜ ਕਰਨਗੇ ਅਧਿਕਾਰੀਆ...

ਸ਼ਹਿਰ

View All