
ਨਵੀਂ ਦਿੱਲੀ/ਤਿਰੂਵਨੰਤਪੁਰਮ/ਹੈਦਰਾਬਾਦ, 24 ਜਨਵਰੀ
ਮੁੱਖ ਅੰਸ਼
- ਪਾਬੰਦੀ ਦੇ ਬਾਵਜੂਦ ਹੈਦਰਾਬਾਦ ਸੈਂਟਰਲ ਯੂਨੀਵਰਸਿਟੀ ਤੇ ਕੇਰਲਾ ਦੇ ਸ਼ਹਿਰਾਂ ’ਚ ਦਸਤਾਵੇਜ਼ੀ ਵਿਖਾਈ
- ਵਿਰੋਧੀ ਧਿਰਾਂ ਨੇ ਸੈਂਸਰਸ਼ਿਪ ਲਈ ਸਰਕਾਰ ਨੂੰ ਭੰਡਿਆ
- ਹੈਦਰਾਬਾਦ ’ਚ ਯੂਨੀਵਰਸਿਟੀ ਅਥਾਰਿਟੀ ਨੇ ਰਿਪੋਰਟ ਮੰਗੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ 2002 ਗੁਜਰਾਤ ਦੰਗਿਆਂ ਬਾਰੇ ਬੀਬੀਸੀ ਦਸਤਾਵੇਜ਼ੀ ‘ਇੰਡੀਆ: ਦਿ ਮੋਦੀ ਕੁਐੱਸਚਨ’ ਨੂੰ ਲੈ ਕੇ ਛਿੜਿਆ ਵਿਵਾਦ ਭਖਣ ਲੱਗਾ ਹੈ। ਸਰਕਾਰ ਵੱਲੋਂ ਲਾਈ ਪਾਬੰਦੀ ਦੇ ਬਾਵਜੂਦ ਹੈਦਰਾਬਾਦ ਦੀ ਕੇਂਦਰੀ ਯੂਨੀਵਰਸਿਟੀ ਵਿੱਚ ਸੋਮਵਾਰ ਰਾਤ ਨੂੰ ਅਤੇ ਕੇਰਲਾ ਰਾਜ ਵਿੱਚ ਅੱਜ ਵੱਖ ਵੱਖ ਥਾਈਂ ਇਹ ਦਸਤਾਵੇਜ਼ੀ ਵਿਦਿਆਰਥੀਆਂ ਤੇ ਆਮ ਲੋਕਾਂ ਨੂੰ ਵਿਖਾਈ ਗਈ। ਵਿਰੋਧੀ ਪਾਰਟੀਆਂ ਨੇ ਦਸਤਾਵੇਜ਼ੀ ’ਤੇ ਲਾਈ ‘ਸੈਂਸਰਸ਼ਿਪ’ ਲਈ ਸਰਕਾਰ ਨੂੰ ਭੰਡਿਆ। ਕੁਝ ਆਗੂਆਂ ਨੇ ਦਸਤਾਵੇਜ਼ੀ ਦੇ ਲਿੰਕ ਅੱਗੇ ਰੀਪੋਸਟ ਕੀਤੇ, ਜਿਸ ਤੱਕ ਵੀਪੀਐੱਨ ਜ਼ਰੀੲੇ ਪਹੁੰਚ ਕੀਤੀ ਜਾ ਸਕਦੀ ਹੈ। ਵਿਰੋਧੀ ਧਿਰਾਂ ਨੇ ਦਾਅਵਾ ਕੀਤਾ ਕਿ ਦਸਤਾਵੇਜ਼ੀ ’ਤੇ ਲਾਈ ਪਾਬੰਦੀ ਤੋਂ ਸਾਫ਼ ਹੈ ਕਿ 2002 ਫਿਰਕੂ ਹਿੰਸਾ ਅਜੇ ਵੀ ਪ੍ਰਧਾਨ ਮੰਤਰੀ ਮੋਦੀ ਤੇ ਭਾਜਪਾ ਨੂੰ ਸਤਾਉਂਦੀ ਹੈ। ਕੇਂਦਰ ਦੀ ਭਾਜਪਾ ਸਰਕਾਰ ਨੇ ਪਿਛਲੇ ਹਫ਼ਤੇ ਦਸਤਾਵੇਜ਼ੀ ਨੂੰ ‘ਕੂੜ ਪ੍ਰਚਾਰ ਲਈ ਘੜਿਆ ਝੂਠਾ ਬਿਰਤਾਂਤ’ ਕਰਾਰ ਦਿੱਤਾ ਸੀ।
ਜਵਾਹਰਲਾਲ ਨਹਿਰੂ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਜੇਐੱਨਯੂ ਵਿਦਿਆਰਥੀ ਯੂਨੀਅਨ ਨੂੰ ਕੈਂਪਸ ਵਿੱਚ ਦਸਤਾਵੇਜ਼ੀ ਦੀ ਸਕਰੀਨਿੰਗ ਤੋਂ ਰੋਕੇ ਜਾਣ ਤੋਂ ਇਕ ਦਿਨ ਮਗਰੋਂ ਕੇਰਲਾ ਵਿੱਚ ਸੱਤਾਧਾਰੀ ਸੀਪੀਐੱਮ ਤੇ ਵਿਰੋਧੀ ਧਿਰ ਕਾਂਗਰਸ ਦੇ ਘੱਟਗਿਣਤੀ ਵਿੰਗ ਨੇ ਗਣਤੰਤਰ ਦਿਵਸ ਮੌਕੇ ਰਾਜ ਦੇ 14 ਜ਼ਿਲ੍ਹਿਆਂ ਵਿੱਚ ਦਸਤਾਵੇਜ਼ੀ ਵਿਖਾਉਣ ਦਾ ਐਲਾਨ ਕੀਤਾ ਸੀ। ਭਾਜਪਾ ਦੀ ਕੇਰਲ ਇਕਾਈ ਦੇ ਪ੍ਰਧਾਨ ਕੇ.ਸੁਰੇਂਦਰ ਨੇ ਮੁੱਖ ਮੰਤਰੀ ਪਿਨਾਰਈ ਵਿਜਯਨ ਨੂੰ ਪੱਤਰ ਲਿਖ ਕੇ ਬੀਬੀਸੀ ਦਸਤਾਵੇਜ਼ੀ ਨੂੰ ‘ਜਮਹੂਰੀਅਤ ਤੇ ਦੇਸ਼ੀ ਦੀ ਨਿਆਂਪਾਲਿਕਾ ਦਾ ਨਿਰਾਦਰ ਦੱਸਦੇ ਹੋਏ ਸਕਰੀਨਿੰਗ ਦੀ ਇਜਾਜ਼ਤ ਨਾ ਦੇਣ ਦੀ ਮੰਗ ਕੀਤੀ ਸੀ। ਵਿਰੋਧ ਦੇ ਬਾਵਜੂਦ ਸਟੂਡੈਂਟਸ ਫੈਡਰੇਸ਼ਨ ਆਫ ਇੰਡੀਆ (ਐੱਸਐੱਫਆਈ) ਸਣੇ ਕਈ ਸਿਆਸੀ ਦਲਾਂ ਵੱਲੋਂ ਅੱਜ ਕੇਰਲ ਦੇ ਕਈ ਸ਼ਹਿਰਾਂ ਵਿੱਚ ਦਸਤਾਵੇਜ਼ੀ ਦਿਖਾਈ ਗਈ। ਭਾਜਪਾ ਦੇ ਯੂਥ ਵਿੰਗ ਨੇ ਇਸ ਫਿਲਮ ਨੂੰ ਵਿਖਾਉਣ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਭਾਜਪਾ ਦੀ ਇਸ ਕਾਰਵਾਈ ਨੂੰ ਉਦੋਂ ਬਲ ਮਿਲਿਆ ਜਦੋਂ ਕੇਰਲਾ ਦੇ ਸਾਬਕਾ ਮੁੱਖ ਮੰਤਰੀ ਤੇ ਸੀਨੀਅਰ ਕਾਂਗਰਸੀ ਆਗੂ ਏ.ਕੇ. ਐਂਟਨੀ ਦੇ ਪੁੱਤਰ ਅਨਿਲ ਨੇ ਦਸਤਾਵੇਜ਼ੀ ਵਿਖਾਉਣ ਦਾ ਵਿਰੋਧ ਕੀਤਾ। ਭਾਜਪਾ ਯੂਥ ਮੋਰਚੇ ਵੱਲੋਂ ਕੀਤੇ ਗਏ ਰੋਸ ਪ੍ਰਦਰਸ਼ਨਾਂ ਦੌਰਾਨ ਪੁਲੀਸ ਨੇ ਕਈ ਥਾਈਂ ਪਾਰਟੀ ਕਾਰਕੁਨਾਂ ਨੂੰ ਖਦੇੜ ਦਿੱਤਾ ਜਿਸ ਕਾਰਨ ਟਕਰਾਅ ਦੀ ਸਥਿਤੀ ਟਲ ਗਈ।
ਉਧਰ ਹੈਦਰਾਬਾਦ ਸੈਂਟਰਲ ਯੂਨੀਵਰਸਿਟੀ (ਐੱਚਸੀਯੂ) ਵਿੱਚ ਸੋਮਵਾਰ ਰਾਤ ਨੂੰ ‘ਫਰੈਟਰਨਿਟੀ ਮੂਵਮੈਂਟ- ਐੱਚਸੀਯੂ ਯੂਨਿਟ’ ਦੇ ਬੈਨਰ ਹੇਠ ਵਿਦਿਆਰਥੀਆਂ ਦੇ ਇਕ ਵਿਸ਼ੇਸ਼ ਵਰਗ ਨੂੰ ਗੁਜਰਾਤ ਦੰਗਿਆਂ ਬਾਰੇ ਬੀਬੀਸੀ ਦੀ ਵਿਵਾਦਿਤ ਦਸਤਾਵੇਜ਼ੀ ਦਿਖਾਈ ਗਈ। ਉਧਰ ਯੂਨੀਵਰਸਿਟੀ ਅਥਾਰਿਟੀ ਨੇ ਇਸ ਬਾਰੇ ਰਿਪੋਰਟ ਮੰਗ ਲਈ ਹੈ। ਵਿਦਿਆਰਥੀ ਸਮੂਹ ਨੇ ਦਸਤਾਵੇਜ਼ੀ ਵਿਖਾਉਣ ਤੋਂ ਪਹਿਲਾਂ ਯੂਨੀਵਰਸਿਟੀ ਅਥਾਰਿਟੀ ਤੋਂ ਲੋੜੀਂਦੀ ਪ੍ਰਵਾਨਗੀ ਨਹੀਂ ਲਈ ਸੀ। -ਪੀਟੀਆਈ/ਏਐੱਨਆਈ
ਅਮਰੀਕਾ ਨੇ ਬੀਬੀਸੀ ਦਸਤਾਵੇਜ਼ੀ ਤੋਂ ਕਿਨਾਰਾ ਕੀਤਾ
ਵਾਸ਼ਿੰਗਟਨ: ਅਮਰੀਕਾ ਨੇ ਬੀਬੀਸੀ ਵੱਲੋਂ ਬਣਾਈ ਗਈ ਦਸਤਾਵੇਜ਼ੀ ‘ਇੰਡੀਆ: ਦਿ ਮੋਦੀ ਕੁਐੱਸਚਨ’ ਤੋਂ ਕਿਨਾਰਾ ਕਰ ਲਿਆ ਹੈ। ਅਮਰੀਕਾ ਨੇ ਕਿਹਾ ਕਿ ਉਹ ਇਸ ਦਸਤਾਵੇਜ਼ੀ ਤੋਂ ਅਣਜਾਣ ਹੈ। ਇਕ ਪਾਕਿਸਤਾਨੀ ਪੱਤਰਕਾਰ ਵੱਲੋਂ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਅਮਰੀਕਾ ਦੇ ਗ੍ਰਹਿ ਵਿਭਾਗ ਦੇ ਬੁਲਾਰੇ ਨੈੱਡ ਪ੍ਰਾਈਸ ਨੇ ਦੱਸਿਆ ਕਿ ਅਮਰੀਕਾ ਤੇ ਭਾਰਤ ਵਿਚਾਲੇ ਜਮਹੂਰੀ ਕਦਰਾਂ-ਕੀਮਤਾਂ ਦੇ ਅਧਾਰ ’ਤੇ ਡੂੰਘੇ ਸਬੰਧ ਹਨ। ਜਦੋਂ ਪੱਤਰਕਾਰ ਨੇ ਬੀਬੀਸੀ ਦਸਤਾਵੇਜ਼ੀ ਬਾਰੇ ਜ਼ੋਰ ਦੇ ਕੇ ਪੁੱਛਿਆ ਤਾਂ ਪ੍ਰਾਈਸ ਨੇ ਕਿਹਾ, ‘‘ਮੈਂ ਇਸ ਦਸਤਵੇਜ਼ੀ ਬਾਰੇ ਜਾਣੂ ਨਹੀਂ ਹਾਂ ਜਿਸ ਬਾਰੇ ਤੁਸੀ ਗੱਲ ਕਰ ਰਹੇ ਹੋ। ਮੈਂ ਤਾਂ ਉਨ੍ਹਾਂ ਜਮਹੂਰੀ ਕਦਰਾਂ ਕੀਮਤਾਂ ਬਾਰੇ ਹੀ ਜਾਣਦਾ ਹਾਂ, ਜੋ ਕਿ ਭਾਰਤ ਤੇ ਅਮਰੀਕਾ ਵਿਚਾਲੇ ਆਪਸ ਵਿੱਚ ਸਾਂਝੀਆਂ ਕੀਤੀਆਂ ਜਾਂਦੀਆਂ ਹਨ।’’ -ਪੀਟੀਆਈ
ਕਈਆਂ ਲਈ ਗੋਰੇ ਸ਼ਾਸਕ ਅੱਜ ਵੀ ਉਨ੍ਹਾਂ ਦੇ ਮਾਲਕ : ਰਿਜਿਜੂ
ਨਵੀਂ ਦਿੱਲੀ: ਕੇਂਦਰੀ ਮੰਤਰੀ ਕਿਰਨ ਰਿਜਿਜੂ ਨੇ ਬੀਬੀਸੀ ਦਸਤਾਵੇਜ਼ੀ ਦੇ ਹਵਾਲੇ ਨਾਲ ਕਿਹਾ ਕਿ ਕੁਝ ਲੋਕ ਅਜੇ ਵੀ ‘ਬਸਤੀਵਾਦ ਦੀ ਖੁਮਾਰੀ’ ਵਿਚੋਂ ਨਹੀਂ ਨਿਕਲ ਸਕੇ ਤੇ ਉਨ੍ਹਾਂ ਲਈ ‘ਅੰਗਰੇਜ਼’ ਅੱਜ ਵੀ ਉਨ੍ਹਾਂ ਦੇ ਸ਼ਾਸਕ ਹਨ। ਕਾਨੂੰਨ ਮੰਤਰੀ ਨੇ ਹਿੰਦੀ ਵਿੱਚ ਕੀਤੇ ਟਵੀਟ ’ਚ ਕਿਹਾ, ‘‘ਕੁਝ ਲੋਕਾਂ ਲਈ ਗੋਰੇ ਸ਼ਾਸਕ ਅੱਜ ਵੀ ਮਾਲਕ ਹਨ, ਜਿਨ੍ਹਾਂ ਲਈ ਭਾਰਤ ਦੀ ਸਰਵਉੱਚ ਅਦਾਲਤ ਦਾ ਫੈਸਲਾ ਜਾਂ ਭਾਰਤ ਦੇ ਲੋਕਾਂ ਦੀ ਇੱਛਾ ਨਹੀਂ ਬਲਕਿ ਇਨ੍ਹਾਂ ਗੋਰੇ ਸ਼ਾਸਕਾਂ ਦਾ ਭਾਰਤ ਬਾਰੇ ਫੈਸਲਾ ਅੰਤਿਮ ਹੈ।’’ -ਏਐੱਨਆਈ
‘ਸੱਚ ਹਮੇਸ਼ਾ ਸਾਹਮਣੇ ਆ ਹੀ ਜਾਂਦਾ ਹੈ’
ਜੰਮੂ: ਕਾਂਗਰਸ ਆਗੂ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ 2002 ਗੁਜਰਾਤ ਦੰਗਿਆਂ ਬਾਰੇ ਬੀਬੀਸੀ ਦੀ ਵਿਵਾਦਿਤ ਦਸਤਾਵੇਜ਼ੀ ਦੇ ਹਵਾਲੇ ਨਾਲ ਅੱਜ ਕਿਹਾ ਕਿ ਦਸਤਾਵੇਜ਼ੀ ’ਤੇ ਕਿਸੇ ਤਰ੍ਹਾਂ ਦੀ ਪਾਬੰਦੀ ਲਾਉਣ ਜਾਂ ਲੋਕਾਂ ਨੂੰ ਡਰਾਉਣ ਧਮਕਾਉਣ ਤੇ ਦਬਕਾਉਣ ਨਾਲ ਸੱਚ ਨੂੰ ਸਾਹਮਣੇ ਆਉਣ ਤੋਂ ਨਹੀਂ ਰੋਕਿਆ ਜਾ ਸਕਦਾ। ਇਥੇ ਭਾਰਤ ਜੋੜੋ ਯਾਤਰਾ ਤੋਂ ਇਕ ਪਾਸੇ ਕੀਤੀ ਪ੍ਰੈੱਸ ਕਾਨਫਰੰਸ ਦੌਰਾਨ ਗਾਂਧੀ ਨੇ ਕਿਹਾ, ‘‘ਜੇਕਰ ਤੁਸੀਂ ਸਾਡੇ ਧਰਮ ਗ੍ਰੰਥਾਂ ਨੂੰ ਪੜ੍ਹੋਗੇ, ਜੇਕਰ ਤੁਸੀਂ ਭਗਵਤ ਗੀਤਾ ਜਾਂ ਉਪਨਿਸ਼ਦਾਂ ਨੂੰ ਪੜ੍ਹੋਗੇ, ਤੁਸੀਂ ਵੇਖੋਗੇ ਕਿ ਇਨ੍ਹਾਂ ਵਿੱਚ ਲਿਖਿਆ ਹੈ ਕਿ ਸੱਚ ਨੂੰ ਬਹੁਤਾ ਚਿਰ ਲੁਕਾਇਆ ਨਹੀਂ ਜਾ ਸਕਦਾ। ਸੱਚ ਹਮੇਸ਼ਾ ਸਾਹਮਣੇ ਆਉਂਦਾ ਹੈ। -ਪੀਟੀਆਈ
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ