ਬਾਲਾ ਸਾਹਿਬ ਠਾਕਰੇ ਸਿਰਫ਼ ਬਰਾਂਡ ਨਹੀਂ, ਮਹਾਰਾਸ਼ਟਰ ਦੀ ਪਛਾਣ: ਊਧਵ
ਸ਼ਿਵ ਸੈਨਾ (ਯੂਬੀਟੀ) ਦੇ ਮੁਖੀ ਊਧਵ ਠਾਕਰੇ ਨੇ ਕਿਹਾ ਕਿ (ਬਾਲਾ ਸਾਹਿਬ) ਠਾਕਰੇ ਸਿਰਫ਼ ਬਰਾਂਡ ਨਹੀਂ ਹਨ, ਸਗੋਂ ਮਹਾਰਾਸ਼ਟਰ, ਮਰਾਠੀ ਮਾਨੂਸ ਅਤੇ ਹਿੰਦੂ ਗੌਰਵ ਦੀ ਪਛਾਣ ਹਨ, ਪਰ ਕੁਝ ਲੋਕ ਇਸ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
ਸ਼ਿਵ ਸੈਨਾ (ਯੂਬੀਟੀ) ਦੇ ਮੁੱਖ ਰੋਜ਼ਨਾਮਚੇ ‘ਸਾਮਨਾ’ ਨਾਲ ਇੰਟਰਵਿਊ ਵਿੱਚ ਸਾਬਕਾ ਮੁੱਖ ਮੰਤਰੀ ਨੇ ਚੋਣ ਕਮਿਸ਼ਨ ’ਤੇ ਨਿਸ਼ਾਨਾ ਸੇਧਦੇ ਹੋਏ ਕਿਹਾ ਕਿ ਕਮਿਸ਼ਨ ਉਨ੍ਹਾਂ ਦੀ ਪਾਰਟੀ ਦੇ ਚੋਣ ਨਿਸ਼ਾਨ ਨੂੰ ਫ੍ਰੀਜ਼ ਕਰ ਸਕਦਾ ਹੈ ਜਾਂ ਕਿਸੇ ਹੋਰ ਨੂੰ ਦੇ ਸਕਦਾ ਹੈ, ਪਰ ਉਨ੍ਹਾਂ (ਕਮਿਸ਼ਨ) ਨੂੰ ਉਨ੍ਹਾਂ ਦੇ ਦਾਦਾ ਕੇਸ਼ਵ ਠਾਕਰੇ ਅਤੇ ਪਿਤਾ ਤੇ ਸੰਸਥਾਪਕ ਬਾਲ ਠਾਕਰੇ ਵੱਲੋਂ ਰੱਖਿਆ ਪਾਰਟੀ ਦਾ ਨਾਮ ਕਿਸੇ ਹੋਰ ਨੂੰ ਦੇਣ ਦਾ ਕੋਈ ਅਧਿਕਾਰ ਨਹੀਂ ਹੈ। ਊਧਵ ਠਾਕਰੇ ਨੇ ਕਿਹਾ, ‘‘ਮਰਾਠੀ ਮਿੱਟੀ ਵਿੱਚ ਸਾਡੀਆਂ ਡੂੰਘੀਆਂ ਜੜ੍ਹਾਂ ਕਈ ਪੀੜ੍ਹੀਆਂ ਪੁਰਾਣੀਆਂ ਹਨ। ਮੇਰੇ ਦਾਦਾ ਜੀ ਅਤੇ ਸ਼ਿਵ ਸੈਨਾ ਮੁਖੀ (ਬਾਲ ਠਾਕਰੇ) ਦੇ ਸਮੇਂ ਤੋਂ ਹੀ ਮਰਾਠੀ ਮਾਨੂਸ ਨਾਲ ਸਬੰਧ ਮਜ਼ਬੂਤ ਹਨ। ਹੁਣ, ਮੈਂ ਉੱਥੇ ਹਾਂ, ਆਦਿੱਤਿਆ (ਠਾਕਰੇ) ਉੱਥੇ ਹਨ ਅਤੇ ਇੱਥੋਂ ਤੱਕ ਕਿ (ਮਨਸੇ ਮੁਖੀ) ਰਾਜ ਵੀ ਆ ਗਏ ਹਨ।’’
ਅੱਜ ਪ੍ਰਕਾਸ਼ਿਤ ਅਤੇ ਪਾਰਟੀ ਆਗੂ ਤੇ ਰਾਜ ਸਭਾ ਮੈਂਬਰ ਸੰਜੇ ਰਾਊਤ ਨਾਲ ਕੀਤੀ ਇੰਟਰਵਿਊ ਦੇ ਪਹਿਲੇ ਹਿੱਸੇ ਵਿੱਚ ਕਿਹਾ, ‘ਠਾਕਰੇ ਦਾ ਮਤਲਬ ਨਿਰੰਤਰ ਸੰਘਰਸ਼ ਹੈ।’ ਉਪ ਮੁੱਖ ਮੰਤਰੀ ਤੇ ਸ਼ਿਵ ਸੈਨਾ ਮੁਖੀ ਏਕਨਾਥ ਸ਼ਿੰਦੇ ’ਤੇ ਚੁਟਕੀ ਲੈਂਦਿਆਂ ਊਧਵ ਠਾਕਰੇ ਨੇ ਕਿਹਾ ਕਿ ਕੁਝ ਵੀ ਚੋਰੀ ਕੀਤਾ ਜਾ ਸਕਦਾ ਹੈ, ਪਰ ਨਾਮ ਕਿਵੇਂ ਚੋਰੀ ਕਰੋਗੇ। ਸ਼ਿਵ ਸੈਨਾ (ਯੂਬੀਟੀ) ਮੁਖੀ ਨੇ ਭਾਜਪਾ ’ਤੇ ਲੁਕਵੇਂ ਰੂਪ ’ਚ ਤਨਜ਼ ਕਸਦਿਆਂ ਕਿਹਾ, ‘‘ਠਾਕਰੇ ਸਿਰਫ਼ ਇੱਕ ਬ੍ਰਾਂਡ ਨਹੀਂ ਹਨ। ਇਹ ਮਰਾਠੀ ਮਨੂਆਂ, ਮਹਾਰਾਸ਼ਟਰ ਅਤੇ ਹਿੰਦੂ ਸਵੈਮਾਣ ਦੀ ਪਛਾਣ ਹੈ। ਕੁਝ ਲੋਕਾਂ ਨੇ ਇਸ ਪਛਾਣ ਨੂੰ ਮਿਟਾਉਣ ਦੀ ਕੋਸ਼ਿਸ਼ ਕੀਤੀ ਹੈ। ਬਹੁਤ ਸਾਰੇ ਅਜਿਹਾ ਕਰਨ ਆਏ ਸਨ, ਪਰ ਉਹ ਖ਼ੁਦ ਮਿਟ ਗਏ।’’