ਈਟਾਨਗਰ, 22 ਅਗਸਤ
ਅਰੁਣਾਚਲ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਜਿਗੌਂਗ ਅਪਾਂਗ ਨੇ ਅਰੁਣਾਚਲ ਡੈਮੋਕਰੈਟਿਕ ਪਾਰਟੀ (ਏਡੀਪੀ) ਨਾਮ ਵਾਲੀ ਨਵੀਂ ਖੇਤਰੀ ਪਾਰਟੀ ਦਾ ਐਲਾਨ ਕੀਤਾ ਹੈ ਜਿਹੜੀ ਸੂਬੇ ’ਚ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲੜੇਗੀ। ਨਵੀਂ ਪਾਰਟੀ ਦੀ ਅੱਜ ਇਥੇ ਰਸਮੀ ਸ਼ੁਰੂਆਤ ਕੀਤੀ ਗਈ।
ਉਨ੍ਹਾਂ ਕਿਹਾ, ‘‘ਏਡੀਪੀ ਦੇ ਗਠਨ ਦਾ ਮੁੱਖ ਏਜੰਡਾ ਸੂਬੇ ਦੀ ਭਲਾਈ, ਭ੍ਰਿਸ਼ਟਾਚਾਰ ਨੂੰ ਜੜ੍ਹੋਂ ਖਤਮ ਕਰਨਾ, ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣਾ ਅਤੇ ਕਾਨੂੰਨ ਤੇ ਅਮਨ ਸਬੰਧੀ ਸਮੱਸਿਆਵਾਂ ਨੂੰ ਦੂਰ ਕਰਨਾ ਹੈ।’’ ਸਾਬਕਾ ਮੁੱਖ ਮੰਤਰੀ ਨੇ ਵਾਅਦਾ ਕੀਤਾ ਕਿ ਜੇਕਰ ਉਨ੍ਹਾਂ ਦੀ ਪਾਰਟੀ 2024 ਦੀਆਂ ਅਸੈਂਬਲੀ ਚੋਣਾਂ ਮਗਰੋਂ ਸੱਤਾ ’ਚ ਆਉਂਦੀ ਹੈ ਤਾਂ ਉਹ ਸੂਬੇ ਨੂੰ 6ਵੇਂ ਸ਼ਡਿਊਲ ਵਿੱਚ ਲਿਆਉਣਗੇ ਜਿਸ ਦੀ ਰਾਜ ਦੇ ਲੋਕਾਂ ਵੱਲੋਂ ਲੰਬੇ ਸਮੇਂ ਤੋਂ ਮੰਗ ਕੀਤੀ ਜਾ ਰਹੀ ਹੈ। ਪਾਰਟੀ ਵੱਲੋਂ ਸੂਬੇ ’ਚ ਸਾਰੀਆਂ 60 ਅਸੈਂਬਲੀ ਸੀਟਾਂ ’ਤੇ ਚੋਣ ਲੜਨ ਦੀ ਯੋਜਨਾ ਹੈ। -ਪੀਟੀਆਈ