
ਕਾਂਗਰਸ ਆਗੂ ਰਾਹੁਲ ਗਾਂਧੀ ਨੂੰ ਪਿਆਰ ਕਰਦੀ ਹੋਈ ਬਜ਼ੁਰਗ ਮਹਿਲਾ। -ਫੋਟੋ: ਪੀਟੀਆਈ
ਕੁਰਨੂਲ, 20 ਅਕਤੂਬਰ
ਕਾਂਗਰਸ ਆਗੂ ਰਾਹੁਲ ਗਾਂਧੀ ਦੀ ਅਗਵਾਈ ਹੇਠ ਕੱਢੀ ਜਾ ਰਹੀ ਭਾਰਤ ਜੋੜੋ ਯਾਤਰਾ ਅੱਜ ਲਗਾਤਾਰ ਤੀਜੇ ਦਿਨ ਆਂਧਰਾ ਪ੍ਰਦੇਸ਼ ਦੇ ਕੁਰਨੂਲ ਜ਼ਿਲ੍ਹੇ ’ਚ ਜਾਰੀ ਰਹੀ। ਉਨ੍ਹਾਂ ਅੱਜ ਸਵੇਰੇ ਯੇਮੀਗਨੂਰ ਮੰਡਲ ਦੇ ਬਨਵਾਸੀ ਪਿੰਡ ਤੋਂ ਯਾਤਰਾ ਸ਼ੁਰੂ ਕੀਤੀ।
ਪਾਰਟੀ ਆਗੂਆਂ ਤੇ ਵਰਕਰਾਂ ਨਾਲ ਉਹ ਮੁਗਾਤੀ ਪਿੰਡ ਤੱਕ ਪੈਦਲ ਗਏ। ਰਾਹੁਲ ਗਾਂਧੀ ਨਾਲ ਆਂਧਰਾ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੁਖੀ ਐੱਸ ਸਾਈਲਾਜਨਾਥ, ਸਾਬਕਾ ਕੇਂਦਰੀ ਮੰਤਰੀ ਪੱਲਮ ਰਾਜੂ, ਸਾਬਕਾ ਸੰਸਦ ਮੈਂਬਰ ਬਾਪੀਰਾਜੂ ਤੇ ਪਾਰਟੀ ਦੇ ਹੋਰ ਆਗੂ ਅਤੇ ਸੈਂਕੜਿਆਂ ਦੀ ਗਿਣਤੀ ਪਾਰਟੀ ਵਰਕਰ ਯਾਤਰਾ ’ਚ ਸ਼ਾਮਲ ਹੋਏ। ਸ਼ਾਮ ਚਾਰ ਵਜੇ ਤੱਕ ਇਹ ਯਾਤਰਾ ਹਾਲਹਰਵੀ ਪਹੁੰਚੀ। ਰਾਹੁਲ ਗਾਂਧੀ ਇੱਥੇ ਸ੍ਰੀ ਰਾਘਵਨੇਂਦਰ ਸਵਾਮੀ ਮੱਠ ’ਚ ਮੱਠਾ ਟੇਕਣਗੇ ਅਤੇ ਰਾਤ ਨੂੰ ਮੰਤਰਲਾਇਮ ’ਚ ਸ੍ਰੀ ਸੁਬਧੇਂਦਰ ਤੀਰਥ ਨਾਲ ਮੁਲਾਕਾਤ ਕਰਨਗੇ। ਕੁਰਨੂਰ ਜ਼ਿਲ੍ਹੇ ਵਿਚਲੇ ਚਾਰ ਵਿਧਾਨ ਸਭਾ ਹਲਕਿਆਂ ’ਚ 100 ਕਿਲੋਮੀਟਰ ਦਾ ਫ਼ਾਸਲਾ ਤੈਅ ਕਰਕੇ 21 ਅਕਤੂਬਰ ਨੂੰ ਇਹ ਯਾਤਰਾ ਆਂਧਰਾ ਪ੍ਰਦੇਸ਼ ’ਚ ਮੁਕੰਮਲ ਹੋਣ ਮਗਰੋਂ ਗੁਆਂਢੀ ਸੂਬੇ ਤਿਲੰਗਾਨਾ ’ਚ ਦਾਖਲ ਹੋਵੇਗੀ।
ਅਡੋਨੀ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਹੁਲ ਗਾਂਧੀ ਨੇ ਦਾਅਵਾ ਕੀਤਾ ਕਿ ਆਂਧਰਾ ਪ੍ਰਦੇਸ਼ ’ਚ ਭਾਰਤ ਜੋੜੋ ਯਾਤਰਾ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ। ਉਨ੍ਹਾਂ ਕਿਹਾ ਕਿ ਇਸ ਯਾਤਰਾ ਨੂੰ ਲੋਕਾਂ ਵੱਲੋਂ ਦਿੱਤੇ ਗਏ ਇੰਨੇ ਵੱਡੇ ਹੁੰਗਾਰੇ ਤੋਂ ਸੂਬੇ ਦੇ ਕਾਂਗਰਸ ਆਗੂ ਵੀ ਹੈਰਾਨ ਹਨ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਕਾਂਗਰਸ ਨੂੰ ਮੁੜ ਮਜ਼ਬੂਤ ਕਰਨ ਲਈ ਭਾਰਤ ਜੋੜੋ ਯਾਤਰਾ ਚੰਗੀ ਸ਼ੁਰੂਆਤ ਸਾਬਤ ਹੋਈ ਹੈ। -ਆਈਏਐੱਨਐੱਸ
ਖੜਗੇ ਕਾਂਗਰਸ ਪ੍ਰਧਾਨ ਦਾ ਅਹੁਦਾ 26 ਨੂੰ ਸੰਭਾਲਣਗੇ
ਨਵੀਂ ਦਿੱਲੀ: ਮਨੋਨੀਤ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ (80) 26 ਅਕਤੂਬਰ ਨੂੰ ਦਿੱਲੀ ’ਚ ਪਾਰਟੀ ਦੇ ਮੁੱਖ ਦਫ਼ਤਰ ’ਚ ਅਹੁਦਾ ਸੰਭਾਲਣਗੇ। ਸਮਾਗਮ ਦੌਰਾਨ ਖੜਗੇ ਨੂੰ ਪ੍ਰਧਾਨਗੀ ਦਾ ਸਰਟੀਫਿਕੇਟ ਵੀ ਸੌਂਪਿਆ ਜਾਵੇਗਾ। ਆਲ ਇੰਡੀਆ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਕੇ ਸੀ ਵੇਣੂਗੋਪਾਲ ਨੇ ਟਵਿੱਟਰ ’ਤੇ ਦੱਸਿਆ ਕਿ ਸ੍ਰੀ ਖੜਗੇ 26 ਅਕਤੂਬਰ ਨੂੰ ਸਵੇਰੇ ਸਾਢੇ 10 ਵਜੇ ਨਵੇਂ ਪ੍ਰਧਾਨ ਵਜੋਂ ਅਹੁਦਾ ਸੰਭਾਲਣਗੇ। -ਪੀਟੀਆਈ
ਮਿਸਤਰੀ ਨੇ ਥਰੂਰ ਵੱਲੋਂ ਲਾਏ ਬੇਨਿਯਮੀਆਂ ਦੇ ਦੋਸ਼ ਰੱਦ ਕੀਤੇ
ਨਵੀਂ ਦਿੱਲੀ: ਕਾਂਗਰਸ ਦੇ ਕੇਂਦਰੀ ਚੋਣ ਅਥਾਰਿਟੀ ਦੇ ਮੁਖੀ ਮਧੂਸੂਦਨ ਮਿਸਤਰੀ ਨੇ ਅੱਜ ਸ਼ਸ਼ੀ ਥਰੂਰ ਦੀ ਟੀਮ ਦੇ ਦੋ ਚਿਹਰੇ ਹੋਣ ਦਾ ਦੋਸ਼ ਲਾਇਆ ਤੇ ਪਾਰਟੀ ਪ੍ਰਧਾਨ ਦੇ ਅਹੁਦੇ ਲਈ ਹੋਈਆਂ ਚੋਣਾਂ ’ਚ ਬੇਨਿਯਮੀਆਂ ਦੇ ਦੋਸ਼ਾਂ ਨੂੰ ਖਾਰਜ ਕਰ ਦਿੱਤਾ। ਉਨ੍ਹਾਂ ਕਿਹਾ ਕਿ ਥਰੂਰ ਦੀ ਟੀਮ ਦਾ ਚੋਣਾਂ ਵਿੱਚ ਤੇ ਮੀਡੀਆ ਸਾਹਮਣੇ ਵੱਖੋ-ਵੱਖਰਾ ਚਿਹਰਾ ਸੀ। ਸ਼ਸ਼ੀ ਥਰੂਰ ਦੀ ਟੀਮ ਨੇ ਚੋਣਾਂ ਦੌਰਾਨ ਉੱਤਰ ਪ੍ਰਦੇਸ਼ ’ਚ ਬੇਨਿਯਮੀਆਂ ਹੋਣ ਦਾ ਦੋਸ਼ ਲਾਇਆ ਸੀ। ਇਸ ਦੇ ਜਵਾਬ ਵਿੱਚ ਲਿਖੇ ਪੱਤਰ ’ਚ ਮਿਸਤਰੀ ਨੇ ਕਿਹਾ, ‘ਤੁਹਾਡੀ ਹਰ ਸ਼ਿਕਾਇਤ ’ਤੇ ਅਸੀਂ ਤੁਹਾਡੀ ਆਪਣੇ ਜਵਾਬ ਨਾਲ ਤਸੱਲੀ ਕਰਵਾਈ। ਤੁਸੀਂ ਸਹਿਮਤੀ ਤੇ ਤਸੱਲੀ ਪ੍ਰਗਟ ਕੀਤੀ। ਇਸ ਦੇ ਬਾਵਜੂਦ ਤੁਸੀਂ ਸਾਡੇ ਧਿਆਨ ’ਚ ਲਿਆਉਣ ਤੋਂ ਪਹਿਲਾਂ ਇਹ ਮੁੱਦੇ ਮੀਡੀਆ ’ਚ ਚੁੱਕੇ।’ ਮਿਸਤਰੀ ਨੇ ਕਿਹਾ, ‘ਮੈਨੂੰ ਇਹ ਕਹਿੰਦਿਆਂ ਦੁਖ ਹੁੰਦਾ ਹੈ ਕਿ ਤੁਸੀਂ ਇੱਕ ਚਿਹਰਾ ਸਾਡੇ ਸਾਹਮਣੇ ਇਹ ਕਹਿੰਦਿਆਂ ਦਿਖਾਇਆ ਕਿ ਸਾਡੇ ਜਵਾਬ ਤੇ ਕਦਮਾਂ ਨਾਲ ਤੁਸੀਂ ਸਹਿਮਤ ਹੋ। ਫਿਰ ਦੂਜਾ ਚਿਹਰਾ ਮੀਡੀਆ ’ਚ ਦਿਖਾਇਆ ਜਿਸ ਰਾਹੀਂ ਸਾਡੇ ਖ਼ਿਲਾਫ਼ ਇਹ ਦੋਸ਼ ਲਾੲੇ ਗਏ।’ -ਪੀਟੀਆਈ
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ