ਬਿਹਾਰ ਅਪਰਾਧਾਂ ਦੀ ਰਾਜਧਾਨੀ ਬਣਿਆ: ਰਾਹੁਲ ਗਾਂਧੀ
ਨਵੀਂ ਦਿੱਲੀ, 6 ਜੁਲਾਈ
ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅੱਜ ਕਿਹਾ ਕਿ ਪਟਨਾ ਦੇ ਕਾਰੋਬਾਰੀ ਗੋਪਾਲ ਖੇਮਕਾ ਨੂੰ ਉਸ ਦੇ ਘਰ ਦੇ ਬਾਹਰ ਗੋਲੀ ਮਾਰਨ ਦੀ ਘਟਨਾ ਨਾਲ ਇੱਕ ਵਾਰ ਫਿਰ ਸਾਬਤ ਹੋ ਗਿਆ ਹੈ ਕਿ ਭਾਜਪਾ ਅਤੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਮਿਲ ਕੇ ਬਿਹਾਰ ਨੂੰ ‘ਅਪਰਾਧਾਂ ਦੀ ਰਾਜਧਾਨੀ’ ਬਣਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅਗਲੀਆਂ ਵਿਧਾਨ ਸਭਾ ਚੋਣਾਂ ਸਿਰਫ ਸਰਕਾਰ ਬਦਲਣ ਲਈ ਹੀ ਨਹੀਂ ਸਗੋਂ ਸੂਬੇ ਨੂੰ ਬਚਾਉਣ ਲਈ ਹੋਣਗੀਆਂ। ਬੀਤੇ ਦਿਨ ਪਟਨਾ ਵਿੱਚ ਮੋਟਰਸਾਈਕਲ ਸਵਾਰ ਕੁੱਝ ਵਿਅਕਤੀਆਂ ਨੇ ਖੇਮਕਾ ਦੇ ਘਰ ਦੇ ਬਾਹਰ ਗੋਲੀਆਂ ਚਲਾ ਕੇ ਉਸ ਦੀ ਹੱਤਿਆ ਕਰ ਦਿੱਤੀ ਸੀ। ਸੱਤ ਸਾਲ ਪਹਿਲਾਂ ਹਾਜੀਪੁਰ ਵਿੱਚ ਉਸ ਦੇ ਪੁੱਤਰ ਦੀ ਵੀ ਇਸੇ ਤਰ੍ਹਾਂ ਗੋਲੀਆਂ ਮਾਰ ਕੇ ਹੱਤਿਆ ਕੀਤੀ ਗਈ ਸੀ। ਇਸ ਬਾਰੇ ਰਾਹੁਲ ਨੇ ਐਕਸ ’ਤੇ ਕਿਹਾ ਕਿ ਪਟਨਾ ਵਿੱਚ ਕਾਰੋਬਾਰੀ ਗੋਪਾਲ ਖੇਮਕਾ ਦੀ ਹੱਤਿਆ ਨੇ ਮੁੜ ਸਾਬਤ ਕਰ ਦਿੱਤਾ ਹੈ ਕਿ ਭਾਜਪਾ ਅਤੇ ਨਿਤੀਸ਼ ਕੁਮਾਰ ਨੇ ਮਿਲ ਕੇ ਬਿਹਾਰ ਨੂੰ ‘ਭਾਰਤ ਦੀ ਅਪਰਾਧਾਂ ਦੀ ਰਾਜਧਾਨੀ’ ਬਣਾ ਦਿੱਤਾ ਹੈ।
ਉਨ੍ਹਾਂ ਕਿਹਾ, ‘ਅੱਜ ਬਿਹਾਰ ਡਕੈਤੀ, ਗੋਲੀਬਾਰੀ ਅਤੇ ਹੱਤਿਆਵਾਂ ਦੇ ਪਰਛਾਵੇਂ ਹੇਠ ਜੀਅ ਰਿਹਾ ਹੈ। ਇੱਥੇ ਅਪਰਾਧ ਆਮ ਹੋ ਗਿਆ ਹੈ ਅਤੇ ਸਰਕਾਰ ਇਨ੍ਹਾਂ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਅਸਫਲ ਰਹੀ ਹੈ।’
ਉਨ੍ਹਾਂ ਕਿਹਾ, ‘ਬਿਹਾਰ ਦੇ ਭਰਾਵੋ ਤੇ ਭੈਣੋ, ਇਹ ਬੇਇਨਸਾਫ਼ੀ ਹੋਰ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ। ਜੋ ਸਰਕਾਰ ਤੁਹਾਡੇ ਬੱਚਿਆਂ ਦੀ ਰਾਖੀ ਨਹੀਂ ਕਰ ਸਕਦੀ, ਉਹ ਤੁਹਾਡੇ ਭਵਿੱਖ ਦੀ ਜ਼ਿੰਮੇਵਾਰੀ ਵੀ ਨਹੀਂ ਲੈ ਸਕਦੀ।’ ਉਨ੍ਹਾਂ ਕਿਹਾ, ‘ਹਰ ਹੱਤਿਆ, ਹਰ ਡਕੈਤੀ ਅਤੇ ਹਰ ਗੋਲੀ ਬਦਲਾਅ ਦੀ ਮੰਗ ਕਰ ਰਹੀ ਹੈ। ਹੁਣ ਨਵਾਂ ਬਿਹਾਰ ਲਿਆਉਣ ਦਾ ਸਮਾਂ ਆ ਗਿਆ ਹੈ, ਜਿੱਥੇ ਕੋਈ ਡਰ ਨਹੀਂ, ਸਗੋਂ ਤਰੱਕੀ ਹੋਵੇਗੀ।’ -ਪੀਟੀਆਈ