ਕੋਲਕਾਤਾ, 7 ਮਈ
ਪੱਛਮੀ ਬੰਗਾਲ ’ਚ ਚੋਣਾਂ ਤੋਂ ਬਾਅਦ ਵਾਪਰੀਆਂ ਹਿੰਸਕ ਘਟਨਾਵਾਂ ਦੇ ਕਾਰਨਾਂ ਦੀ ਜਾਂਚ ਲਈ ਗਠਿਤ ਕੇਂਦਰੀ ਗ੍ਰਹਿ ਮੰਤਰਾਲੇ ਦੀ ਚਾਰ ਮੈਂਬਰੀ ਟੀਮ ਨੇ ਅੱਜ ਇੱਥੇ ਰਾਜਪਾਲ ਜਗਦੀਪ ਧਨਖੜ ਨਾਲ ਮੁਲਾਕਾਤ ਕੀਤੀ। ਮੰਤਰਾਲੇ ਦੇ ਇੱਕ ਵਧੀਕ ਸਕੱਤਰ ਦੀ ਅਗਵਾਈ ਹੇਠ ਗਠਿਤ ਇਹ ਚਾਰ ਮੈਂਬਰੀ ਟੀਮ ਬੀਤੇ ਦਿਨ ਕੋਲਕਾਤਾ ਪਹੁੰਚੀ ਸੀ। ਅਧਿਕਾਰੀਆਂ ਅਨੁਸਾਰ ਟੀਮ ਦੇ ਮੈਂਬਰਾਂ ਨੇ ਰਾਜਪਾਲ ਤੋਂ ਪਹਿਲਾਂ ਰਾਜ ਦੇ ਮੁੱਖ ਸਕੱਤਰ, ਗ੍ਰਹਿ ਸਕੱਤਰ ਤੇ ਡੀਜੀਪੀ ਨਾਲ ਸਕੱਤਰੇਤ ’ਚ ਮੁਲਾਕਾਤ ਕੀਤੀ ਸੀ। ਟੀਮ ਦੇ ਮੈਂਬਰਾਂ ਨੇ ਦੱਖਣੀ 24 ਪਰਗਨਾ ਤੇ ਉੱਤਰੀ 24 ਪਰਗਨਾ ਜ਼ਿਲ੍ਹਿਆਂ ਦਾ ਦੌਰਾ ਕੀਤਾ ਸੀ ਅਤੇ ਪੀੜਤ ਪਰਿਵਾਰਾਂ ਤੇ ਸਥਾਨਕ ਲੋਕਾਂ ਨਾਲ ਮੁਲਾਕਾਤ ਕੀਤੀ ਸੀ। ਜ਼ਿਕਰਯੋਗ ਹੈ ਕੇਂਦਰੀ ਗ੍ਰਹਿ ਮੰਤਰਾਲੇ ਨੇ ਚੋਣਾਂ ਤੋਂ ਬਾਅਦ ਹੋਈ ਹਿੰਸਾ ਦੇ ਮੱਦੇਨਜ਼ਰ ਸੂਬੇ ’ਚ ਅਮਨ ਤੇ ਕਾਨੂੰਨ ਦੀ ਸਥਿਤੀ ਸਬੰਧੀ ਰਾਜਪਾਲ ਤੋਂ ਰਿਪੋਰਟ ਮੰਗੀ ਹੈ। ਭਾਰਤੀ ਜਨਤਾ ਪਾਰਟੀ ਵੱਲੋਂ ਤ੍ਰਿਣਮੂਲ ਕਾਂਗਰਸ ’ਤੇ ਹਿੰਸਾ ਕਰਨ ਦੇ ਦੋਸ਼ ਲਾਏ ਜਾ ਰਹੇ ਹਨ ਜਦਕਿ ਟੀਐੱਮਸੀ ਨੇ ਇਨ੍ਹਾਂ ਦੋਸ਼ਾਂ ਨੂੰ ਨਕਾਰਿਆ ਹੈ। -ਪੀਟੀਆਈ
ਹਾਈ ਕੋਰਟ ਨੇ ਮਮਤਾ ਸਰਕਾਰ ਤੋਂ ਹਲਫ਼ਨਾਮਾ ਮੰਗਿਆ
ਕੋਲਕਾਤਾ: ਕੋਲਕਾਤਾ ਹਾਈ ਕੋਰਟ ਦੇ ਪੰਜ ਮੈਂਬਰੀ ਬੈਂਚ ਨੇ ਅੱਜ ਇੱਕ ਪਟੀਸ਼ਨ ’ਤੇ ਸੁਣਵਾਈ ਕਰਦਿਆਂ ਪੱਛਮੀ ਬੰਗਾਲ ਸਰਕਾਰ ਨੂੰ ਤਿੰਨ ਦਿਨਾਂ ਅੰਦਰ ਸੂਬੇ ਅੰਦਰ ਅਮਨ ਤੇ ਕਾਨੂੰਨ ਦੀ ਸਥਿਤੀ ਬਾਰੇ ਹਲਫ਼ਨਾਮਾ ਦਾਇਰ ਕਰਨ ਲਈ ਕਿਹਾ ਹੈ। ਅਦਾਲਤ ਨੇ ਸੂਬਾ ਸਰਕਾਰ ਦੇ ਵਕੀਲ ਕਿਸ਼ੋਰ ਦੱਤਾ ਨੂੰ ਹਦਾਇਤ ਕੀਤੀ ਕਿ ਹਲਫ਼ਨਾਮੇ ’ਚ ਇਸ ਗੱਲ ਦਾ ਵਿਸ਼ੇਸ਼ ਤੌਰ ’ਤੇ ਜ਼ਿਕਰ ਕੀਤਾ ਜਾਵੇ ਕਿ ਚੋਣਾਂ ਤੋਂ ਬਾਅਦ ਕਿਹੜੇ ਇਲਾਕਿਆਂ ’ਚ ਹਿੰਸਾ ਹੋਈ ਤੇ ਸਰਕਾਰ ਨੇ ਹਾਲਾਤ ਕੰਟਰੋਲ ਕਰਨ ਲਈ ਕੀ ਕਦਮ ਚੁੱਕੇ ਹਨ। ਪਟੀਸ਼ਨਰ ਨੇ ਦਾਅਵਾ ਕੀਤਾ ਕਿ ਚੋਣਾਂ ਤੋਂ ਬਾਅਦ ਹੋਈ ਹਿੰਸਾ ਕਾਰਨ ਸੂਬੇ ਦੇ ਲੋਕਾਂ ਦੀ ਜ਼ਿੰਦਗੀ ਤੇ ਆਜ਼ਾਦੀ ਨੂੰ ਖਤਰਾ ਪੈਦਾ ਹੋਇਆ ਹੈ। ਮਾਮਲੇ ’ਤੇ ਅਗਲੀ ਸੁਣਵਾਈ 10 ਮਈ ਨੂੰ ਹੋਵੇਗੀ। -ਪੀਟੀਆਈ