ਅਸਾਮ: ਨਗਾਉਂ ’ਚ ਕਬਜ਼ਾ ਵਿਰੋਧੀ ਮੁਹਿੰਮ ਕਾਰਨ 1,700 ਪਰਿਵਾਰ ਪ੍ਰਭਾਵਿਤ
ਅਸਾਮ ਦੇ ਨਗਾਉਂ ਜ਼ਿਲ੍ਹੇ ਵਿੱਚ 795 ਹੈਕਟੇਅਰ ਸਰਕਾਰੀ ਤੇ ਜੰਗਲੀ ਜ਼ਮੀਨ ਜਿੱਥੇ 1,700 ਪਰਿਵਾਰ ਰਹਿੰਦੇ ਹਨ, ਤੋਂ ਕਬਜ਼ੇ ਹਟਾਉਣ ਲਈ ਅੱਜ ਮੁਹਿੰਮ ਸ਼ੁਰੂ ਕੀਤੀ ਗਈ। ਅਧਿਕਾਰੀਆਂ ਨੇ ਅੱਜ ਦੱਸਿਆ ਕਿ ਤੁਲੀਮਾਰੀ ਇਲਾਕੇ ’ਚ ਭਾਰੀ ਸੁਰੱਖਿਆ ਪ੍ਰਬੰਧਾਂ ਦੌਰਾਨ ਸਵੇਰੇ ਕਬਜ਼ਾ ਹਟਾਓ ਮੁਹਿੰਮ ਸ਼ੁਰੂ ਕੀਤੀ ਅਤੇ ਇਹ ਸ਼ਾਮ 4 ਵਜੇ ਤੱਕ ਜਾਰੀ ਰਹੀ। ਇਹ ਕਾਰਵਾਈ ਐਤਵਾਰ ਨੂੰ ਮੁੜ ਸ਼ੁਰੂ ਕੀਤੀ ਜਾਵੇਗੀ। ਕਬਜ਼ਾਕਾਰਾਂ ਨੂੰ ਤਿੰਨ ਮਹੀਨੇ ਪਹਿਲਾਂ ਨੋਟਿਸ ਜਾਰੀ ਕਰਕੇ ਦੋ ਮਹੀਨਿਆਂ ’ਚ ਜਗ੍ਹਾ ਖਾਲੀ ਕਰਨ ਲਈ ਆਖਿਆ ਸੀ। ਲੋਕਾਂ ਨੇ ਜਗ੍ਹਾ ਖਾਲੀ ਕਰਨ ਲਈ ਇੱਕ ਹੋਰ ਮਹੀਨੇ ਦਾ ਸਮਾਂ ਦੇਣ ਦੀ ਮੰਗ ਕੀਤੀ ਸੀ, ਜੋ ਜ਼ਿਲ੍ਹਾ ਪ੍ਰਸ਼ਾਸਨ ਨੇ ਮੰਨ ਲਈ ਸੀ। ਪੱਕੇ ਤੇ ਕੱਚੇ ਮਕਾਨਾਂ ’ਚ ਰਹਿੰਦੇ 1,100 ਤੋਂ ਵੱਧ ਪਰਿਵਾਰ ਪਹਿਲਾਂ ਹੀ ਆਪਣਾ ਸਾਮਾਨ ਲੈ ਕੇ ਜਾ ਚੁੱਕੇ ਹਨ ਅਤੇ ਗ਼ੈਰਕਾਨੂੰਨੀ ਤੌਰ ’ਤੇ ਬਣੇ ਢਾਂਚੇ ਢਾਹ ਦਿੱਤੇ ਗਏ ਹਨ। ਇਸ ਮੁਹਿੰਮ ’ਚ ਬਾਕੀ ਮਕਾਨ ਵੀ ਢਾਹੇ ਜਾ ਰਹੇ ਹਨ। ਕੁਝ ਲੋਕਾਂ ਨੇ ਦਾਅਵਾ ਕੀਤਾ ਹੈ ਕਿ ਉਹ ਇਸ ਇਲਾਕੇ ’ਚ 40 ਸਾਲਾਂ ਤੋਂ ਵੱਧ ਸਮੇਂ ਰਹਿ ਰਹੇ ਹਨ ਤੇ ਉਨ੍ਹਾਂ ਨੂੰ ਪਤਾ ਨਹੀਂ ਸੀ ਕਿ ਇਹ ਜੰਗਲ ਦੀ ਜ਼ਮੀਨ ਹੈ।
