BBMB: ਬੀਬੀਐੱਮਬੀ ਦੀ ਜ਼ਮੀਨ 'ਤੇ ਕਥਿਤ ਕਬਜ਼ੇ ਨੂੰ ਲੈ ਕੇ ਭਾਜਪਾ ਵੱਲੋਂ ਕੇਂਦਰੀ ਮੰਤਰੀ ਤੋਂ ਦਖ਼ਲ ਦੀ ਮੰਗ
BBMB: ਐਫ.ਆਈ.ਆਰ. ਵਿੱਚ ਦੇਰੀ 'ਤੇ ਚੁੱਕੇ ਸਵਾਲ
ਨੰਗਲ ਹਾਈਡਲ ਨਹਿਰ ਦੇ ਨਾਲ ਲੱਗਦੀ ਭਾਖੜਾ ਬਿਆਸ ਪ੍ਰਬੰਧਨ ਬੋਰਡ (ਬੀਬੀਐੱਮਬੀ) ਦੀ ਜ਼ਮੀਨ 'ਤੇ ਕਥਿਤ ਨਾਜਾਇਜ਼ ਕਬਜ਼ੇ ਦੇ ਵਿਵਾਦ ਬਾਰੇ ਭਾਜਪਾ ਪੰਜਾਬ ਦੇ ਸੂਬਾ ਮੀਤ ਪ੍ਰਧਾਨ ਸੁਭਾਸ਼ ਸ਼ਰਮਾ ਨੇ ਕੇਂਦਰੀ ਬਿਜਲੀ ਮੰਤਰੀ ਮਨੋਹਰ ਲਾਲ ਖੱਟਰ ਨੂੰ ਪੱਤਰ ਲਿਖ ਕੇ ਤੁਰੰਤ ਦਖ਼ਲ ਦੇਣ ਅਤੇ ਜ਼ਿੰਮੇਵਾਰ ਲੋਕਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਅੱਜ ਨੰਗਲ ਵਿਖੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ਼ਰਮਾ ਨੇ ਸਵਾਲ ਕੀਤਾ ਕਿ ਬੀਬੀਐੱਮਬੀ ਦੇ ਮਲਬੇ ਨੂੰ, ਜੋ ਕਰੀਬ 70 ਸਾਲਾਂ ਤੋਂ ਉੱਥੇ ਪਿਆ ਸੀ, ਨਾਜਾਇਜ਼ ਤੌਰ 'ਤੇ ਹਟਾਉਣ ਦੇ ਬਾਵਜੂਦ ਕੋਈ ਐੱਫ.ਆਈ.ਆਰ. ਕਿਉਂ ਦਰਜ ਨਹੀਂ ਕੀਤੀ ਗਈ। ਸ਼ਰਮਾ ਨੇ ਦੋਸ਼ ਲਾਇਆ ਕਿ ਇਹ ਹੈਰਾਨੀਜਨਕ ਹੈ ਕਿ ਬੀਬੀਐੱਮਬੀ ਦਾ ਮਲਬਾ ਦਿਨ-ਦਿਹਾੜੇ ਚੁੱਕ ਲਿਆ ਗਿਆ ਅਤੇ ਕੋਈ ਕੇਸ ਦਰਜ ਨਹੀਂ ਹੋਇਆ, ਜੋ ਕਿ ਸਥਾਨਕ ਅਧਿਕਾਰੀਆਂ ਦੀ ਮਿਲੀਭੁਗਤ ਤੋਂ ਬਿਨਾਂ ਸੰਭਵ ਨਹੀਂ ਹੈ।
ਉਨ੍ਹਾਂ ਕਿਹਾ ਕਿ ਇਹ ਮਲਬਾ ਨਹਿਰ ਦੀ ਉਸਾਰੀ ਦੇ ਸਮੇਂ ਤੋਂ ਉੱਥੇ ਪਿਆ ਸੀ ਅਤੇ ਇਸ ਨੂੰ ਹਟਾਉਣਾ ਸਰਕਾਰੀ ਜਾਇਦਾਦ ਦੀ ਚੋਰੀ ਹੈ, ਜਿਸ ਲਈ ਪੁਲੀਸ ਦਾ ਕੇਸ ਦਰਜ ਨਾ ਕਰਨਾ ਕਥਿਤ ਕਬਜ਼ਾਧਾਰੀਆਂ ਨੂੰ ਸਿਆਸੀ ਸਰਪ੍ਰਸਤੀ ਮਿਲਣ ਦਾ ਸੰਕੇਤ ਹੈ। ਭਾਜਪਾ ਆਗੂ ਨੇ ਅੱਗੇ ਦਾਅਵਾ ਕੀਤਾ ਕਿ ਬੀਬੀਐੱਮਬੀ ਅਧਿਕਾਰੀਆਂ ਨੇ ਉਨ੍ਹਾਂ ਨੂੰ ਦੱਸਿਆ ਕਿ ਉਨ੍ਹਾਂ ਵੱਲੋਂ ਇਸ ਸਬੰਧੀ ਪੁਲੀਸ ਨੂੰ ਸ਼ਿਕਾਇਤ ਦਿੱਤੀ ਜਾ ਚੁੱਕੀ ਹੈ, ਪਰ ਪੁਲੀਸ ਨੇ ਕੇਸ ਦਰਜ ਨਹੀਂ ਕੀਤਾ।
ਸੁਰੱਖਿਆ ਚਿੰਤਾਵਾਂ ਪ੍ਰਗਟ ਕਰਦਿਆਂ ਸ਼ਰਮਾ ਨੇ ਕਿਹਾ ਕਿ ਨੰਗਲ ਹਾਈਡਲ ਨਹਿਰ ਰਾਸ਼ਟਰੀ ਮਹੱਤਵ ਦਾ ਇੱਕ ਅਹਿਮ ਢਾਂਚਾ ਹੈ ਅਤੇ ਇਸ ਦੇ ਨੇੜੇ ਭਾਰੀ ਮਸ਼ੀਨਰੀ ਦੀ ਵਰਤੋਂ ਨਹਿਰ ਲਈ ਖ਼ਤਰਾ ਹੈ। ਉਨ੍ਹਾਂ ਮੰਗ ਕੀਤੀ ਕਿ ਕੇਂਦਰੀ ਮੰਤਰੀ ਸਬੰਧਤ ਅਧਿਕਾਰੀਆਂ ਨੂੰ ਬੀਬੀਐੱਮਬੀ ਦੀ ਜ਼ਮੀਨ ਦੀ ਸੁਰੱਖਿਆ ਕਰਨ, ਸਰਕਾਰੀ ਮਲਬੇ ਦੀ ਚੋਰੀ ਦਾ ਕੇਸ ਦਰਜ ਕਰਨ ਅਤੇ ਸ਼ਾਮਲ ਵਿਅਕਤੀਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨ ਦੇ ਨਿਰਦੇਸ਼ ਦੇਣ।
ਮਾਲ ਵਿਭਾਗ ਦੇ ਅਧਿਕਾਰੀਆਂ ਦੀ ਮਿਲੀਭੁਗਤ ਦੇ ਦੋਸ਼ਾਂ 'ਤੇ ਉਨ੍ਹਾਂ ਕਿਹਾ ਕਿ ਜੇ ਕੋਈ ਉਸ ਜ਼ਮੀਨ ਦੀ ਮਾਲਕੀ ਦੇ ਕਾਗਜ਼ ਦਿਖਾਉਂਦਾ ਹੈ ਜਿੱਥੇ ਭਾਖੜਾ ਡੈਮ ਸਥਿਤ ਹੈ, ਤਾਂ ਇਸਦਾ ਮਤਲਬ ਹੈ ਕਿ ਉਹ ਪੂਰੇ ਢਾਂਚੇ ਨੂੰ ਹੀ ਢਾਹ ਦੇਣਗੇ। ਉਨ੍ਹਾਂ ਕਿਹਾ ਕਿ ਬੀਬੀਐੱਮਬੀ ਨੂੰ ਆਪਣਾ ਪੱਖ ਰੱਖਣ ਦਾ ਮੌਕਾ ਦਿੱਤੇ ਬਿਨਾਂ ਮਾਲ ਅਧਿਕਾਰੀ ਜ਼ਮੀਨ ਦੀ ਮਾਲਕੀ ਕਿਵੇਂ ਦੇ ਸਕਦੇ ਹਨ।
