ਬੰਗਲੂਰੂ: ਵੱਡੇ ਪੱਧਰ ’ਤੇ ਸਾੜਫੂਕ; ਪੁਲੀਸ ਫਾਇਰਿੰਗ ’ਚ 3 ਮੌਤਾਂ

* ਇਤਰਾਜ਼ਯੋਗ ਪੋਸਟ ਤੋਂ ਭੜਕੀ ਹਿੰਸਾ; * 50 ਪੁਲੀਸ ਕਰਮੀਆਂ ਸਮੇਤ ਕਈ ਜਣੇ ਜ਼ਖ਼ਮੀ

ਬੰਗਲੂਰੂ: ਵੱਡੇ ਪੱਧਰ ’ਤੇ ਸਾੜਫੂਕ; ਪੁਲੀਸ ਫਾਇਰਿੰਗ ’ਚ 3 ਮੌਤਾਂ

ਬੰਗਲੁਰੂ ’ਚ ਬੁੱਧਵਾਰ ਨੂੰ ਪੁਲੀਸ ਤੇ ਸਥਾਨਕ ਵਾਸੀਆਂ ਵਿਚਾਲੇ ਹੋਈ ਝਡ਼ਪ ਤੋਂ ਬਾਅਦ ਪ੍ਰਦਰਸ਼ਨਕਾਰੀਆਂ ਵੱਲੋਂ ਸਾਡ਼ੇ ਗਏ ਵਾਹਨ। -ਫੋਟੋ: ਪੀਟੀਆਈ

ਬੰਗਲੂਰੂ, 12 ਅਗਸਤ

ਕਾਂਗਰਸ ਵਿਧਾਇਕ ਦੇ ਰਿਸ਼ਤੇਦਾਰ ਵੱਲੋਂ ਸੋਸ਼ਲ ਮੀਡੀਆ ’ਤੇ ਇਤਰਾਜ਼ਯੋਗ ਪੋਸਟ ਪਾਏ ਜਾਣ ਮਗਰੋਂ ਭੜਕੀ ਭੀੜ ਨੂੰ ਖਿੰਡਾਉਣ ਲਈ ਪੁਲੀਸ ਵੱਲੋਂ ਕੀਤੀ ਗਈ ਗੋਲੀਬਾਰੀ ’ਚ ਤਿੰਨ ਵਿਅਕਤੀ ਮਾਰੇ ਗਏ। ਪੁਲੀਸ ਕਮਿਸ਼ਨਰ ਕਮਲ ਪੰਤ ਨੇ ਖ਼ਬਰ ਏਜੰਸੀ ਨੂੰ ਦੱਸਿਆ ਕਿ ਭੰਨ-ਤੋੜ ਅਤੇ ਹਿੰਸਾ ’ਤੇ ਉਤਾਰੂ ਭੀੜ ’ਤੇ ਕਾਬੂ ਪਾਉਣ ਲਈ ਪੁਲੀਸ ਵੱਲੋਂ ਫਾਇਰਿੰਗ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਪੁਲਕੇਸ਼ੀ ਨਗਰ ’ਚ ਵਾਪਰੀ ਹਿੰਸਾ ਦੇ ਸਬੰਧ ’ਚ 110 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਮੰਗਲਵਾਰ ਰਾਤ ਤੋਂ ਬੁੱਧਵਾਰ ਤੜਕੇ ਤੱਕ ਜਾਰੀ ਹਿੰਸਾ ’ਚ 50 ਪੁਲੀਸ ਕਰਮੀਆਂ ਸਮੇਤ ਕਈ ਆਮ ਨਾਗਰਿਕ ਵੀ ਜ਼ਖ਼ਮੀ ਹੋਏ ਹਨ। ਪੁਲੀਸ ਨੇ ਡੀ ਜੇ ਹਾਲੀ ਅਤੇ ਕੇ ਜੀ ਹਾਲੀ ਇਲਾਕਿਆਂ ’ਚ ਕਰਫ਼ਿਊ ਲਗਾ ਦਿੱਤਾ ਹੈ। ਭੜਕੀ ਹੋਈ ਭੀੜ ਨੇ ਕਾਂਗਰਸ ਵਿਧਾਇਕ ਅਖੰਡ ਸ੍ਰੀਨਵਾਸ ਮੂਰਤੀ ਦੀ ਰਿਹਾਇਸ਼ ਅਤੇ ਡੀ ਜੇ ਹਾਲੀ ਪੁਲੀਸ ਸਟੇਸ਼ਨ ਨੂੰ ਨਿਸ਼ਾਨਾ ਬਣਾਇਆ। ਸ੍ਰੀ ਪੰਤ ਨੇ ਦੱਸਿਆ ਕਿ ਨਵੀਨ, ਜਿਸ ਨੇ ਸੋਸ਼ਲ ਮੀਡੀਆ ’ਤੇ ਇਤਰਾਜ਼ਯੋਗ ਪੋਸਟ ਪਾਈ ਸੀ, ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਮੁੱਖ ਮੰਤਰੀ ਬੀ ਐੱਸ ਯੇਦੀਯੁਰੱਪਾ ਨੇ ਦੰਗਾਕਾਰੀਆਂ ਖਿਲਾਫ਼ ਸਖ਼ਤ ਕਾਰਵਾਈ ਦੇ ਨਿਰਦੇਸ਼ ਦਿੱਤੇ ਹਨ। ਮਾਲ ਮੰਤਰੀ ਅਸ਼ੋਕ ਨੇ ਕਾਂਗਰਸ ਵਿਧਾਇਕ ਨਾਲ ਮੁਲਾਕਾਤ ਮਗਰੋਂ ਕਿਹਾ ਕਿ ਦੰਗਾ ਸੋਚੀ-ਸਮਝੀ ਸਾਜ਼ਿਸ਼ ਸੀ। ਦੰਗਾਕਾਰੀਆਂ ਨੂੰ ਦੇਸ਼ਧ੍ਰੋਹੀ ਕਰਾਰ ਦਿੰਦਿਆਂ ਉਨ੍ਹਾਂ ਕਿਹਾ ਕਿ ਉਹ ਸ਼ਹਿਰ ਦੇ ਹੋਰ ਹਿੱਸਿਆਂ ’ਚ ਵੀ ਦੰਗੇ ਭੜਕਾਉਣਾ ਚਾਹੁੰਦੇ ਸਨ। ਉਨ੍ਹਾਂ ਕਿਹਾ ਕਿ ਜਿਸ ਢੰਗ ਨਾਲ ਘਰ ਨੂੰ ਨੁਕਸਾਨ ਪਹੁੰਚਾਇਆ ਗਿਆ ਹੈ, ਉਸ ਤੋਂ ਜਾਪਦਾ ਹੈ ਕਿ ਦੰਗਾਕਾਰੀ ਵਿਧਾਇਕ ਨੂੰ ਖ਼ਤਮ ਕਰਨਾ ਚਾਹੁੰਦੇ ਸਨ। ਵਿਧਾਇਕ ਨੇ ਸੁਰੱਖਿਆ ਦੀ ਮੰਗ ਕਰਦਿਆਂ ਕਿਹਾ ਕਿ ਇਸ ਮਾਮਲੇ ਦੀ ਸੀਬੀਆਈ ਜਾਂ ਸੀਆਈਡੀ ਤੋਂ ਉੱਚ ਪੱਧਰੀ ਜਾਂਚ ਕਰਵਾਈ ਜਾਵੇ। ਉਨ੍ਹਾਂ ਕਿਹਾ ਕਿ ਉਹ ਘਰ ’ਚ ਮੌਜੂਦ ਨਹੀਂ ਸਨ ਅਤੇ ਕਰੀਬ ਤਿੰਨ ਹਜ਼ਾਰ ਵਿਅਕਤੀ ਪੈਟਰੋਲ ਬੰਬਾਂ ਅਤੇ ਲਾਠੀਆਂ ਨਾਲ ਉਨ੍ਹਾਂ ਦੇ ਘਰ ਅੰਦਰ ਦਾਖ਼ਲ ਹੋਏ ਅਤੇ ਵਾਹਨ ਤੇ ਘਰ ਦਾ ਸਾਮਾਨ ਸਾੜ ਦਿੱਤੇ। ਸੈਰ ਸਪਾਟਾ ਮੰਤਰੀ ਸੀ ਟੀ ਰਵੀ ਨੇ ਕਿਹਾ ਕਿ ਹਿੰਸਾ ਤੋਂ ਸਪੱਸ਼ਟ ਹੈ ਕਿ ਮੁਸਲਮਾਨਾਂ ਨੇ ਸੋਚੇ-ਸਮਝੇ ਢੰਗ ਨਾਲ ਹਮਲਾ ਕੀਤਾ ਸੀ। ਭਾਜਪਾ ਦੇ ਸੰਸਦ ਮੈਂਬਰ ਸ਼ੋਭਾ ਕਰੰਦਲਜੇ ਨੇ ਟਵੀਟ ਕਰ ਕੇ ਕਿਹਾ ਕਿ ਹਿੰਸਾ ਦੀ ਸਾਜ਼ਿਸ਼ ਪੀਐੱਫਆਈ-ਐੱਸਡੀਪੀਆਈ ਨੇ ਘੜੀ ਸੀ ਅਤੇ ਉਨ੍ਹਾਂ ਸਿਰਫ਼ ਹਿੰਦੂਆਂ ਦੇ ਘਰਾਂ ਨੂੰ ਨਿਸ਼ਾਨਾ ਬਣਾਇਆ। ਇਕ ਪੀੜਤ ਦੀ ਪਛਾਣ ਯਾਸਿਨ ਪਾਸ਼ਾ ਵਜੋਂ ਹੋਈ ਹੈ ਜਿਸ ਦੇ ਪਿਤਾ ਅਫ਼ਜ਼ਲ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਹ ਬੇਕਸੂਰ ਸੀ ਅਤੇ ਉਹ ਅਗਜ਼ਨੀ ’ਚ ਸ਼ਾਮਲ ਨਹੀਂ ਸੀ। ਭੜਕੀ ਹੋਈ ਭੀੜ ਨੇ ਪੁਲੀਸ ਸਟੇਸ਼ਨ ਨੂੰ ਅੱਗ ਲਗਾ ਦਿੱਤੀ ਅਤੇ ਕਈ ਵਾਹਨਾਂ ਨੂੰ ਫੂਕ ਦਿੱਤਾ। ਉਨ੍ਹਾਂ ਵਿਧਾਇਕ ਮੂਰਤੀ ਅਤੇ ਉਸ ਦੀ ਭੈਣ ਦੇ ਘਰ ਵੀ ਭੰਨ-ਤੋੜ ਕੀਤੀ। ਵਿਧਾਇਕ ਦੀ ਭੈਣ ਜਯੰਤੀ ਨੇ ਕਿਹਾ ਕਿ ਉਨ੍ਹਾਂ ਦਾ ਭਰਾ ਅਤੇ ਪਰਿਵਾਰ ਸੁਰੱਖਿਅਤ ਹੈ। ਉਨ੍ਹਾਂ ਕਿਹਾ ਕਿ ਜਦੋਂ ਹਿੰਸਾ ਹੋਈ ਤਾਂ ਉਹ ਘਰ ਨਹੀਂ ਸਨ। ਭੀੜ ਨੂੰ ਖਿੰਡਾਉਣ ਲਈ ਪੁਲੀਸ ਨੇ ਪਹਿਲਾਂ ਲਾਠੀਚਾਰਜ ਕੀਤਾ ਅਤੇ ਹੰਝੂ ਗੈਸ ਦੇ ਗੋਲੇ ਛੱਡੇ ਪਰ ਜਦੋਂ ਹਾਲਾਤ ਵਿਗੜਦੇ ਗਏ ਤਾਂ ਫਾਇਰਿੰਗ ਕੀਤੀ ਗਈ।
-ਪੀਟੀਆਈ

ਕਾਂਗਰਸ ਅਤੇ ਜਨਤਾ ਦਲ (ਐੱਸ) ਨੇ ਸਰਕਾਰ ਨੂੰ ਸ਼ਾਂਤੀ ਬਹਾਲੀ ਲਈ ਦਿੱਤੀ ਹਮਾਇਤ

ਬੰਗਲੂਰੂ: ਵਿਰੋਧੀ ਧਿਰ ਦੇ ਆਗੂ ਸਿੱਧਾਰਮਈਆ ਨੇ ਟਵੀਟ ਕਰ ਕੇ ਕਿਹਾ ਕਿ ਫਿਰਕੂ ਹਿੰਸਾ ’ਚ ਸਿਰਫ਼ ਬੇਕਸੂਰਾਂ ਦਾ ਨੁਕਸਾਨ ਹੁੰਦਾ ਹੈ। ਉਨ੍ਹਾਂ ਦੋਵੇਂ ਫਿਰਕਿਆਂ ਨੂੰ ਕਿਹਾ ਕਿ ਉਹ ਬੈਠਕ ਕਰ ਕੇ ਸ਼ਾਂਤੀ ਨਾਲ ਮਸਲਾ ਹੱਲ ਕਰਨ। ਕਾਂਗਰਸ ਦੇ ਪ੍ਰਦੇਸ਼ ਪ੍ਰਧਾਨ ਡੀ ਕੇ ਸ਼ਿਵਕੁਮਾਰ ਨੇ ਕਿਹਾ ਕਿ ਕਿਸੇ ਨੂੰ ਵੀ ਕਾਨੂੰਨ ਆਪਣੇ ਹੱਥਾਂ ’ਚ ਨਹੀਂ ਲੈਣਾ ਚਾਹੀਦਾ ਹੈ। ਉਨ੍ਹਾਂ ਪੂਰੇ ਘਟਨਾਕ੍ਰਮ ਨੂੰ ਗਲਤ ਠਹਿਰਾਉਂਦਿਆਂ ਸਰਕਾਰ ਨੂੰ ਸ਼ਾਂਤੀ ਬਹਾਲੀ ਲਈ ਸਹਿਯੋਗ ਦੇਣ ਦਾ ਐਲਾਨ ਕੀਤਾ। ਜਨਤਾ ਦਲ (ਐੱਸ) ਦੇ ਸਰਪ੍ਰਸਤ ਅਤੇ ਸਾਬਕਾ ਪ੍ਰਧਾਨ ਮੰਤਰੀ ਐੱਚ ਡੀ ਦੇਵਗੌੜਾ ਨੇ ਟਵੀਟ ਕਰ ਕੇ ਹਿੰਸਾ ਦੀ ਨਿਖੇਧੀ ਕੀਤੀ। ਸਾਬਕਾ ਮੁੱਖ ਮੰਤਰੀ ਐੱਚ ਡੀ ਕੁਮਾਰਸਵਾਮੀ ਨੇ ਕਿਹਾ ਕਿ ਕੋਈ ਵੀ ਧਰਮ ਜਾਂ ਫਿਰਕਾ ਕਾਨੂੰਨ ਤੋਂ ਉਪਰ ਨਹੀਂ ਹੈ ਅਤੇ ਸਾਰਿਆਂ ਨੂੰ ਕਾਨੂੰਨ ਦਾ ਪਾਲਣ ਕਰਨਾ ਚਾਹੀਦਾ ਹੈ। ਕਾਂਗਰਸ ਵਿਧਾਇਕਾਂ ਬੀ ਜ਼ੈੱਡ ਜ਼ਮੀਰ ਅਹਿਮਦ ਖ਼ਾਨ ਅਤੇ ਰਿਜ਼ਵਾਨ ਅਰਸ਼ਦ ਨੇ ਲੋਕਾਂ ਨੂੰ ਹਿੰਸਾ ਨਾ ਕਰਨ ਦੀ ਅਪੀਲ ਕੀਤੀ ਹੈ।
-ਪੀਟੀਆਈ

ਹਿੰਸਾ ਦੀ ਮੈਜਿਸਟਰੇਟੀ ਜਾਂਚ ਦੇ ਹੁਕਮ

ਬੰਗਲੂਰੂ: ਕਰਨਾਟਕ ਸਰਕਾਰ ਨੇ ਸ਼ਹਿਰ ’ਚ ਹੋਈ ਹਿੰਸਾ ਦੀ ਜਾਂਚ ਜ਼ਿਲ੍ਹਾ ਮੈਜਿਸਟਰੇਟ ਤੋਂ ਕਰਵਾਉਣ ਦਾ ਫ਼ੈਸਲਾ ਲਿਆ ਹੈ। ਗ੍ਰਹਿ ਮੰਤਰੀ ਬਾਸਵਰਾਜ ਬੋਮਈ ਨੇ ਕਿਹਾ ਕਿ ਸਰਕਾਰ ਨੇ ਸੰਪਤੀ ਨੂੰ ਨੁਕਸਾਨ ਪਹੁੰਚਾਉਣ ਵਾਲੇ ਦੰਗਾਕਾਰੀਆਂ ਤੋਂ ਇਸ ਦੀ ਭਰਪਾਈ ਕਰਨ ਦਾ ਵੀ ਫ਼ੈਸਲਾ ਲਿਆ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਪੂਰੇ ਹਾਲਾਤ ਦਾ ਜਾਇਜ਼ਾ ਲਿਆ ਹੈ। ਸ੍ਰੀ ਯੇਦੀਯੁਰੱਪਾ ਨੂੰ ਕੋਵਿਡ ਦੇ ਇਲਾਜ ਮਗਰੋਂ ਸੋਮਵਾਰ ਨੂੰ ਹੀ ਹਸਪਤਾਲ ਤੋਂ ਛੁੱਟੀ ਮਿਲੀ ਹੈ ਅਤੇ ਉਹ ਇਸ ਸਮੇਂ ਘਰ ’ਚ ਇਕਾਂਤਵਾਸ ’ਚ ਹਨ। ਉਧਰ ਹੁਕਮਰਾਨ ਭਾਜਪਾ ਅਤੇ ਕਾਂਗਰਸ ਵਿਚਕਾਰ ਦੂਸ਼ਣਬਾਜ਼ੀ ਸ਼ੁਰੂ ਹੋ ਗਈ ਹੈ। ਭਾਜਪਾ ਨੇ ਕਿਹਾ ਹੈ ਕਿ ਕਾਂਗਰਸ ਨੇ ਦੰਗਾਕਾਰੀਆਂ ਖਿਲਾਫ਼ ਖੁੱਲ੍ਹ ਕੇ ਆਵਾਜ਼ ਬੁਲੰਦ ਨਹੀਂ ਕੀਤੀ ਹੈ। ਭਾਜਪਾ ਦੇ ਜਨਰਲ ਸਕੱਤਰ ਪੀ ਮੁਰਲੀਧਰ ਨੇ ਕਿਹਾ ਕਿ ਕਰਨਾਟਕ ਕਾਂਗਰਸ ਦੀ ਭੰਨ-ਤੋੜ ਖਿਲਾਫ਼ ਖਾਮੋਸ਼ੀ ਸ਼ਰਮਨਾਕ ਹੈ। ਕਾਂਗਰਸ ਨੇ ਕਿਹਾ ਹੈ ਕਿ ਭਾਜਪਾ ਇਸ ਘਟਨਾ ਤੋਂ ਸਿਆਸੀ ਲਾਹਾ ਲੈਣ ਦੀ ਕੋਸ਼ਿਸ਼ ਕਰ ਰਹੀ ਹੈ।
-ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All