ਬੈਲਜੀਅਮ ਦੀ ਸੁਪਰੀਮ ਕੋਰਟ ਵੱਲੋਂ ਮੇਹੁਲ ਚੋਕਸੀ ਨੂੰ ਝਟਕਾ; ਹਵਾਲਗੀ ਖ਼ਿਲਾਫ਼ ਪਟੀਸ਼ਨ ਖਾਰਜ
ਬੈਲਜੀਅਮ ਦੀ ਸੁਪਰੀਮ ਕੋਰਟ ਨੇ ਅੱਜ ਭਗੌੜੇ ਹੀਰਾ ਵਪਾਰੀ ਮੇਹੁਲ ਚੋਕਸੀ ਨੂੰ ਵੱਡਾ ਝਟਕਾ ਦਿੰਦਿਆਂ ਉਸ ਦੀ ਹਵਾਲਗੀ ਖਿਲਾਫ਼ ਪਾਈ ਅਪੀਲ ਨੂੰ ਖਾਰਜ ਕਰ ਦਿੱਤਾ ਜਿਸ ਕਾਰਨ ਮੇਹੁਲ ਚੋਕਸੀ ਦੇ ਹੁਣ ਭਾਰਤ ਆਉਣ ਦਾ ਰਾਹ ਪੱਧਰਾ ਹੋ ਗਿਆ ਹੈ। ਮੇਹੁਲ ਚੋਕਸੀ ’ਤੇ ਪੰਜਾਬ ਨੈਸ਼ਨਲ ਬੈਂਕ ਨਾਲ 13000 ਕਰੋੜ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਹਨ। ਇਸ ਤੋਂ ਬਾਅਦ ਭਾਰਤ ਨੇ ਉਸ ਦੀ ਹਵਾਲਗੀ ਮੰਗੀ ਸੀ ਤੇ ਬੈਲਜੀਅਮ ਦੀ ਐਂਟਵਰਪ ਅਦਾਲਤ ਨੇ ਚੋਕਸੀ ਦੀ ਹਵਾਲਗੀ ਨੂੰ ਮਨਜ਼ੂਰੀ ਦੇ ਦਿੱਤੀ ਸੀ ਪਰ ਮੇਹੁਲ ਚੋਕਸੀ ਨੇ ਇਸ ਖਿਲਾਫ ਸੁਪਰੀਮ ਕੋਰਟ ਦਾ ਰੁਖ਼ ਕੀਤਾ ਸੀ।
ਚੌਕਸੀ ਜਨਵਰੀ 2018 ਵਿੱਚ ਐਂਟੀਗੁਆ ਅਤੇ ਬਾਰਬੁਡਾ ਭੱਜ ਗਿਆ ਸੀ। ਭਾਰਤ ਨੇ ਮੁੰਬਈ ਦੀ ਇੱਕ ਵਿਸ਼ੇਸ਼ ਅਦਾਲਤ ਵਲੋਂ ਜਾਰੀ ਕੀਤੇ ਗਏ ਗ੍ਰਿਫ਼ਤਾਰੀ ਵਾਰੰਟਾਂ ਦੇ ਆਧਾਰ ’ਤੇ 27 ਅਗਸਤ, 2024 ਨੂੰ ਬੈਲਜੀਅਮ ਨੂੰ ਹਵਾਲਗੀ ਦੀ ਅਪੀਲ ਕੀਤੀ ਸੀ।
ਕੋਰਟ ਆਫ਼ ਕੈਸੇਸ਼ਨ ਦੇ ਬੁਲਾਰੇ ਐਡਵੋਕੇਟ-ਜਨਰਲ ਹੈਨਰੀ ਵੈਂਡਰਲਿੰਡਨ ਨੇ ਅੱਜ ਕਿਹਾ, ‘ਕੋਰਟ ਆਫ਼ ਕੈਸੇਸ਼ਨ ਨੇ ਚੋਕਸੀ ਦੀ ਅਪੀਲ ਨੂੰ ਰੱਦ ਕਰ ਦਿੱਤਾ।’ ਜ਼ਿਕਰਯੋਗ ਹੈ ਕਿ ਚੋਕਸੀ ਪੰਜਾਬ ਨੈਸ਼ਨਲ ਬੈਂਕ ਨਾਲ 13,000 ਕਰੋੜ ਰੁਪਏ ਦੀ ਬੈਂਕ ਕਰਜ਼ਾ ‘ਧੋਖਾਧੜੀ’ ਕੇਸ ਵਿਚ ਜਾਂਚ ਏਜੰਸੀਆਂ ਨੂੰ ਲੋੜੀਂਦਾ ਹੈ।
