Bihar Floods: ਗੰਗਾ ਦਾ ਪਾਣੀ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ; ਨੀਵੇਂ ਇਲਾਕਿਆਂ ’ਚ ਚੌਕਸੀ
ਬਿਹਾਰ ’ਚ 22 ਲੱਖ ਤੋਂ ਵੱਧ ਲੋਕ ਪ੍ਰਭਾਵਿਤ; ਵਿਰੋਧੀ ਧਿਰਾਂ ਵੱਲੋਂ ਬਿਹਾਰ ’ਚ ਆਏ ਹਡ਼੍ਹ ਨੂੰ ਕੌਮੀ ਆਫ਼ਤ ਐਲਾਨਣ ਦੀ ਮੰਗ
ਭਾਰੀ ਮੀਂਹ ਕਾਰਨ ਬਿਹਾਰ ਅਤੇ ਗੁਆਂਢੀ ਸੂਬੇ ਝਾਰਖੰਡ ਵਿੱਚ ਦਰਿਆਵਾਂ ਦਾ ਪਾਣੀ ਚੜ੍ਹਨ ਕਾਰਨ 12 ਜ਼ਿਲ੍ਹਿਆਂ ਦੇ 22.42 ਲੱਖ ਤੋਂ ਵੱਧ ਲੋਕ ਹੜ੍ਹਾਂ ਨਾਲ ਪ੍ਰਭਾਵਿਤ ਹੋਏ ਹਨ। ਪਟਨਾ ਦੇ ਗਾਂਧੀ ਘਾਟ ’ਤੇ ਗੰਗਾ ਦਾ ਪਾਣੀ ਸਭ ਤੋਂ ਉਪਰਲੇ ਹੜ੍ਹ ਦੇ ਪੱਧਰ (ਐੱਚ ਐੱਫ ਐੱਲ) ਤੋਂ ਉੱਪਰ ਜਾਣ ਮਗਰੋਂ ਹੇਠਲੇ ਇਲਾਕਿਆਂ ਵਿੱਚ ਚੌਕਸੀ ਵਧਾ ਦਿੱਤੀ ਗਈ ਹੈ।
ਐਤਵਾਰ ਸਵੇਰੇ 6 ਵਜੇ ਗਾਂਧੀ ਘਾਟ ’ਤੇ ਗੰਗਾ ਦਾ ਪਾਣੀ 50.57 ਮੀਟਰ ਦਰਜ ਕੀਤਾ ਗਿਆ, ਜੋ 21 ਅਗਸਤ 2016 ਨੂੰ ਦਰਜ 50.52 ਮੀਟਰ ਦੇ ਪਿਛਲੇ ਐੱਚ ਐੱਫ ਐੱਲ ਤੋਂ 0.05 ਮੀਟਰ ਵੱਧ ਹੈ। ਪਾਂਡਾਰਕ ਵਿੱਚ ਪਾਣੀ 43.92 ਮੀਟਰ ਸੀ, ਜੋ ਪਿਛਲੇ ਐੱਚ ਐੱਫ ਐੱਲ ਤੋਂ 0.19 ਮੀਟਰ ਵੱਧ ਹੈ। ਅਧਿਕਾਰੀਆਂ ਮੁਤਾਬਕ ਅਗਲੇ ਇੱਕ ਤੋਂ ਤਿੰਨ ਦਿਨਾਂ ਵਿੱਚ ਹਾਥੀਦਾਹ ਸਮੇਤ ਹੋਰ ਗੇਜ ਸਟੇਸ਼ਨਾਂ ’ਤੇ ਸਥਿਤੀ ਹੋਰ ਗੰਭੀਰ ਹੋ ਸਕਦੀ ਹੈ। ਸਰਕਾਰੀ ਅੰਕੜਿਆਂ ਅਨੁਸਾਰ ਪਟਨਾ, ਭੋਜਪੁਰ, ਸਾਰਨ, ਵੈਸ਼ਾਲੀ, ਭਾਗਲਪੁਰ, ਬੇਗੂਸਰਾਏ, ਬਕਸਰ, ਸਮਸਤੀਪੁਰ, ਮੁੰਗੇਰ, ਕਟਿਹਾਰ ਅਤੇ ਅਰਵਲ ਜ਼ਿਲ੍ਹੇ ਪ੍ਰਭਾਵਿਤ ਹਨ। ਗੰਡਕ, ਕੋਸੀ, ਬੂੜ੍ਹੀ ਗੰਡਕ, ਗੰਗਾ, ਪੁਨਪੁਨ, ਬਾਗਮਤੀ ਅਤੇ ਘਾਗਰਾ ਸਮੇਤ ਕਈ ਦਰਿਆ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਵਹਿ ਰਹੇ ਹਨ।
ਹੜ੍ਹ ਪ੍ਰਭਾਵਿਤ ਲੋਕਾਂ ਲਈ 190 ਕਮਿਊਨਿਟੀ ਰਸੋਈਆਂ ਚਲਾਈਆਂ ਜਾ ਰਹੀਆਂ ਹਨ ਅਤੇ 1,429 ਕਿਸ਼ਤੀਆਂ ਰਾਹਤ ਤੇ ਬਚਾਅ ਕਾਰਜਾਂ ਵਿੱਚ ਲਗਾਈਆਂ ਗਈਆਂ ਹਨ। ਐੱਸ ਡੀ ਆਰ ਐੱਫ ਦੀਆਂ 27 ਅਤੇ ਐੱਨ ਡੀ ਆਰ ਐੱਫ ਦੀਆਂ 10 ਟੀਮਾਂ ਵੀ ਤਾਇਨਾਤ ਹਨ।
ਉੱਤਰ ਪ੍ਰਦੇਸ਼ ’ਚ ਮੀਂਹ ਕਾਰਨ ਮਕਾਨ ਡਿੱਗੇ; ਛੇ ਦੀ ਮੌਤ
ਕਾਨਪੁਰ/ਬਦਾਯੂੰ: ਉੱਤਰ ਪ੍ਰਦੇਸ਼ ਵਿੱਚ ਮੀਂਹ ਕਾਰਨ ਮਕਾਨ ਡਿੱਗਣ ਦੀਆਂ ਵੱਖ-ਵੱਖ ਘਟਨਾਵਾਂ ਵਿੱਚ ਛੇ ਲੋਕਾਂ ਦੀ ਮੌਤ ਹੋ ਗਈ। ਕਾਨਪੁਰ ਵਿੱਚ ਇਕ ਕੱਚਾ ਮਕਾਨ ਡਿੱਗਣ ਕਾਰਨ ਇਕ ਵਿਅਕਤੀ ਅਤੇ ਉਸ ਦੀਆਂ ਤਿੰਨ ਨਾਬਾਲਗ ਧੀਆਂ ਦੀ ਮੌਤ ਹੋ ਗਈ, ਜਦਕਿ ਇਕ ਹੋਰ ਧੀ ਗੰਭੀਰ ਜ਼ਖ਼ਮੀ ਹੋ ਗਈ। ਪੁਲੀਸ ਮੁਤਾਬਕ ਕਾਨਪੁਰ ਦੇ ਹਿਰਨੀ ਪਿੰਡ ਵਿੱਚ ਐਤਵਾਰ ਸਵੇਰੇ ਕਰੀਬ 11 ਵਜੇ ਮਕਾਨ ਡਿੱਗਣ ਨਾਲ ਪਰਿਵਾਰ ਦੇ ਪੰਜ ਮੈਂਬਰ ਮਲਬੇ ਹੇਠ ਦੱਬ ਗਏ। ਪੁਲੀਸ, ਫਾਇਰ ਬ੍ਰਿਗੇਡ ਅਤੇ ਪਿੰਡ ਵਾਸੀਆਂ ਨੇ ਉਨ੍ਹਾਂ ਨੂੰ ਬਾਹਰ ਕੱਢ ਕੇ ਪਟਾਰਾ ਦੇ ਕਮਿਊਨਿਟੀ ਹੈਲਥ ਸੈਂਟਰ ਪਹੁੰਚਾਇਆ, ਜਿੱਥੇ ਮੁਕੇਸ਼ ਕੁਮਾਰ ਅਤੇ ਉਸ ਦੀਆਂ ਧੀਆਂ ਮਾਇਆ (17), ਨੀਤੂ (7) ਤੇ ਪੱਲਵੀ (5) ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਉਸ ਦੀ ਧੀ ਕਾਜਲ ਗੰਭੀਰ ਜ਼ਖ਼ਮੀ ਹੈ। ਇਸੇ ਤਰ੍ਹਾਂ ਬਦਾਯੂੰ ਦੇ ਗੁਰਗਾਂਵ ਪਿੰਡ ਵਿੱਚ ਕਿਸਾਨ ਵਿਨੋਦ (35) ਦੀ ਮੌਤ ਹੋ ਗਈ ਅਤੇ ਉਸ ਦੀ ਪਤਨੀ ਗੰਭੀਰ ਜ਼ਖ਼ਮੀ ਹੋ ਗਈ। ਬਲੀਆ ਦੇ ਨਾਫਰਪੁਰ ਪਿੰਡ ਵਿੱਚ ਕੰਧ ਡਿੱਗਣ ਕਾਰਨ ਛੇ ਸਾਲਾ ਲੜਕੀ ਦੀ ਮੌਤ ਹੋ ਗਈ। -ਪੀਟੀਆਈ

