ਬਿਹਾਰ ਚੋਣਾਂ: ਸੀ ਪੀ ਐੱਮ ਵੱਲੋਂ ਮੈਨੀਫੈਸਟੋ ਜਾਰੀ
ਮੋਕਾਮਾ ਕਤਲ ਕਾਂਡ ਐੱਨ ਡੀ ਏ ਦੇ ਜੰਗਲ ਰਾਜ ਦੀ ਨਿਸ਼ਾਨੀ: ਬਰਿੰਦਾ ਕਰਾਤ
ਵਿਰੋਧੀ ਪਾਰਟੀਆਂ ਦੇ ਗੱਠਜੋੜ ‘ਇੰਡੀਆ’ ਦੀ ਭਿਆਲ ਸੀ ਪੀ ਆਈ (ਐੱਮ) ਨੇ ਅੱਜ ਬਿਹਾਰ ਵਿਧਾਨ ਸਭਾ ਚੋਣਾਂ ਲਈ ਆਪਣਾ ਚੋਣ ਮੈਨੀਫੈਸਟੋ ਜਾਰੀ ਕੀਤਾ। ਆਪਣੀ ਪਾਰਟੀ ਦਾ ਮੈਨੀਫੈਸਟੋ ਜਾਰੀ ਕਰਦਿਆਂ ਸੀ ਪੀ ਆਈ (ਐੱਮ) ਦੀ ਸੀਨੀਅਰ ਆਗੂ ਬਰਿੰਦਾ ਕਰਾਤ ਨੇ ਸੱਤਾਧਾਰੀ ਐੱਨ ਡੀ ਏ ਗੱਠਜੋੜ ’ਤੇ ਵਿਧਾਨ ਸਭਾ ਚੋਣਾਂ ਵਿੱਚ ਨਕਾਰਾਤਮਕ ਮੁਹਿੰਮ ਚਲਾਉਣ ਅਤੇ ਵਿਰੋਧੀ ਆਗੂਆਂ ਨੂੰ ਬਦਨਾਮ ਕਰਨ ਦਾ ਦੋਸ਼ ਲਗਾਇਆ। ਕਰਾਤ ਨੇ ਕਿਹਾ, ‘‘ਐੱਨ ਡੀ ਏ ਨਕਾਰਾਤਮਕ ਮੁਹਿੰਮ ਚਲਾ ਰਹੀ ਹੈ ਅਤੇ ਵਿਰੋਧੀ ਧਿਰ ਵੱਲ ਉਂਗਲ ਉਠਾ ਰਹੀ ਹੈ ਕਿਉਂਕਿ ਉਨ੍ਹਾਂ ਕੋਲ ਬਿਹਾਰ ਵਿੱਚ ਸੱਤਾ ’ਚ ਰਹੇ ਦੋ ਦਹਾਕਿਆਂ ਦੀਆਂ ਪ੍ਰਾਪਤੀਆਂ ਵਜੋਂ ਦਿਖਾਉਣ ਲਈ ਕੁਝ ਵੀ ਨਹੀਂ ਹੈ।’’ ਮੋਕਾਮਾ ਵਿੱਚ ਜਨ ਸੁਰਾਜ ਪਾਰਟੀ ਦੇ ਸਮਰਥਕ ਦੁਲਾਰ ਚੰਦ ਯਾਦਵ ਦੇ ਕਤਲ ਦਾ ਹਵਾਲਾ ਦਿੰਦੇ ਹੋਏ ਜਿੱਥੇ ਮ੍ਰਿਤਕ ਦੇ ਸਮਰਥਕ ਸਥਾਨਕ ਜੇ ਡੀ (ਯੂ) ਉਮੀਦਵਾਰ ਅਤੇ ਸਾਬਕਾ ਵਿਧਾਇਕ ਅਨੰਤ ਸਿੰਘ ਦੀ ਸ਼ਮੂਲੀਅਤ ਦਾ ਦੋਸ਼ ਲਗਾ ਰਹੇ ਹਨ, ਉੱਥੇ ਹੀ ਕਰਾਤ ਨੇ ਕਿਹਾ ਕਿ ਇਹ ਘਟਨਾ ਇਸ ਗੱਲ ਦਾ ਸਬੂਤ ਹੈ ਕਿ ਐੱਨ ਡੀ ਏ ਦੇ ਰਾਜ ਵਿੱਚ ਬਿਹਾਰ ’ਚ ਮਾਫੀਆ ਅਤੇ ਜੰਗਲ ਰਾਜ ਹੈ।’’

