ਨਵੀਂ ਦਿੱਲੀ, 15 ਮਾਰਚ
ਸੰਨ 2008 ਦੇ ਬਾਟਲਾ ਹਾਊਸ ਮੁਕਾਬਲੇ ਵਿਚ ਪੁਲੀਸ ਇੰਸਪੈਕਟਰ ਮੋਹਨ ਚੰਦ ਸ਼ਰਮਾ ਦੇ ਕਤਲ ਲਈ ਦੋਸ਼ੀ ਠਹਿਰਾਏ ਗਏ ਆਰਿਜ਼ ਖਾਨ ਨੂੰ ਦਿੱਲੀ ਦੀ ਅਦਾਲਤ ਨੇ ਮੌਤ ਦੀ ਸਜ਼ਾ ਸੁਣਾਈ ਹੈ। ਦਿੱਲੀ ਪੁਲੀਸ ਨੇ ਖਾਨ ਲਈ ਮੌਤ ਦੀ ਸਜ਼ਾ ਮੰਗੀ ਸੀ। ਸਰਕਾਰੀ ਵਕੀਲ ਏ.ਟੀ. ਅੰਸਾਰੀ ਨੇ ਪੁਲੀਸ ਵੱਲੋਂ ਪੇਸ਼ ਹੁੰਦਿਆਂ ਕਿਹਾ ਕਿ ਆਰਿਜ਼ ਨੂੰ ਮਿਸਾਲੀ ਸਜ਼ਾ ਮਿਲਣੀ ਚਾਹੀਦੀ ਹੈ ਤੇ ਫਾਂਸੀ ਦਿੱਤੀ ਜਾਣੀ ਚਾਹੀਦੀ ਹੈ। ਜ਼ਿਕਰਯੋਗ ਹੈ ਕਿ ਆਰਿਜ਼ ਖਾਨ ਇੰਡੀਅਨ ਮੁਜਾਹਿਦੀਨ ਨਾਲ ਜੁੜਿਆ ਹੋਇਆ ਸੀ। ਪੁਲੀਸ ਨੇ ਅਦਾਲਤ ਵਿਚ ਕਿਹਾ ਕਿ ਇਹ ਮਹਿਜ਼ ਕਤਲ ਨਹੀਂ ਹੈ ਸਗੋਂ ਕਾਨੂੰਨ ਦੇ ਰਖਵਾਲੇ ਇਕ ਪੁਲੀਸ ਅਧਿਕਾਰੀ ਦੀ ਹੱਤਿਆ ਹੈ। ਵਧੀਕ ਸੈਸ਼ਨ ਜੱਜ ਸੰਦੀਪ ਯਾਦਵ ਨੇ ਆਰਿਜ਼ ’ਤੇ 11 ਲੱਖ ਰੁਪਏ ਜੁਰਮਾਨਾ ਵੀ ਲਾਇਆ ਹੈ। ਦਸ ਲੱਖ ਰੁਪਏ ਇੰਸਪੈਕਟਰ ਦੇ ਪਰਿਵਾਰ ਨੂੰ ਤੁਰੰਤ ਅਦਾ ਕਰਨ ਦੇ ਹੁਕਮ ਦਿੱਤੇ ਗਏ ਹਨ। -ਏਜੰਸੀ