Army Missing Soldier: ਅਰੁਣਾਚਲ ਪ੍ਰਦੇਸ਼ ’ਚ ਹੜ੍ਹ ਕਾਰਨ 4 ਲੋਕਾਂ ਦੀ ਮੌਤ, ਫੌਜ ਦੇ 5 ਜਵਾਨ ਲਾਪਤਾ
ਸੜਕ ਨਿਰਮਾਣ ਦੌਰਾਨ ਮਲਬੇ ਹੇਠ ਦੱਬੇ ਮਜ਼ਦੂਰ
ਅਰੁਣਾਚਲ ਪ੍ਰਦੇਸ਼ ਵਿੱਚ ਮੀਂਹ ਨੇ ਤਬਾਹੀ ਮਚਾਈ ਹੈ। ਸ਼ੁੱਕਰਵਾਰ ਸ਼ਾਮ ਨੂੰ ਸੂਬੇ ਦੇ ਦਿਬਾਂਗ ਘਾਟੀ ਜ਼ਿਲ੍ਹੇ ਵਿੱਚ ਅਚਾਨਕ ਆਏ ਹੜ੍ਹ (Flash Flood) ਕਾਰਨ ਭਾਰਤੀ ਫੌਜ ਦੇ ਦੋ ਸ਼ੈਲਟਰ ਵਹਿ ਗਏ, ਜਿਸ ਵਿੱਚ 5 ਫੌਜੀ ਜਵਾਨ ਲਾਪਤਾ ਹੋ ਗਏ ਹਨ। ਦੂਜੇ ਪਾਸੇ, ਅੱਪਰ ਸੁਬੰਸਿਰੀ ਜ਼ਿਲ੍ਹੇ ਵਿੱਚ ਸੜਕ ਨਿਰਮਾਣ ਵਾਲੀ ਥਾਂ ’ਤੇ ਹੋਈ ਭਾਰੀ ਚਟਾਨੀ ਜ਼ਮੀਨ ਖਿਸਕਣ (Landslide) ਕਾਰਨ ਚਾਰ ਲੋਕਾਂ ਦੀ ਦਰਦਨਾਕ ਮੌਤ ਹੋ ਗਈ। ਸਟੇਟ ਐਮਰਜੈਂਸੀ ਅਪਰੇਸ਼ਨ ਸੈਂਟਰ ਅਨੁਸਾਰ ਇਹ ਦੋਵੇਂ ਘਟਨਾਵਾਂ ਸ਼ੁੱਕਰਵਾਰ ਸ਼ਾਮ ਨੂੰ ਵਾਪਰੀਆਂ ਹਨ।
ਅੱਪਰ ਸੁਬੰਸਿਰੀ ਜ਼ਿਲ੍ਹੇ ਦੇ ਕਿਓਜਾਰਿੰਗ-ਬਯਾਚਿੰਗ ਸੜਕ ਕਟਾਈ ਵਾਲੀ ਥਾਂ ’ਤੇ ਅਚਾਨਕ ਪਹਾੜ ਦਾ ਵੱਡਾ ਹਿੱਸਾ ਹੇਠਾਂ ਆ ਡਿੱਗਿਆ, ਜਿਸ ਦੀ ਲਪੇਟ ’ਚ ਆਉਣ ਨਾਲ ਕਈ ਮਜ਼ਦੂਰ ਮਲਬੇ ਹੇਠ ਦੱਬ ਗਏ। ਇਸ ਹਾਦਸੇ ਵਿੱਚ ਟਾਡੂ ਬਾਕੀ, ਤਾਜੀ ਰਾਏ, ਮਾਰਕੋਸ਼ ਬਾਸੂਮਤਾਰੀ ਅਤੇ ਬਾਬੁਲ ਅਲੀ ਵਜੋਂ ਪਛਾਣੇ ਗਏ 4 ਵਿਅਕਤੀਆਂ ਦੀ ਮੌਤ ਹੋ ਗਈ। ਜ਼ਿਲ੍ਹਾ ਆਫਤ ਪ੍ਰਬੰਧਨ ਅਧਿਕਾਰੀ ਨੇ ਦੱਸਿਆ ਕਿ ਬਾਬੁਲ ਅਲੀ ਦੀ ਮ੍ਰਿਤਕ ਦੇਹ ਬਰਾਮਦ ਕਰ ਲਈ ਗਈ ਹੈ। ਮੌਕੇ ’ਤੇ ਨਾਚੋ ਪੁਲੀਸ ਥਾਣੇ ਦੇ ਜਵਾਨ, ਫਾਇਰ ਤੇ ਐਮਰਜੈਂਸੀ ਸੇਵਾਵਾਂ ਦੀ ਟੀਮ ਅਤੇ ਐਸ.ਡੀ.ਆਰ.ਐਫ. (SDRF) ਦੀ ਟੀਮ ਬਚਾਅ ਕਾਰਜਾਂ ਵਿੱਚ ਜੁੱਟੀ ਹੋਈ ਹੈ।

