ਬੰਗਲੌਰ ਵਿੱਚ ਕਾਂਗਰਸੀ ਵਿਧਾਇਕ ਦੇ ਘਰ ’ਤੇ ਹਮਲਾ: ਪੁਲੀਸ ਗੋਲੀ ਨਾਲ ਤਿੰਨ ਮੌਤਾਂ; 110 ਵਿਅਕਤੀ ਗ੍ਰਿਫ਼ਤਾਰ

ਇਤਰਾਜ਼ਯੋਗ ਪੋਸਟ ਤੋਂ ਭੜਕੀ ਹਿੰਸਾ; 50 ਪੁਲੀਸ ਕਰਮੀਆਂ ਸਮੇਤ ਕਈ ਜ਼ਖ਼ਮੀ, ਹਿੰਸਾ ਦੇ ਮੈਜਿਸਟਰੇਟੀ ਜਾਂਚ ਦੇ ਹੁਕਮ ਹਿੰਸਾ ਦੇ ਮੈਜਿਸਟਰੇਟੀ ਜਾਂਚ ਦੇ ਹੁਕਮ

ਬੰਗਲੌਰ ਵਿੱਚ ਕਾਂਗਰਸੀ ਵਿਧਾਇਕ ਦੇ ਘਰ ’ਤੇ ਹਮਲਾ: ਪੁਲੀਸ ਗੋਲੀ ਨਾਲ ਤਿੰਨ ਮੌਤਾਂ; 110 ਵਿਅਕਤੀ ਗ੍ਰਿਫ਼ਤਾਰ

ਬੰਗਲੌਰ, 12 ਅਗਸਤ

ਇਥੇ ਕਾਂਗਰਸੀ ਵਿਧਾਇਕ ਦੇ ਕਥਿਤ ਰਿਸ਼ਤੇਦਾਰ ਨੇ ਸੋਸ਼ਲ ਮੀਡੀਆ 'ਤੇ ਪੋਸਟ ਸਾਂਝੀ ਕਰਨ ਤੋਂ ਬਾਅਦ ਭੜਕੀ ਹਿੰਸਾ ’ਤੇ ਕਾਬੂ ਪਾਉਣ ਲਈ ਕੀਤੀ ਪੁਲੀਸ ਫਾਇਰਿੰਗ ਵਿਚ ਤਿੰਨ ਲੋਕਾਂ ਦੀ ਮੌਤ ਹੋ ਗਈ। ਬੰਗਲੌਰ ਪੁਲੀਸ ਕਮਿਸ਼ਨਰ ਕਮਲ ਪੰਤ ਨੇ ਦੱਸਿਆ, ‘ਪੁਲੀਸ ਫਾਇਰਿੰਗ ਵਿੱਚ ਤਿੰਨ ਲੋਕ ਮਾਰੇ ਗਏ। ਪੁਲਾਕੇਸ਼ੀ ਨਗਰ ਵਿੱਚ ਹਿੰਸਾ ਦੇ ਮਾਮਲੇ ਵਿੱਚ 110 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।’ ਮੰਗਲਵਾਰ ਰਾਤ ਤੋਂ ਸ਼ੁਰੂ ਹੋਈ ਇਹ ਹਿੰਸਾ ਬੁੱਧਵਾਰ ਤੜਕੇ ਤੱਕ ਜਾਰੀ ਰਹੀ।

ਇਸ ਦੌਰਾਨ 50 ਪੁਲੀਸ ਮੁਲਾਜ਼ਮਾਂ ਸਮੇਤ ਬਹੁਤ ਸਾਰੇ ਲੋਕ ਜ਼ਖਮੀ ਹੋਏ। ਮੰਗਲਵਾਰ ਰਾਤ ਨੂੰ ਭੜਕੇ ਲੋਕਾਂ ਨੇ ਥਾਣੇ ਅਤੇ ਕਾਂਗਰਸ ਦੇ ਵਿਧਾਇਕ ਦੀ ਰਿਹਾਇਸ਼ ਦੀ ਭੰਨਤੋੜ ਕੀਤੀ। ਸ੍ਰੀ ਪੰਤ ਨੇ ਕਿਹਾ ਕਿ ਕਥਿਤ ਸੋਸ਼ਲ ਮੀਡੀਆ ਪੋਸਟ ਪੋਸਟ ਕਰਨ ਵਾਲੇ ਨਵੀਨ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਉਨ੍ਹਾਂ ਸ਼ਾਂਤੀ ਦੀ ਅਪੀਲ ਵੀ ਕੀਤੀ। ਮੁੱਖ ਮੰਤਰੀ ਬੀ. ਐੱਸ. ਯੇਦੀਯੁਰੱਪਾ ਨੇ ਕਿਹਾ, "ਵਿਧਾਇਕ ਅਖੰਡ ਸ੍ਰੀਨਿਵਾਸ ਮੂਰਤੀ ਦੇ ਘਰ ਅਤੇ ਡੀਜੇ ਹਾਲੀ ਥਾਣੇ ’ਤੇ ਹਮਲਾ ਅਤੇ ਦੰਗੇ ਨਿੰਦਣਯੋਗ ਹਨ।"

ਕਰਨਾਟਕ ਸਰਕਾਰ ਨੇ ਸ਼ਹਿਰ ’ਚ ਹੋਈ ਹਿੰਸਾ ਦੀ ਜਾਂਚ ਜ਼ਿਲ੍ਹਾ ਮੈਜਿਸਟਰੇਟ ਤੋਂ ਕਰਵਾਉਣ ਦਾ ਫ਼ੈਸਲਾ ਲਿਆ ਹੈ। ਗ੍ਰਹਿ ਮੰਤਰੀ ਬਾਸਵਰਾਜ ਬੋਮਈ ਨੇ ਕਿਹਾ ਕਿ ਸਰਕਾਰ ਨੇ ਸੰਪਤੀ ਨੂੰ ਨੁਕਸਾਨ ਪਹੁੰਚਾਉਣ ਵਾਲੇ ਦੰਗਾਕਾਰੀਆਂ ਤੋਂ ਇਸ ਦੀ ਭਰਪਾਈ ਕਰਨ ਦਾ ਵੀ ਫ਼ੈਸਲਾ ਲਿਆ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਪੂਰੇ ਹਾਲਾਤ ਦਾ ਜਾਇਜ਼ਾ ਲਿਆ ਹੈ। ਸ੍ਰੀ ਯੇਦੀਯੁਰੱਪਾ ਨੂੰ ਕੋਵਿਡ ਦੇ ਇਲਾਜ ਮਗਰੋਂ ਸੋਮਵਾਰ ਨੂੰ ਹੀ ਹਸਪਤਾਲ ਤੋਂ ਛੁੱਟੀ ਮਿਲੀ ਹੈ ਅਤੇ ਉਹ ਇਸ ਸਮੇਂ ਘਰ ’ਚ ਇਕਾਂਤਵਾਸ ’ਚ ਹਨ। ਉਧਰ ਹੁਕਮਰਾਨ ਭਾਜਪਾ ਅਤੇ ਕਾਂਗਰਸ ਵਿਚਕਾਰ ਦੂਸ਼ਣਬਾਜ਼ੀ ਸ਼ੁਰੂ ਹੋ ਗਈ ਹੈ। ਭਾਜਪਾ ਨੇ ਕਿਹਾ ਹੈ ਕਿ ਕਾਂਗਰਸ ਨੇ ਦੰਗਾਕਾਰੀਆਂ ਖਿਲਾਫ਼ ਖੁੱਲ੍ਹ ਕੇ ਆਵਾਜ਼ ਬੁਲੰਦ ਨਹੀਂ ਕੀਤੀ ਹੈ। ਭਾਜਪਾ ਦੇ ਜਨਰਲ ਸਕੱਤਰ ਪੀ ਮੁਰਲੀਧਰ ਨੇ ਕਿਹਾ ਕਿ ਕਰਨਾਟਕ ਕਾਂਗਰਸ ਦੀ ਭੰਨ-ਤੋੜ ਖਿਲਾਫ਼ ਖਾਮੋਸ਼ੀ ਸ਼ਰਮਨਾਕ ਹੈ। ਕਾਂਗਰਸ ਨੇ ਕਿਹਾ ਹੈ ਕਿ ਭਾਜਪਾ ਇਸ ਘਟਨਾ ਤੋਂ ਸਿਆਸੀ ਲਾਹਾ ਲੈਣ ਦੀ ਕੋਸ਼ਿਸ਼ ਕਰ ਰਹੀ ਹੈ। -ਪੀਟੀਆਈ

ਕਾਂਗਰਸ ਅਤੇ ਜਨਤਾ ਦਲ (ਐੱਸ) ਨੇ ਸਰਕਾਰ ਨੂੰ ਸ਼ਾਂਤੀ ਬਹਾਲੀ ਲਈ ਦਿੱਤੀ ਹਮਾਇਤ

ਵਿਰੋਧੀ ਧਿਰ ਦੇ ਆਗੂ ਸਿੱਧਾਰਮਈਆ ਨੇ ਟਵੀਟ ਕਰ ਕੇ ਕਿਹਾ ਕਿ ਫਿਰਕੂ ਹਿੰਸਾ ’ਚ ਸਿਰਫ਼ ਬੇਕਸੂਰਾਂ ਦਾ ਨੁਕਸਾਨ ਹੁੰਦਾ ਹੈ। ਉਨ੍ਹਾਂ ਦੋਵੇਂ ਫਿਰਕਿਆਂ ਨੂੰ ਕਿਹਾ ਕਿ ਉਹ ਬੈਠਕ ਕਰ ਕੇ ਸ਼ਾਂਤੀ ਨਾਲ ਮਸਲਾ ਹੱਲ ਕਰਨ। ਕਾਂਗਰਸ ਦੇ ਪ੍ਰਦੇਸ਼ ਪ੍ਰਧਾਨ ਡੀ ਕੇ ਸ਼ਿਵਕੁਮਾਰ ਨੇ ਕਿਹਾ ਕਿ ਕਿਸੇ ਨੂੰ ਵੀ ਕਾਨੂੰਨ ਆਪਣੇ ਹੱਥਾਂ ’ਚ ਨਹੀਂ ਲੈਣਾ ਚਾਹੀਦਾ ਹੈ। ਉਨ੍ਹਾਂ ਪੂਰੇ ਘਟਨਾਕ੍ਰਮ ਨੂੰ ਗਲਤ ਠਹਿਰਾਉਂਦਿਆਂ ਸਰਕਾਰ ਨੂੰ ਸ਼ਾਂਤੀ ਬਹਾਲੀ ਲਈ ਸਹਿਯੋਗ ਦੇਣ ਦਾ ਐਲਾਨ ਕੀਤਾ। ਜਨਤਾ ਦਲ (ਐੱਸ) ਦੇ ਸਰਪ੍ਰਸਤ ਅਤੇ ਸਾਬਕਾ ਪ੍ਰਧਾਨ ਮੰਤਰੀ ਐੱਚ ਡੀ ਦੇਵਗੌੜਾ ਨੇ ਟਵੀਟ ਕਰ ਕੇ ਹਿੰਸਾ ਦੀ ਨਿਖੇਧੀ ਕੀਤੀ। ਸਾਬਕਾ ਮੁੱਖ ਮੰਤਰੀ ਐੱਚ ਡੀ ਕੁਮਾਰਸਵਾਮੀ ਨੇ ਕਿਹਾ ਕਿ ਕੋਈ ਵੀ ਧਰਮ ਜਾਂ ਫਿਰਕਾ ਕਾਨੂੰਨ ਤੋਂ ਉਪਰ ਨਹੀਂ ਹੈ ਅਤੇ ਸਾਰਿਆਂ ਨੂੰ ਕਾਨੂੰਨ ਦਾ ਪਾਲਣ ਕਰਨਾ ਚਾਹੀਦਾ ਹੈ। ਕਾਂਗਰਸ ਵਿਧਾਇਕਾਂ ਬੀ ਜ਼ੈੱਡ ਜ਼ਮੀਰ ਅਹਿਮਦ ਖ਼ਾਨ ਅਤੇ ਰਿਜ਼ਵਾਨ ਅਰਸ਼ਦ ਨੇ ਲੋਕਾਂ ਨੂੰ ਹਿੰਸਾ ਨਾ ਕਰਨ ਦੀ ਅਪੀਲ ਕੀਤੀ ਹੈ। -ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All