DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਮੱਧ ਪੂਰਬ ਸੰਕਟ ਕਾਰਨ ਬਾਸਮਤੀ ਵਪਾਰ ਖ਼ਤਰੇ ਵਿੱਚ

ਅਨਾਜ ਦੀ ਢੋਆ-ਢੁਆਈ ਰੁਕੀ; ਬਰਾਮਦਕਾਰਾਂ ਨੂੰ ਭੁਗਤਾਨ ਡੁੱਬਣ ਦਾ ਡਰ

  • fb
  • twitter
  • whatsapp
  • whatsapp
Advertisement

ਮੱਧ-ਪੂਰਬ ਵਿੱਚ ਵੱਧ ਰਹੇ ਤਣਾਅ ਕਾਰਨ ਪੰਜਾਬ-ਹਰਿਆਣਾ ਦੇ ਬਾਸਮਤੀ ਵਪਾਰ ’ਤੇ ਅਸਰ ਪੈ ਸਕਦਾ ਹੈ। ਪੰਜਾਬ ਤੋਂ ਪੱਛਮੀ ਏਸ਼ੀਆ ਦੇ ਮੁਲਕਾਂ, ਯੂਰੋਪ, ਅਮਰੀਕਾ ਅਤੇ ਅਮਰੀਕੀ ਮਹਾਂਦੀਪ ਦੇ ਹੋਰਨਾਂ ਦੇਸ਼ਾਂ ਨੂੰ ਬਰਾਮਦ ਕਰਨ ਵਾਲੇ ਡਰ ਦੇ ਮਾਹੌਲ ’ਚ ਹਨ। ਪੰਜਾਬ ’ਚੋਂ ਬਾਸਮਤੀ ਚੌਲ, ਹੌਜ਼ਰੀ, ਆਟੋ ਪੁਰਜ਼ੇ, ਹੈਂਡ ਟੂਲਜ਼ ਆਦਿ ਦੀ ਬਰਾਮਦ ਹੁੰਦੀ ਹੈ।

ਇਸ ਗੰਭੀਰ ਟਕਰਾਅ ਦਾ ਸਿੱਧਾ ਅਸਰ ਭਾਰਤ-ਇਰਾਨ ਦਰਮਿਆਨ ਲੰਮੇ ਸਮੇਂ ਤੋਂ ਚੱਲ ਰਹੇ ਬਾਸਮਤੀ ਕਾਰੋਬਾਰ ’ਤੇ ਪੈਣ ਦਾ ਖ਼ਦਸਾ ਹੈ। ਦੇਸ਼ ’ਚੋਂ ਬਰਾਮਦ ਹੋਣ ਵਾਲੇ ਬਾਸਮਤੀ ’ਚੋਂ ਕਰੀਬ 40 ਫ਼ੀਸਦੀ ਹਿੱਸਾ ਇਕੱਲੇ ਪੰਜਾਬ ਦਾ ਹੈ। ਇਰਾਨ, ਭਾਰਤ ਦੇ ਬਾਸਮਤੀ ਚੌਲਾਂ ਦਾ ਸਭ ਤੋਂ ਵੱਡਾ ਖ਼ਰੀਦਦਾਰ ਹੈ। ਇੰਡੀਅਨ ਰਾਈਸ ਐਕਸਪੋਰਟਰਜ਼ ਫੈਡਰੇਸ਼ਨ ਨੇ ਆਪਣੇ ਮੈਂਬਰਾਂ ਨੂੰ ਕਿਹਾ ਹੈ ਕਿ ਉਹ ਖਾੜੀ ਮੁਲਕਾਂ ਨੂੰ ਬਰਾਮਦ ਲਈ ਕੋਈ ਨਵਾਂ ਸਮਝੌਤਾ ਨਾ ਕਰਨ।

Advertisement

ਵੇਰਵਿਆਂ ਅਨੁਸਾਰ 2003 ਵਿੱਚ ਭਾਰਤੀ ਖੇਤੀਬਾੜੀ ਖੋਜ ਸੰਸਥਾ ਵੱਲੋਂ ਪੂਸਾ ਬਾਸਮਤੀ 1121 ਦੀ ਵਪਾਰਕ ਰਿਲੀਜ਼ ਮਗਰੋਂ ਇਰਾਨ ਨੂੰ ਬਰਾਮਦ ’ਚ ਤੇਜ਼ੀ ਆਈ ਸੀ ਤੇ ਇੱਕ ਸਮੇਂ ਬਾਸਮਤੀ ਦੀ ਬਰਾਮਦ 15 ਲੱਖ ਮੀਟਰਿਕ ਟਨ ਸਾਲਾਨਾ ਤੱਕ ਪੁੱਜ ਗਈ ਸੀ। ਇਸ ਕਾਰਨ ਪੰਜਾਬ ਤੇ ਹਰਿਆਣਾ ’ਚ ਬਾਸਮਤੀ ਹੇਠਲਾ ਰਕਬਾ ਵਧਣਾ ਸ਼ੁਰੂ ਹੋ ਗਿਆ ਸੀ। ਮੱਧ ਪੂਰਬ ’ਚ ਵਧਦੇ ਤਣਾਅ ਕਾਰਨ ਭਾਰਤ ਤੋਂ ਇਰਾਨ ਨੂੰ ਸਿੱਧੀ ਸ਼ਿਪਮੈਂਟ ਦੀ ਰਫ਼ਤਾਰ ਮੱਠੀ ਪੈ ਗਈ ਸੀ ਅਤੇ ਬਰਾਮਦਕਾਰਾਂ ਨੂੰ ਦੁਬਈ ਦੀ ਜੇਬਲ ਅਲੀ ਬੰਦਰਗਾਹ ਰਾਹੀਂ ਪੁਰਾਣੇ ਮਾਰਗ ’ਤੇ ਨਿਰਭਰ ਹੋਣਾ ਪੈ ਰਿਹਾ ਸੀ ਜਿੱਥੋਂ ਛੋਟੇ ਜਹਾਜ਼ਾਂ ਰਾਹੀਂ ਉਤਪਾਦ ਇਰਾਨ ਦੀਆਂ ਛੋਟੀਆਂ ਬੰਦਰਗਾਹਾਂ ਤੱਕ ਪਹੁੰਚਾਇਆ ਜਾਂਦਾ ਹੈ। ਲੰਘੇ ਤਿੰਨ ਮਹੀਨਿਆਂ ’ਚ ਕਰੀਬ ਤਿੰਨ ਲੱਖ ਮੀਟਰਿਕ ਟਨ ਬਾਸਮਤੀ ਇਸ ਮਾਰਗ ਰਾਹੀਂ ਇਰਾਨ ਪਹੁੰਚੀ ਹੈ ਅਤੇ ਹੁਣ ਇਹ ਮੂਵਮੈਂਟ ਵੀ ਬੰਦ ਹੋ ਜਾਣੀ ਹੈ।

Advertisement

ਭਾਰਤੀ ਬਰਾਮਦਕਾਰਾਂ ਦੀ ਕਰੀਬ ਚਾਰ ਤੋਂ ਪੰਜ ਹਜ਼ਾਰ ਕਰੋੜ ਰੁਪਏ ਦੀ ਅਦਾਇਗੀ ਹਾਲੇ ਫਸੀ ਹੋਈ ਹੈ ਜਿਸ ਦੇ ਡੁੱਬਣ ਦਾ ਖ਼ਤਰਾ ਵੀ ਮੰਡਰਾਉਣ ਲੱਗਾ ਹੈ। ਬਾਸਮਤੀ ਚੌਲ ਮਿੱਲਰਜ਼ ਅਤੇ ਐਕਸਪੋਰਟਰਜ਼ ਐਸੋਸੀਏਸ਼ਨ ਦੇ ਪ੍ਰਧਾਨ ਬਾਲ ਕਿਸ਼ਨ ਬਾਲੀ ਅਤੇ ਉਪ ਪ੍ਰਧਾਨ ਰਣਜੀਤ ਸਿੰਘ ਜੋਸਨ ਨੇ ਕਿਹਾ ਕੌਮਾਂਤਰੀ ਹਮਲਿਆਂ ਤੋਂ ਬਾਅਦ ਇਰਾਨ, ਯੂ ਏ ਈ, ਕਤਰ, ਕੁਵੈਤ ਅਤੇ ਹੋਰ ਕਈ ਮੁਲਕਾਂ ਨੇ ਆਪਣਾ ਹਵਾਈ ਖੇਤਰ ਅਗਲੇ ਹੁਕਮਾਂ ਤੱਕ ਬੰਦ ਕਰ ਦਿੱਤਾ ਹੈ ਅਤੇ ਅਨਾਜ ਦੀ ਮੂਵਮੈਂਟ ਵੀ ਬੰਦ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਬੈਂਕਿੰਗ ਮਾਰਗਾਂ ’ਚ ਬਾਕੀ ਸਫਾ 7 » ਰੁਕਾਵਟਾਂ, ਕੌਮਾਂਤਰੀ ਭੁਗਤਾਨ ਨਿਬੇੜੇ ਵਿੱਚ ਦੇਰੀ ਅਤੇ ਲਾਲ ਸਾਗਰ ਤੇ ਹਰਮੁਜ਼ ਦੀ ਖਾੜੀ ਵਿੱਚ ਖ਼ਤਰੇ ਕਾਰਨ ਮਾਲ ਭਾੜੇ ਅਤੇ ਬੀਮਾ ਦਰਾਂ ਵਿੱਚ ਵਾਧੇ ਦੀ ਸੰਭਾਵਨਾ ਬਣ ਗਈ ਹੈ। ਸ੍ਰੀ ਜੋਸਨ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਬਰਾਮਦਕਾਰਾਂ ਨੂੰ ਵਿੱਤੀ ਅਤੇ ਨੀਤੀਗਤ ਸੁਰੱਖਿਆ ਉਪਾਅ ਦਿੱਤੇ ਜਾਣ। ਮੁਦਰਾ ਅਸਥਿਰਤਾ ਵੀ ਬਰਾਮਦਕਾਰਾਂ ਲਈ ਵੱਡੀ ਚਿੰਤਾ ਹੈ ਕਿਉਂਕਿ ਪਿਛਲੀਆਂ ਪਾਬੰਦੀਆਂ ਦੌਰਾਨ ਇਰਾਨੀ ਮੁਦਰਾ ਵਿੱਚ ਤੇਜ਼ ਗਿਰਾਵਟ ਕਾਰਨ ਭੁਗਤਾਨ ਫਸਣ ਦੇ ਮਾਮਲੇ ਸਾਹਮਣੇ ਆਏ ਸਨ। 2005 ਵਿੱਚ ਇਕ ਡਾਲਰ ਦੀ ਕੀਮਤ 350 ਇਰਾਨੀ ਤੁਮਨ ਸੀ ਜੋ ਜੰਗ ਸ਼ੁਰੂ ਹੋਣ ਤੋਂ ਪਹਿਲਾਂ 1,50,000 ਇਰਾਨੀ ਤੁਮਨ ਪ੍ਰਤੀ ਡਾਲਰ ਦੇ ਬਰਾਬਰ ਪਹੁੰਚ ਗਈ ਸੀ।

ਪ੍ਰਾਪਤ ਵੇਰਵਿਆਂ ਅਨੁਸਾਰ ਗੌਰਮਿੰਟ ਟਰੇਡਿੰਗ ਕਾਰਪੋਰੇਸ਼ਨ ਆਫ਼ ਇਰਾਨ ਨੇ ਹਾਲ ਹੀ ਵਿੱਚ ਭਾਰਤੀ ਬਰਾਮਦਕਾਰਾਂ ਨਾਲ ਕਰੀਬ 1.60 ਲੱਖ ਟਨ ਬਾਸਮਤੀ ਦੀ ਖ਼ਰੀਦ ਸਬੰਧੀ ਨਿਰਦੇਸ਼ ਜਾਰੀ ਕੀਤੇ ਹਨ ਪ੍ਰੰਤੂ ਭਾਰਤ ਹੁਣ ਖੇਪਾਂ ਨੂੰ ਇਰਾਨ ਭੇਜਣ ਤੋਂ ਸੰਕੋਚ ਕਰ ਰਿਹਾ ਹੈ। ਓਸਵਾਲ ਇੰਡੀਆ ਦੇ ਐੱਮ ਡੀ ਵਿਕਾਸ ਜੈਨ ਜੋ ਕਈ ਪੱਛਮੀ ਏਸ਼ਿਆਈ ਦੇਸ਼ਾਂ ਨੂੰ ਬਰਾਮਦ ਕਰਦੇ ਹਨ, ਦਾ ਕਹਿਣਾ ਸੀ ਕਿ ਇਜ਼ਰਾਈਲ-ਇਰਾਨ ਟਕਰਾਅ ਕਾਰਨ ਜ਼ਿਆਦਾ ਬਰਾਮਦਕਾਰ ਘਬਰਾਹਟ ’ਚ ਹਨ ਤੇ ਉਨ੍ਹਾਂ ਨੂੰ ਫ਼ਿਕਰ ਹੈ ਕਿ ਜੋ ਖੇਪਾਂ ਭੇਜੀਆਂ ਜਾ ਰਹੀਆਂ ਹਨ, ਉਨ੍ਹਾਂ ’ਤੇ ਜੰਗ ਦਾ ਕਿਸ ਤਰ੍ਹਾਂ ਦਾ ਅਸਰ ਪਵੇਗਾ।

ਖਾੜੀ ਮੁਲਕਾਂ ’ਚ ਗਏ ਨੌਜਵਾਨਾਂ ਦੇ ਪਰਿਵਾਰਾਂ ਦੇ ਸਾਹ ਸੂਤੇ

ਚੰਡੀਗੜ੍ਹ (ਚਰਨਜੀਤ ਭੁੱਲਰ): ਇਰਾਨ-ਇਜ਼ਰਾਈਲ ਦੇ ਟਕਰਾਅ ਦਰਮਿਆਨ ਉਨ੍ਹਾਂ ਹਜ਼ਾਰਾਂ ਭਾਰਤੀ ਪਰਿਵਾਰਾਂ ਦੇ ਸਾਹ ਸੂਤੇ ਗਏ ਹਨ ਜਿਨ੍ਹਾਂ ਦੇ ਪਰਿਵਾਰਕ ਮੈਂਬਰ ਖਾੜੀ ਮੁਲਕਾਂ ’ਚ ਗਏ ਹੋਏ ਹਨ। ਹਜ਼ਾਰਾਂ ਪੰਜਾਬੀ ਨੌਜਵਾਨ ਰੋਜ਼ੀ-ਰੋਟੀ ਖਾਤਰ ਅਰਬ ਮੁਲਕਾਂ ’ਚ ਕੰਮ ਕਰ ਰਹੇ ਹਨ। ਅੰਮ੍ਰਿਤਸਰ ਦੇ ਕੌਮਾਂਤਰੀ ਹਵਾਈ ਅੱਡੇ ਤੋਂ ਦੋਹਾ, ਦੁਬਈ ਆਦਿ ਲਈ ਕਰੀਬ 10 ਕੌਮਾਂਤਰੀ ਉਡਾਣਾਂ ਨੂੰ ਰੱਦ ਕੀਤਾ ਗਿਆ ਹੈ। ਹਰਿਆਣਾ ਤੇ ਚੰਡੀਗੜ੍ਹ ਦੇ ਕਈ ਪਰਿਵਾਰ ਦੁਬਈ ’ਚ ਫਸੇ ਹੋਏ ਹਨ। ਬਠਿੰਡਾ ਦੇ ਇੱਕ ਕਾਲਜ ਦੀ ਪ੍ਰਿੰਸੀਪਲ ਨੀਰੂ ਗਰਗ ਆਪਣੇ ਪਰਿਵਾਰ ਸਮੇਤ 23 ਫਰਵਰੀ ਨੂੰ ਦੁਬਈ ਗਈ ਸੀ ਜਿਸ ਨੇ 28 ਫਰਵਰੀ ਨੂੰ ਵਾਪਸ ਆਉਣਾ ਸੀ। ਜਦੋਂ ਉਹ ਹਵਾਈ ਅੱਡੇ ’ਤੇ ਗਈ ਤਾਂ ਹਵਾਈ ਅੱਡਾ ਬੰਦ ਕਰ ਦਿੱਤਾ ਗਿਆ ਸੀ। ਪ੍ਰਿੰਸੀਪਲ ਨੀਰੂ ਗਰਗ ਨੇ ਅੱਜ ਵੀਡੀਓ ਜ਼ਰੀਏ ਭਾਰਤ ਸਰਕਾਰ ਨੂੰ ਕਿਹਾ ਹੈ ਕਿ ਉਨ੍ਹਾਂ ਦੀ ਸੁਰੱਖਿਅਤ ਵਾਪਸੀ ਲਈ ਮਦਦ ਕੀਤੀ ਜਾਵੇ। ਪ੍ਰਿੰ. ਗਰਗ ਨੇ ਕਿਹਾ ਕਿ ਉਹ ਮਦਦ ਲਈ ਭਾਰਤੀ ਅੰਬੈਸੀ ਦੇ ਦਫ਼ਤਰ ਵੀ ਗਏ ਪਰ ਉਹ ਵੀ ਬੰਦ ਸੀ। ਨੂੰ ਸ਼ਨਿਚਰਵਾਰ ਅੱਧੀ ਰਾਤ ਇੱਕ ਹੋਟਲ ’ਚ ਕਮਰਾ ਮਿਲਿਆ ਸੀ ਅਤੇ ਹੁਣ ਉਨ੍ਹਾਂ ਨੂੰ ਹੋਟਲ ਖਾਲੀ ਕਰਨ ਲਈ ਕਹਿ ਦਿੱਤਾ ਗਿਆ ਹੈ। ਪ੍ਰਿੰਸੀਪਲ ਨੇ ਕਿਹਾ ਕਿ ਉਨ੍ਹਾਂ ਕੋਲ ਹੁਣ ਨਾ ਤਾਂ ਪੈਸੇ ਬਚੇ ਹਨ ਅਤੇ ਦਵਾਈਆਂ ਵੀ ਖ਼ਤਮ ਹੋ ਚੁੱਕੀਆਂ ਹਨ। ਪੰਚਕੂਲਾ ਦਾ ਨਵਾਂ ਵਿਆਹਿਆ ਜੋੜਾ ਆਬੂ ਧਾਬੀ ’ਚ ਫਸ ਗਿਆ ਹੈ ਜਦੋਂਕਿ ਪੰਚਕੂਲਾ ਦਾ ਇੱਕ ਸਨਅਤਕਾਰ ਦੁਬਈ ਦੇ ਹੋਟਲ ’ਚ ਫਸਿਆ ਹੋਇਆ ਹੈ। ਚੰਡੀਗੜ੍ਹ ਦੇ ਇੱਕ ਪਰਿਵਾਰ ਨੇ ਸਮਾਗਮ ਲਈ ਦੁਬਈ ’ਚ ਹੋਟਲ ਬੁੱਕ ਕੀਤਾ ਸੀ ਜਿਸ ਦੀ ਬੁਕਿੰਗ ਕੈਂਸਲ ਕਰਾਈ ਗਈ ਹੈ। ਲੁਧਿਆਣਾ ਤੋਂ ਇੱਕ ਪਰਿਵਾਰ ਨੇ 7 ਮਾਰਚ ਨੂੰ ਦੁਬਈ ਜਾਣਾ ਸੀ ਅਤੇ ਉਨ੍ਹਾਂ ਨੇ ਵੀ ਬੁਕਿੰਗ ਰੱਦ ਕਰਾ ਦਿੱਤੀ ਹੈ। ਇਰਾਨ ’ਚ ਸਿੱਖ ਭਾਈਚਾਰੇ ਦੇ ਕਰੀਬ 60 ਪਰਿਵਾਰ ਹਨ ਜੋ ਇਸ ਟਕਰਾਅ ’ਚ ਫਸ ਗਏ ਹਨ। ਵੇਰਵਿਆਂ ਮੁਤਾਬਕ ਹੋਰ ਸੈਲਾਨੀ ਵੀ ਦੁਬਈ ’ਚ ਫਸੇ ਹੋਏ ਹਨ। ਕੇਂਦਰੀ ਵਿਦੇਸ਼ ਮੰਤਰਾਲੇ ਦੇ ਵੇਰਵਿਆਂ ਅਨੁਸਾਰ ਇਕੱਲੇ ਇਰਾਨ ’ਚ ਹੀ ਇਸ ਵੇਲੇ 10,765 ਭਾਰਤੀ ਹਨ ਜਦੋਂ ਕਿ ਇਰਾਕ ’ਚ 17,100 ਸਾਊਦੀ ਅਰਬ ’ਚ 27.47 ਲੱਖ, ਯੂ ਏ ਈ ’ਚ 38.97 ਲੱਖ ਤੇ ਓਮਾਨ ’ਚ 6.62 ਲੱਖ ਭਾਰਤੀ ਹਨ।

Advertisement
×