ਬੰਗਲੁਰੂ, 28 ਜੁਲਾਈ
ਸੂਬੇ ਦੀ ਕਮਾਨ ਸੰਭਾਲਣ ਸਬੰਧੀ ਕਈ ਮਹੀਨਿਆਂ ਤੋਂ ਚੱਲ ਰਹੀਆਂ ਅਟਕਲਾਂ ਖ਼ਤਮ ਕਰਦਿਆਂ ਅੱਜ ਬਸਵਾਰਾਜ ਬੋਮਈ ਨੇ ਕਰਨਾਟਕ ਦੇ ਨਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਇੱਥੇ ਰਾਜ ਭਵਨ ਵਿੱਚ ਸੂਬੇ ਦੇ ਰਾਜਪਾਲ ਥਾਵਰਚੰਦ ਗਹਿਲੋਤ ਨੇ ਉਨ੍ਹਾਂ ਨੂੰ ਅਹੁਦੇ ਦੀ ਸਹੁੰ ਚੁਕਵਾਈ। ਕਰਨਾਟਕ ਦੇ ਭਾਜਪਾ ਵਿਧਾਇਕ ਦਲ ਨੇ ਬੀਤੇ ਦਿਨ ਉਨ੍ਹਾਂ ਨੂੰ ਨਵਾਂ ਆਗੂ ਚੁਣ ਲਿਆ ਸੀ। ਇਸ ਮੌਕੇ ਮੁੱਖ ਮੰਤਰੀ ਸ੍ਰੀ ਬੋਮਈ ਨੇ ਕਿਹਾ ਕਿ ਉਹ ਜਲਦੀ ਹੀ ਕੈਬਨਿਟ ਦਾ ਵਿਸਥਾਰ ਕਰਨਗੇ। ਇਸ ਸਬੰਧੀ ਪੁੱਛੇ ਇੱਕ ਸੁਆਲ ਦੇ ਜੁਆਬ ’ਚ ਉਨ੍ਹਾਂ ਕਿਹਾ,‘ਮੈਂ ਕੈਬਨਿਟ ਅਬਜ਼ਰਵਰਾਂ- ਧਰਮੇਂਦਰ ਪ੍ਰਧਾਨ, ਕਿਸ਼ਨ ਰੈੱਡੀ ਅਤੇ ਜਨਰਲ ਸਕੱਤਰ ਅਰੁਨ ਸਿੰਘ ਨਾਲ ਮੁਲਾਕਾਤ ਕੀਤੀ ਸੀ ਤੇ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਦਿੱਲੀ ਤੋਂ ਵਾਪਸ ਆਉਣ ਮਗਰੋਂ ਇਸ ਵਿਸ਼ੇ ’ਤੇ ਗੱਲਬਾਤ ਕੀਤੀ ਜਾਵੇਗੀ।’
ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਰਨਾਟਕ ਦੇ ਨਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ’ਤੇ ਬਸਵਾਰਾਜ ਬੋਮਈ ਨੂੰ ਮੁਬਾਰਕਬਾਦ ਦਿੱਤੀ। ਉਨ੍ਹਾਂ ਕਿਹਾ ਕਿ ਉਹ ਆਪਣੇ ਨਾਲ ਚੰਗਾ ਕਾਨੂੰਨੀ ਅਤੇ ਪ੍ਰਸ਼ਾਸਕੀ ਅਨੁਭਵ ਲਿਆਏ ਹਨ। ਉਨ੍ਹਾਂ ਟਵੀਟ ਕਰਦਿਆਂ ਸਾਬਕਾ ਮੁੱਖ ਮੰਤਰੀ ਬੀ ਐੱਸ ਯੇਦੀਯੁਰੱਪਾ ਦੀ ਵੀ ਸ਼ਲਾਘਾ ਕਰਦਿਆਂ ਕਿਹਾ ਕਿ ਭਾਜਪਾ ਤੇ ਇਸ ਦੇ ਮੈਂਬਰਾਂ ਦੇ ਵਿਕਾਸ ’ਚ ਉਨ੍ਹਾਂ ਵੱਲੋਂ ਪਾਏ ਯੋਗਦਾਨ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ। -ਪੀਟੀਆਈ
ਬੋਮਈ ਸੂਬੇ ਨਾਲ ਹੋਈ ਬੇਇਨਸਾਫ਼ੀ ਦੂਰ ਕਰਨ: ਕਾਂਗਰਸ
ਬੰਗਲੁਰੂ: ਕਾਂਗਰਸ ਨੇ ਅੱਜ ਨਵੇਂ ਮੁੱਖ ਮੰਤਰੀ ਬਸਵਾਰਾਜ ਬੋਮਈ ਨੂੰ ਸੂਬੇ ਨਾਲ ਪਿਛਲੇ ਦੋ ਸਾਲਾਂ ਵਿੱਚ ਹੋਈ ਬੇਇਨਸਾਫ਼ੀਆਂ ਨੂੰ ਦੂਰ ਕਰਨ ਲਈ ਕਿਹਾ ਹੈ। ਕਾਂਗਰਸ ਦੇ ਸੂਬਾਈ ਪ੍ਰਧਾਨ ਡੀ ਕੇ ਸ਼ਿਵਾਕੁਮਾਰ ਨੇ ਇੱਕ ਬਿਆਨ ਰਾਹੀਂ ਕਿਹਾ,‘ਆਓ! ਨਵੇਂ ਮੁੱਖ ਮੰਤਰੀ ਬਸਵਾਰਾਜ ਬੋਮਈ ਨੂੰ ਸੂਬੇ ਨਾਲ ਪਿਛਲੇ ਦੋ ਸਾਲਾਂ ਵਿੱਚ ਹੋਈ ਬੇਇਨਸਾਫ਼ੀ ਦੂਰ ਕਰਨ ਦਾ ਮੌਕਾ ਦੇਈਏ।’ ਉਨ੍ਹਾਂ ਕੇਂਦਰ ਸਰਕਾਰ ’ਤੇ ਸੂਬੇ ਨਾਲ ਸਿੰਜਾਈ ਤੇ ਵਿੱਤ ਸਮੇਤ ਕਿਸੇ ਵੀ ਮੁੱਦੇ ’ਤੇ ਸਹਿਯੋਗ ਨਾ ਦੇਣ ਦਾ ਦੋਸ਼ ਵੀ ਲਾਇਆ। ਉਨ੍ਹਾਂ ਸ੍ਰੀ ਬੋਮਈ ਨੂੰ ਨਵਾਂ ਮੁੱਖ ਮੰਤਰੀ ਬਣਨ ’ਤੇ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਉਹ ਆਸ ਕਰਦੇ ਹਨ ਕਿ ਉਹ ਚੰਗਾ ਪ੍ਰਸ਼ਾਸਨ ਚਲਾਉਣਗੇ ਤੇ ਸੂਬੇ ਨਾਲ ਨਿਆਂ ਕਰਨਗੇ। -ਪੀਟੀਆਈ
ਬੋਮਈ ਵੱਲੋਂ ਕਿਸਾਨਾਂ ਦੇ ਬੱਚਿਆਂ ਲਈ ਵਜ਼ੀਫ਼ਿਆਂ ਦਾ ਐਲਾਨ
ਬੰਗਲੁਰੂ: ਕਰਨਾਟਕ ਦੇ ਨਵੇਂ ਮੁੱਖ ਮੰਤਰੀ ਬਸਵਾਰਾਜ ਬੋਮਈ ਨੇ ਕਿਸਾਨਾਂ ਦੇ ਬੱਚਿਆਂ ਲਈ ਵਜ਼ੀਫ਼ਾ ਪ੍ਰੋਗਰਾਮ ਅਤੇ ਸਮਾਜਿਕ ਸੁਰੱਖਿਆ ਸਕੀਮ ਅਧੀਨ ਸੀਨੀਅਰ ਸਿਟੀਜਨਾਂ, ਵਿਧਵਾਵਾਂ ਤੇ ਅਪਾਹਜਾਂ ਲਈ ਪੈਨਸ਼ਨ ਵਿੱਚ ਵਾਧੇ ਦਾ ਐਲਾਨ ਕੀਤਾ। ਇੱਥੇ ਇੱਕ ਮੈਂਬਰੀ ਕੈਬਨਿਟ ਮੀਟਿੰਗ ਦੀ ਪ੍ਰਧਾਨਗੀ ਮਗਰੋਂ ਮੀਡੀਆ ਨਾਲ ਗੱਲਬਾਤ ਮੌਕੇ ਸ੍ਰੀ ਬੋਮਈ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਕਿਸਾਨਾਂ ਤੇ ਸਮਾਜ ਦੇ ਗ਼ਰੀਬ ਤਬਕੇ ਦੀ ਭਲਾਈ ਲਈ ਕੰਮ ਕਰਨ ਪ੍ਰਤੀ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਬੱਚਿਆਂ ਵਿੱਚ ਉੱਚ ਸਿੱਖਿਆ ਨੂੰ ਉਤਸ਼ਾਹਿਤ ਕਰਨ ਲਈ ਨਵੀਂ ਵਜ਼ੀਫ਼ਾ ਸਕੀਮ ਲਿਆਂਦੀ ਜਾ ਰਹੀ ਹੈ। ਇਸ ਲਈ 1000 ਕਰੋੜ ਰੁਪਏ ਲੱਗਣਗੇ ਤੇ ਇਸ ਲਈ ਇੱਕ ਵਿਸਤ੍ਰਿਤ ਪ੍ਰੋਗਰਾਮ ਤਿਆਰ ਕੀਤਾ ਜਾਵੇਗਾ। -ਪੀਟੀਆਈ