ਪਟਨਾ, 8 ਅਗਸਤ
ਬਿਹਾਰ ਦੇ ਹੁਕਮਰਾਨ ਗੱਠਜੋੜ ਜਨਤਾ ਦਲ (ਯੂ) ਅਤੇ ਭਾਜਪਾ ਦੇ ਸਬੰਧਾਂ ’ਚ ਤਰੇੜ ਆ ਗਈ ਹੈ। ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਜਨਤਾ ਦਲ (ਯੂ) ਦੇ ਵਿਧਾਇਕਾਂ ਅਤੇ ਸੰਸਦ ਮੈਂਬਰਾਂ ਦੀ ਭਲਕੇ ਮੀਟਿੰਗ ਸੱਦੀ ਹੈ ਜਿਸ ’ਚ ਪਾਰਟੀ ਦੇ ਸਾਬਕਾ ਕੌਮੀ ਪ੍ਰਧਾਨ ਆਰ ਸੀ ਪੀ ਸਿੰਘ ਵੱਲੋਂ ਅਸਤੀਫ਼ੇ ਤੋਂ ਬਾਅਦ ਪੈਦਾ ਹੋਏ ਹਾਲਾਤ ਬਾਰੇ ਵਿਚਾਰ ਵਟਾਂਦਰਾ ਕੀਤਾ ਜਾਵੇਗਾ। ਆਰਜੇਡੀ, ਕਾਂਗਰਸ ਅਤੇ ਖੱਬੇ ਪੱਖੀ ਧਿਰਾਂ ਨੇ ਸੰਕੇਤ ਦਿੱਤੇ ਹਨ ਕਿ ਜੇਕਰ ਨਿਤੀਸ਼ ਕੁਮਾਰ ਭਾਜਪਾ ਤੋਂ ਵੱਖ ਹੁੰਦੇ ਹਨ ਤਾਂ ਉਹ ਉਨ੍ਹਾਂ ਨੂੰ ਹਮਾਇਤ ਦੇਣ ਲਈ ਤਿਆਰ ਹਨ। ਜਨਤਾ ਦਲ (ਯੂ) ਦੇ ਤਰਜਮਾਨ ਕੇ ਸੀ ਤਿਆਗੀ ਨੇ ਕਿਹਾ ਕਿ ਨਿਤੀਸ਼ ਕੁਮਾਰ ਦਾ ਪਾਰਟੀ ’ਚ ਪੂਰਾ ਆਧਾਰ ਹੈ ਅਤੇ ਪਾਰਟੀ ’ਚ ਕਿਸੇ ਕਿਸਮ ਦੀ ਟੁੱਟ ਦਾ ਸਵਾਲ ਨਹੀਂ ਹੈ। ਉਨ੍ਹਾਂ ਕਿਹਾ ਕਿ ਨਿਤੀਸ਼ ਕੁਮਾਰ ਦੀ ਅਗਵਾਈ ਹੇਠ ਪਾਰਟੀ ਜੋ ਵੀ ਫ਼ੈਸਲਾ ਲਵੇਗੀ, ਉਹ ਸਾਰਿਆਂ ਨੂੰ ਮਨਜ਼ੂਰ ਹੋਵੇਗਾ। ਪਾਰਟੀ ਮੁਖੀ ਰਾਜੀਵ ਰੰਜਨ ਸਿੰਘ ਉਰਫ਼ ਲੱਲਨ ਸਿੰਘ ਨੇ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨਿਤੀਸ਼ ਵੱਲੋਂ ਐੱਨਡੀਏ ਤੋਂ ਬਾਹਰ ਆਉਣ ਦੀ ਯੋਜਨਾ ਬਾਰੇ ਲਾਏ ਜਾ ਰਹੇ ਕਿਆਸਿਆਂ ’ਤੇ ਕੋਈ ਪ੍ਰਤੀਕਰਮ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਮੀਟਿੰਗ ’ਚ ਆਰ ਸੀ ਪੀ ਸਿੰਘ ਦੇ ਅਸਤੀਫ਼ੇ ਮਗਰੋਂ ਪੈਦਾ ਹੋਏ ਹਾਲਾਤ ਬਾਰੇ ਆਗੂਆਂ ਦੇ ਵਿਚਾਰ ਸੁਣੇ ਜਾਣਗੇ। ਲੱਲਨ ਸਿੰਘ ਨੇ ਐਤਵਾਰ ਨੂੰ ਨਿਤੀਸ਼ ਕੁਮਾਰ ਨੂੰ ਜਨਤਾ ਦਲ (ਯੂ) ਦਾ ‘ਮਾਲਿਕ’ ਕਰਾਰ ਦਿੰਦਿਆਂ ਕਿਹਾ ਸੀ ਕਿ ਬਿਹਾਰ ਦੇ ਮੁੱਖ ਮੰਤਰੀ ਪਾਰਟੀ ਆਗੂਆਂ ਅਤੇ ਵਰਕਰਾਂ ਨਾਲ ਵਿਚਾਰ ਵਟਾਂਦਰੇ ਮਗਰੋਂ ਹੀ ਸਾਰੇ ਫ਼ੈਸਲੇ ਲੈਂਦੇ ਹਨ। ਉਂਜ ਉਨ੍ਹਾਂ ਇਹ ਜ਼ਰੂਰ ਦਾਅਵਾ ਕੀਤਾ ਕਿ ਭਾਜਪਾ ਨੇ ਫ਼ੈਸਲਾ ਲੈ ਲਿਆ ਹੈ ਕਿ ਜਨਤਾ ਦਲ (ਯੂ) ’ਚੋਂ ਕਿਸ ਨੂੰ ਮੰਤਰੀ ਬਣਾਇਆ ਜਾਵੇਗਾ। ਜਨਤਾ ਦਲ (ਯੂ) ਦੇ ਕੁਝ ਮੈਂਬਰਾਂ ਵੱਲੋਂ ਆਰ ਸੀ ਪੀ ਸਿੰਘ ’ਤੇ ਭ੍ਰਿਸ਼ਟਾਚਾਰ ਦੇ ਦੋਸ਼ ਲਗਾਏ ਜਾਣ ਮਗਰੋਂ ਉਨ੍ਹਾਂ ਨੂੰ ਨੋਟਿਸ ਭੇਜਿਆ ਗਿਆ ਸੀ ਜਿਸ ’ਤੇ ਉਨ੍ਹਾਂ ਪਾਰਟੀ ਤੋਂ ਦੋ ਦਿਨ ਪਹਿਲਾਂ ਅਸਤੀਫ਼ਾ ਦੇ ਦਿੱਤਾ ਸੀ। ਉਸ ਨੂੰ ਪਿਛਲੇ ਸਾਲ ਕੇਂਦਰੀ ਮੰਤਰੀ ਮੰਡਲ ’ਚ ਸ਼ਾਮਲ ਕੀਤਾ ਗਿਆ ਸੀ। ਰਾਜ ਸਭਾ ਮੈਂਬਰੀ ਦੀ ਮਿਆਦ ਮੁੱਕਣ ਮਗਰੋਂ ਆਰ ਸੀ ਪੀ ਸਿੰਘ ਨੂੰ ਅਹੁਦੇ ਤੋਂ ਅਸਤੀਫ਼ਾ ਦੇਣਾ ਪਿਆ ਸੀ। ਉਧਰ ਐੱਨਡੀਏ ਦੇ ਭਾਈਵਾਲ ਹਿੰਦੁਸਤਾਨੀ ਅਵਾਮ ਮੋਰਚਾ ਦੇ ਮੁਖੀ ਅਤੇ ਸਾਬਕਾ ਮੁੱਖ ਮੰਤਰੀ ਜੀਤਨ ਰਾਮ ਮਾਂਝੀ ਨੇ ਦਾਅਵਾ ਕੀਤਾ ਕਿ ਹੁਕਮਰਾਨ ਗੱਠਜੋੜ ’ਚ ਕੋਈ ਸੰਕਟ ਨਹੀਂ ਹੈ। ਉਨ੍ਹਾਂ ਕਿਹਾ ਕਿ ਨਿਤੀਸ਼ ਕੁਮਾਰ ਨੇ ਅਜੇ ਤੱਕ ਕੁਝ ਵੀ ਨਹੀਂ ਬੋਲਿਆ ਹੈ ਅਤੇ ਜੇਕਰ ਕੋਈ ਕਦਮ ਉਠਾਉਣਾ ਹੁੰਦਾ ਤਾਂ ਇਸ ਦਾ ਸੰਕੇਤ ਜ਼ਰੂਰ ਦਿੰਦੇ। ਜ਼ਿਕਰਯੋਗ ਹੈ ਕਿ ਨਿਤੀਸ਼ ਕੁਮਾਰ ਐਤਵਾਰ ਨੂੰ ਪ੍ਰਧਾਨ ਮੰਤਰੀ ਦੀ ਅਗਵਾਈ ਹੇਠ ਹੋਈ ਨੀਤੀ ਆਯੋਗ ਦੀ ਮੀਟਿੰਗ ’ਚੋਂ ਗ਼ੈਰਹਾਜ਼ਰ ਰਹੇ ਸਨ। ਇਸ ਤੋਂ ਪਹਿਲਾਂ ਉਹ ਰਾਸ਼ਟਰਪਤੀ ਦਰੋਪਦੀ ਮੁਰਮੂ ਦੇ ਹਲਫ਼ਦਾਰੀ ਸਮਾਗਮ ’ਚ ਵੀ ਨਹੀਂ ਗਏ ਸਨ। ਪਾਰਟੀ ਨੇ ਨਿਤੀਸ਼ ਨੂੰ ਕਰੋਨਾ ਹੋਣ ਦਾ ਹਵਾਲਾ ਦਿੱਤਾ ਸੀ। ਪਰ ਉਹ ਐਤਵਾਰ ਨੂੰ ਬਿਹਾਰ ’ਚ ਹੋਏ ਕਈ ਪ੍ਰੋਗਰਾਮਾਂ ’ਚ ਹਾਜ਼ਰੀ ਭਰਦੇ ਨਜ਼ਰ ਆਏ ਸਨ। -ਪੀਟੀਆਈ
ਮੇਰੇ ’ਤੇ ਦੋਸ਼ ਲਾਉਣ ਦੀ ਬਜਾਏ ਨਿਤੀਸ਼ ਭਾਜਪਾ ਨਾਲ ਸਿੱਧੇ ਆਢਾ ਲਾਉਣ: ਚਿਰਾਗ
ਪਟਨਾ: ਲੋਕ ਜਨਸ਼ਕਤੀ ਪਾਰਟੀ ਦੇ ਸਾਬਕਾ ਮੁਖੀ ਚਿਰਾਗ ਪਾਸਵਾਨ ਨੇ ਜਨਤਾ ਦਲ (ਯੂ) ’ਤੇ ਵਰ੍ਹਦਿਆਂ ਮੁੱਖ ਮੰਤਰੀ ਨਿਤੀਸ਼ ਕੁਮਾਰ ਨੂੰ ਚੁਣੌਤੀ ਦਿੱਤੀ ਹੈ ਕਿ ਉਹ ਭਾਜਪਾ ਨਾਲ ਸਿੱਧੇ ਆਢਾ ਲਾਉਣ। ਇਥੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਚਿਰਾਗ ਨੇ ਦਾਅਵਾ ਕੀਤਾ ਕਿ ਮੁੱਖ ਮੰਤਰੀ ਨੂੰ ਉਸ ਨਾਲੋਂ ਆਪਣੀ ਹੀ ਪਾਰਟੀ ਦੇ ਨੇੜਲਿਆਂ ਤੋਂ ਵਧੇਰੇ ਖ਼ਤਰਾ ਹੈ ਅਤੇ ਨਿਤੀਸ਼ ‘ਸਾਜ਼ਿਸ਼’ ’ਚ ਉਸ ਦਾ ਨਾਮ ਨਾ ਲੈਣ। ਉਸ ਨੇ ਦੋਸ਼ ਲਾਇਆ ਕਿ ਨਿਤੀਸ਼ ਨੇ ਆਰ ਸੀ ਪੀ ਸਿੰਘ ਦਾ ਅਪਮਾਨ ਕੀਤਾ। ਚਿਰਾਗ ਨੇ ਕਿਹਾ ਕਿ ਜਨਤਾ ਦਲ (ਯੂ) ਟੁੱਟਣ ਵਾਲਾ ਹੈ ਅਤੇ ਨਿਤੀਸ਼ ਇਸ ਦਾ ਦੋਸ਼ ਉਨ੍ਹਾਂ ’ਤੇ ਮੜ੍ਹਨ ਤੋਂ ਗੁਰੇਜ਼ ਕਰਨ। -ਪੀਟੀਆਈ
ਭਾਜਪਾ ਨਾਲੋਂ ਨਾਤਾ ਤੋੜਨ ’ਤੇ ਅਸੀਂ ਹੱਥ ਮਿਲਾਉਣ ਲਈ ਤਿਆਰ: ਆਰਜੇਡੀ
ਪਟਨਾ: ਬਿਹਾਰ ਦੀ ਮੁੱਖ ਵਿਰੋਧੀ ਧਿਰ ਆਰਜੇਡੀ ਨੇ ਕਿਹਾ ਹੈ ਕਿ ਜੇਕਰ ਮੁੱਖ ਮੰਤਰੀ ਨਿਤੀਸ਼ ਕੁਮਾਰ ਭਾਜਪਾ ਨਾਲੋਂ ਨਾਤਾ ਤੋੜ ਲੈਂਦੇ ਹਨ ਤਾਂ ਉਹ ਜਨਤਾ ਦਲ (ਯੂ) ਨਾਲ ਹੱਥ ਮਿਲਾਉਣ ਲਈ ਤਿਆਰ ਹਨ। ਆਰਜੇਡੀ ਦੇ ਕੌਮੀ ਮੀਤ ਪ੍ਰਧਾਨ ਸ਼ਿਵਾਨੰਦ ਤਿਵਾੜੀ ਨੇ ਕਿਹਾ ਕਿ ਦੋਵੇਂ ਪਾਰਟੀਆਂ ਵੱਲੋਂ ਮੰਗਲਵਾਰ ਨੂੰ ਸੱਦੀਆਂ ਗਈਆਂ ਮੀਟਿੰਗਾਂ ਤੋਂ ਜ਼ਾਹਿਰ ਹੁੰਦਾ ਹੈ ਕਿ ਉਨ੍ਹਾਂ ਦੇ ਸਬੰਧ ਠੀਕ ਨਹੀਂ ਹਨ। ਉਨ੍ਹਾਂ ਕਿਹਾ,‘‘ਆਰਜੇਡੀ, ਭਾਜਪਾ ਨਾਲ ਲੜਨ ਲਈ ਵਚਨਬੱਧ ਹੈ। ਜੇਕਰ ਮੁੱਖ ਮੰਤਰੀ ਇਸ ਲੜਾਈ ’ਚ ਸ਼ਾਮਲ ਹੋਣਾ ਚਾਹੁੰਦੇ ਹਨ ਤਾਂ ਅਸੀਂ ਉਨ੍ਹਾਂ ਨੂੰ ਨਾਲ ਲੈ ਕੇ ਚਲਾਂਗੇ।’’ ਤਿਵਾੜੀ ਨੇ ਕਿਹਾ ਕਿ ਭਾਜਪਾ ਸੰਵਿਧਾਨ ਤਬਾਹ ਕਰਨ ’ਤੇ ਤੁਲੀ ਹੋਈ ਹੈ ਅਤੇ ਸਾਨੂੰ ਇਸ ਦਾ ਜਵਾਬ ਦੇਣਾ ਪਵੇਗਾ।
ਬਿਹਾਰ ’ਚ ‘ਸ਼ੁੱਭ ਸੰਕੇਤ’ ਦਿਖਾਈ ਦੇ ਰਹੇ ਨੇ: ਕਾਂਗਰਸ
ਪਟਨਾ: ਕਾਂਗਰਸ ਦੇ ਕੌਮੀ ਸਕੱਤਰ ਅਤੇ ਵਿਧਾਇਕ ਸ਼ਕੀਲ ਅਹਿਮਦ ਖ਼ਾਨ ਨੇ ਕਿਹਾ ਕਿ ਬਿਹਾਰ ’ਚੋਂ ਕੁਝ ਵਾਪਰ ਰਿਹਾ ਹੈ, ਉਹ ‘ਸ਼ੁੱਭ ਸੰਕੇਤ’ ਹੈ ਕਿਉਂਕਿ ਭਾਜਪਾ ਦਾ ਆਪਣੇ ਗੱਠਜੋੜਾਂ ਲਈ ਮੁਸ਼ਕਲ ਖੜ੍ਹੀ ਕਰਨ ਦਾ ਇਤਿਹਾਸ ਰਿਹਾ ਹੈ ਅਤੇ ਹੁਣ ਉਸ ਨੂੰ ਇਸ ਦਾ ਜਵਾਬ ਮਿਲਣ ਜਾ ਰਿਹਾ ਹੈ। ਉਂਜ ਉਨ੍ਹਾਂ ਮੀਡੀਆ ਰਿਪੋਰਟਾਂ ’ਤੇ ਪ੍ਰਤੀਕਰਮ ਦੇਣ ਤੋਂ ਇਨਕਾਰ ਕਰ ਦਿੱਤਾ ਜਿਨ੍ਹਾਂ ’ਚ ਕਿਹਾ ਗਿਆ ਹੈ ਕਿ ਨਿਤੀਸ਼ ਕੁਮਾਰ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨਾਲ ਐਤਵਾਰ ਰਾਤ ਨੂੰ ਫੋਨ ’ਤੇ ਗੱਲਬਾਤ ਕੀਤੀ ਹੈ। ਉਧਰ ਭਾਜਪਾ ਦੇ ਸੂਬਾਈ ਆਗੂ ਖਾਮੋਸ਼ ਬੈਠ ਕੇ ਸਾਰੇ ਸਿਆਸੀ ਘਟਨਾਕ੍ਰਮ ’ਤੇ ਨਜ਼ਰ ਰੱਖ ਰਹੇ ਹਨ।