Assam Election Results 2026: ਹੇਮੰਤਾ ਬਿਸਵਾ ਸਰਮਾ ਦਾ ਲਗਾਤਾਰ ਦੂਜੀ ਵਾਰ ਮੁੱਖ ਮੰਤਰੀ ਬਣਨਾ ਤੈਅ
ਐਨ.ਡੀ.ਏ. ਗਠਜੋੜ ਨੇ ਬਹੁਮਤ ਦਾ ਅੰਕੜਾ ਪਾਰ ਕੀਤਾ; ਭਾਜਪਾ 87 ਸੀਟਾਂ 'ਤੇ ਅੱਗੇ
ਅਸਾਮ ਵਿਧਾਨ ਸਭਾ ਚੋਣਾਂ ਦੀ ਗਿਣਤੀ ਦੇ ਸ਼ੁਰੂਆਤੀ ਰੁਝਾਨਾਂ ਵਿੱਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਅਗਵਾਈ ਵਾਲੇ ਐਨ.ਡੀ.ਏ. (NDA) ਗਠਜੋੜ ਨੇ ਵੱਡੀ ਜਿੱਤ ਵੱਲ ਕਦਮ ਵਧਾਏ ਹਨ। ਚੋਣ ਕਮਿਸ਼ਨ ਦੇ ਅੰਕੜਿਆਂ ਅਨੁਸਾਰ ਐਨ.ਡੀ.ਏ. ਨੇ 126 ਮੈਂਬਰੀ ਵਿਧਾਨ ਸਭਾ ਵਿੱਚ ਬਹੁਮਤ ਲਈ ਲੋੜੀਂਦੀਆਂ 64 ਸੀਟਾਂ ਦੇ ਅੰਕੜੇ ਨੂੰ ਪਾਰ ਕਰਦੇ ਹੋਏ 87 ਸੀਟਾਂ 'ਤੇ ਲੀਡ ਬਣਾਈ ਹੋਈ ਹੈ। ਇਸ ਜਿੱਤ ਨਾਲ ਮੁੱਖ ਮੰਤਰੀ ਹੇਮੰਤਾ ਬਿਸਵਾ ਸਰਮਾ ਦਾ ਲਗਾਤਾਰ ਦੂਜੀ ਵਾਰ ਸੂਬੇ ਦੀ ਕਮਾਨ ਸੰਭਾਲਣਾ ਲਗਪਗ ਤੈਅ ਮੰਨਿਆ ਜਾ ਰਿਹਾ ਹੈ।
ਤਾਜ਼ਾ ਰੁਝਾਨਾਂ ਮੁਤਾਬਕ ਭਾਜਪਾ ਇਕੱਲੀ 71 ਸੀਟਾਂ 'ਤੇ ਅੱਗੇ ਚੱਲ ਰਹੀ ਹੈ, ਜਦਕਿ ਕਾਂਗਰਸ ਸਿਰਫ਼ 21 ਸੀਟਾਂ 'ਤੇ ਸਿਮਟਦੀ ਨਜ਼ਰ ਆ ਰਹੀ ਹੈ। ਭਾਜਪਾ ਦੇ ਸਹਿਯੋਗੀ ਦਲਾਂ ਵਿੱਚੋਂ 'ਬੋਡੋਲੈਂਡ ਪੀਪਲਜ਼ ਫਰੰਟ' (BPF) 9 ਸੀਟਾਂ 'ਤੇ ਅਤੇ 'ਅਸਾਮ ਗਣ ਪਰਿਸ਼ਦ' (AGP) 7 ਸੀਟਾਂ 'ਤੇ ਅੱਗੇ ਹੈ। ਦੂਜੇ ਪਾਸੇ, ਕਾਂਗਰਸ ਦੀ ਸਹਿਯੋਗੀ ਪਾਰਟੀ 'ਅਸਾਮ ਜਾਤੀਆ ਪਰਿਸ਼ਦ' (AJP) ਸਿਰਫ਼ 1 ਸੀਟ 'ਤੇ ਅੱਗੇ ਹੈ। ਹੋਰ ਪਾਰਟੀਆਂ ਸੀ.ਪੀ.ਆਈ.(ਐਮ), ਜੇ.ਐਮ.ਐਮ. ਅਤੇ ਏ.ਆਈ.ਯੂ.ਡੀ.ਐਫ. (AIUDF) ਵੀ 1-1 ਸੀਟ 'ਤੇ ਅੱਗੇ ਹਨ।
ਕੇਂਦਰੀ ਮੰਤਰੀ ਸਰਬਾਨੰਦ ਸੋਨੋਵਾਲ ਨੇ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਨਤੀਜੇ ਉਮੀਦਾਂ ਮੁਤਾਬਕ ਹੀ ਆ ਰਹੇ ਹਨ ਅਤੇ ਐਨ.ਡੀ.ਏ. ਗਠਜੋੜ ਆਪਣੇ ਸਾਥੀਆਂ ਨਾਲ ਮਿਲ ਕੇ 100 ਦੇ ਅੰਕੜੇ ਦੇ ਨੇੜੇ ਪਹੁੰਚ ਜਾਵੇਗਾ। ਦੂਜੇ ਪਾਸੇ, ਅਸਾਮ ਕਾਂਗਰਸ ਦੇ ਪ੍ਰਧਾਨ ਗੌਰਵ ਗੋਗੋਈ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਹਰ ਗੇੜ ਦੀ ਗਿਣਤੀ 'ਤੇ ਤਿੱਖੀ ਨਜ਼ਰ ਰੱਖ ਰਹੀ ਹੈ। ਉਨ੍ਹਾਂ ਦੱਸਿਆ ਕਿ ਪਾਰਟੀ ਨੇ ਪੂਰੇ ਸੂਬੇ ਵਿੱਚ ਨਿਗਰਾਨ ਤਾਇਨਾਤ ਕੀਤੇ ਹਨ ਤਾਂ ਜੋ ਗਿਣਤੀ ਦੌਰਾਨ ਕਿਸੇ ਵੀ ਤਰ੍ਹਾਂ ਦੀ ਗੜਬੜੀ ਜਾਂ ਪ੍ਰਸ਼ਾਸਨਿਕ ਕਮਜ਼ੋਰੀ ਨੂੰ ਰੋਕਿਆ ਜਾ ਸਕੇ। ਕਾਂਗਰਸ ਨੂੰ ਅਜੇ ਵੀ ਉਮੀਦ ਹੈ ਕਿ ਆਖਰੀ ਗੇੜ ਤੱਕ ਨਤੀਜਿਆਂ ਵਿੱਚ ਸੁਧਾਰ ਹੋ ਸਕਦਾ ਹੈ।

