Ashutosh Ranka arrested: ਅਸਾਮ ਪੁਲੀਸ ਨੇ ਸੀ ਜੇ ਪੀ ਆਗੂ ਆਸ਼ੂਤੋਸ਼ ਰਾਂਕਾ ਨੂੰ ਹਿਰਾਸਤ ’ਚ ਲਿਆ
ਜਥੇਬੰਦੀ ਦੇ ਸੰਸਥਾਪਕ ਅਭਿਜੀਤ ਦੀਪਕੇ ਨੇ ਦਾਅਵਾ ਕੀਤਾ
ਕੌਕਰੋਚ ਜਨਤਾ ਪਾਰਟੀ (ਸੀ ਜੇ ਪੀ) ਦੇ ਸੰਸਥਾਪਕ ਅਭਿਜੀਤ ਦੀਪਕੇ ਨੇ ਅੱਜ ਦਾਅਵਾ ਕੀਤਾ ਕਿ ਜਥੇਬੰਦੀ ਦੇ ਕੋ-ਕਨਵੀਨਰ ਆਸ਼ੂਤੋਸ਼ ਰਾਂਕਾ ਅਤੇ ਉਨ੍ਹਾਂ ਦੇ ਕਈ ਸਮਰਥਕਾਂ ਨੂੰ ਇੱਥੇ ਪੁਲੀਸ ਨੇ ਹਿਰਾਸਤ ਵਿੱਚ ਲੈ ਲਿਆ ਹੈ ਅਤੇ ਛੋਟੀ ਜਿਹੀ ਵਾਲੰਟੀਅਰ ਮੀਟਿੰਗ ਤੋਂ ਪਹਿਲਾਂ ਉਨ੍ਹਾਂ ਨੂੰ ਕਿਸੇ ਅਣਜਾਣ ਥਾਂ ’ਤੇ ਲੈ ਗਈ ਹੈ। ਰਾਂਕਾ ਜੋ ਇੱਕ ਦਿਨ ਪਹਿਲਾਂ ਗੁਹਾਟੀ ਪੁੱਜੇ ਸਨ, ਨੂੰ ਦਿਨ ਵਿੱਚ ਕੁਝ ਸੀ ਜੇ ਪੀ ਸਮਰਥਕਾਂ ਨੂੰ ਮਿਲਣਾ ਸੀ। ਦੀਪਕੇ ਨੇ ਦਾਅਵਾ ਕੀਤਾ ਕਿ ਜਥੇਬੰਦੀ ਦੇ ਆਗੂਆਂ ਨੂੰ ਮੀਟਿੰਗ ਕਰਨ ਤੋਂ ਰੋਕਿਆ ਗਿਆ। ਸੀ ਜੇ ਪੀ ਸੰਸਥਾਪਕ ਨੇ ਕਿਹਾ, ‘‘ਅਸਾਮ ਪੁਲੀਸ ਨੇ ਆਸ਼ੂਤੋਸ਼ ਰਾਂਕਾ ਅਤੇ ਸੀ ਜੇ ਪੀ ਦੀ ਇਕ ਟੀਮ ਨੂੰ ਹਿਰਾਸਤ ਵਿੱਚ ਲੈ ਲਿਆ ਹੈ ਅਤੇ ਉਨ੍ਹਾਂ ਨੂੰ ਕਿਸੇ ਅਣਜਾਣ ਥਾਂ ’ਤੇ ਲੈ ਜਾ ਰਹੀ ਹੈ। ਆਸ਼ੂ ਅਤੇ ਉਨ੍ਹਾਂ ਦੀ ਟੀਮ ਅਸਾਮ ਵਿੱਚ ਵਾਲੰਟੀਅਰ ਮੀਟਿੰਗ ਕਰਨ ਜਾ ਰਹੇ ਸੀ।’’ ਰਾਂਕਾ ਦੇ ‘ਐਕਸ’ ਅਕਾਊਂਟ ’ਤੇ ਇੱਕ ਵੀਡੀਓ ਸਾਂਝੀ ਕੀਤੀ ਗਈ ਹੈ, ਜਿਸ ਵਿੱਚ ਉਹ ਪੁਲੀਸ ਨਾਲ ਇੱਕ ਚੱਲਦੇ ਵਾਹਨ ਵਿੱਚ ਬੈਠੇ ਦਿਖਾਈ ਦੇ ਰਹੇ ਹਨ ਅਤੇ ਕਥਿਤ ਤੌਰ ’ਤੇ ਇਹ ਕਹਿੰਦੇ ਸੁਣੇ ਜਾ ਰਹੇ ਹਨ ਕਿ ਮੁੱਖ ਮੰਤਰੀ ਹਿਮੰਤਾ ਬਿਸਵਾ ਸਰਮਾ ਨੇ ਉਨ੍ਹਾਂ ਨੂੰ ਅਤੇ ਸੀ ਜੇ ਪੀ ਵਾਲੰਟੀਅਰਾਂ ਨੂੰ ਹਿਰਾਸਤ ਵਿੱਚ ਲਿਆ ਹੈ। ਉਹ ਅਸਾਮ ਦੇ ਲੋਕਾਂ ਤੋਂ ਡਰੇ ਹੋਏ ਹਨ, ਕਿਉਂਕਿ ਜਥੇਬੰਦੀ ਇੱਥੋਂ ਦੇ ਸਕੂਲਾਂ ਦੀ ਅਸਲੀਅਤ ਨੂੰ ਬੇਨਕਾਬ ਕਰਨਾ ਚਾਹੁੰਦਾ ਹੈ।

