ਨਵੀਂ ਦਿੱਲੀ, 8 ਜੁਲਾਈ
ਕੇਂਦਰ ਸਰਕਾਰ ਨੇ ਅੱਜ ਖੇਤੀਬਾੜੀ ਢਾਂਚੇ ਦੀ ਉਸਾਰੀ ਲਈ ਇਕ ਲੱਖ ਕਰੋੜ ਰੁਪਏ ਦਾ ਫੰਡ ਕਾਇਮ ਕਰਨ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਸ ਬਾਰੇ ਫ਼ੈਸਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਹੋਈ ਕੇਂਦਰੀ ਕੈਬਨਿਟ ਦੀ ਮੀਟਿੰਗ ਵਿਚ ਲਿਆ ਗਿਆ ਹੈ। ਫੰਡ ਦੀ ਵਰਤੋਂ ਖੇਤੀਬਾੜੀ ਖੇਤਰ ਵਿਚ ਨਵੇਂ ਉੱਦਮ ਲਾਉਣ ਵਾਲਿਆਂ ਨੂੰ ਮਦਦ ਦੇਣ, ਖੇਤੀ ਤਕਨੀਕਾਂ ਵਿਕਸਿਤ ਕਰਨ ’ਚ ਜੁਟੇ ਉੱਦਮੀਆਂ ਜਾਂ ਫਰਮਾਂ ਦੀ ਸਹਾਇਤਾ ਲਈ ਕੀਤੀ ਜਾਵੇਗੀ। ਬੁਨਿਆਦੀ ਢਾਂਚਾ ਵਿਕਸਿਤ ਕਰਨ ਤੇ ਹੋਰ ਸਮਗੱਰੀ ਖ਼ਰੀਦਣ ਲਈ ਵੀ ਇਸ ਫੰਡ ਵਿਚੋਂ ਕਿਸਾਨ ਸਮੂਹਾਂ ਨੂੰ ਮਦਦ ਦਿੱਤੀ ਜਾਵੇਗੀ। ਇਹ ਫੰਡ ਕੋਵਿਡ-19 ਸੰਕਟ ਲਈ ਐਲਾਨੇ ਗਏ 20 ਲੱਖ ਕਰੋੜ ਦੇ ਪੈਕੇਜ ਦਾ ਹੀ ਹਿੱਸਾ ਹੈ। ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਦੱਸਿਆ ਕਿ ਫੰਡ 2029 ਤੱਕ ਕਾਇਮ ਕੀਤਾ ਗਿਆ ਹੈ। ਇਸ ’ਚੋਂ ਦਰਮਿਆਨੇ ਤੋਂ ਲੰਮੇ ਸਮੇਂ ਦੇ ਨਿਵੇਸ਼ ਲਈ ਕਰਜ਼ੇ ਦੀ ਸਹੂਲਤ ਦਿੱਤੀ ਜਾਵੇਗੀ। ਵਾਢੀ ਮਗਰੋਂ ਫ਼ਸਲ ਸਾਂਭਣ ਲਈ ਢਾਂਚਾ ਉਸਾਰਨ, ਸਾਂਝੀ ਸਮੱਗਰੀ (ਕਮਿਊਨਿਟੀ ਫਾਰਮਿੰਗ) ਖ਼ਰੀਦਣ ਲਈ ਵਿਆਜ ’ਚ ਛੋਟ ਦੇ ਕੇ ਰਾਸ਼ੀ ਮੁਹੱਈਆ ਕਰਵਾਈ ਜਾਵੇਗੀ। ਪੈਸਾ ਬੈਂਕਾਂ ਤੇ ਵਿੱਤੀ ਸੰਸਥਾਵਾਂ ਵੱਲੋਂ ਵੰਡਿਆ ਜਾਵੇਗਾ। 10 ਹਜ਼ਾਰ ਕਰੋੜ ਰੁਪਏ ਇਸ ਵਿੱਤੀ ਵਰ੍ਹੇ ਤੇ 30-30 ਹਜ਼ਾਰ ਕਰੋੜ ਰੁਪਏ ਅਗਲੇ ਤਿੰਨ ਸਾਲਾਂ ਦੌਰਾਨ ਦਿੱਤੇ ਜਾਣਗੇ। ਕੋਲਡ ਸਟੋਰ, ਗੁਦਾਮ, ਪੈਕੇਜਿੰਗ ਇਕਾਈਆਂ, ਈ-ਮਾਰਕੀਟਿੰਗ ਤੇ ਟਰੇਡਿੰਗ ਲਈ ਵੀ ਰਾਸ਼ੀ ਦਿੱਤੀ ਜਾਵੇਗੀ। ਕੈਬਨਿਟ ਨੇ ਤਿੰਨ ਸਰਕਾਰੀ ਜਨਰਲ ਬੀਮਾ ਕੰਪਨੀਆਂ ’ਚ 12,450 ਕਰੋੜ ਰੁਪਏ ਦੀ ਰਾਸ਼ੀ ਨਿਵੇਸ਼ ਕਰਨ ਨੂੰ ਵੀ ਪ੍ਰਵਾਨਗੀ ਦੇ ਦਿੱਤੀ ਹੈ।
-ਪੀਟੀਆਈ
ਪੀਐੱਫ ਲਈ ਹੁਣ ਅਗਸਤ ਤੱਕ ਅਦਾਇਗੀ ਕਰੇਗੀ ਸਰਕਾਰ
ਕੇਂਦਰੀ ਕੈਬਨਿਟ ਨੇ ਰੁਜ਼ਗਾਰਦਾਤਾ ਤੇ ਮੁਲਾਜ਼ਮਾਂ ਦਾ ਪੀਐੱਫ ਸਰਕਾਰ ਵੱਲੋਂ ਅਦਾ ਕੀਤੇ ਜਾਣ ਦੀ ਸਕੀਮ ਵਿਚ ਤਿੰਨ ਮਹੀਨੇ ਦੇ ਵਾਧੇ ਨੂੰ ਪ੍ਰਵਾਨ ਕਰ ਲਿਆ ਹੈ। ਸਰਕਾਰ ਹੁਣ ਅਗਸਤ ਤੱਕ ਇਹ ਅਦਾਇਗੀ ਕਰੇਗੀ। ਇਹ ਸਕੀਮ ਉਨ੍ਹਾਂ ਕਾਰੋਬਾਰਾਂ ਉਤੇ ਲਾਗੂ ਹੈ ਜਿੱਥੇ ਕਰਮਚਾਰੀਆਂ ਦੀ ਗਿਣਤੀ 100 ਤੱਕ ਹੈ ਤੇ 90 ਫ਼ੀਸਦ ਮੁਲਾਜ਼ਮ 15 ਹਜ਼ਾਰ ਰੁਪਏ ਪ੍ਰਤੀ ਮਹੀਨਾ ਤੋਂ ਘੱਟ ਤਨਖ਼ਾਹ ਲੈ ਰਹੇ ਹਨ। ਇਸ ਤਹਿਤ ਮੁਲਾਜ਼ਮ ਤੇ ਰੁਜ਼ਗਾਰਦਾਤਾ ਦਾ 12-12 ਫ਼ੀਸਦ ਹਿੱਸਾ ਪੀਐੱਫ ਵਿਚ ਪਾਇਆ ਜਾਵੇਗਾ।
‘ਗਰੀਬ ਅੰਨ ਯੋਜਨਾ’ ਤਹਿਤ ਨਵੰਬਰ ਤੱਕ ਮੁਫ਼ਤ ਰਾਸ਼ਨ-ਦਾਲਾਂ ਮਿਲਣਗੀਆਂ
ਕੇਂਦਰੀ ਕੈਬਨਿਟ ਨੇ ‘ਪ੍ਰਧਾਨ ਮੰਤਰੀ ਗਰੀਬ ਅੰਨ ਯੋਜਨਾ’ ਤਹਿਤ ਨਵੰਬਰ ਮਹੀਨੇ ਤੱਕ ਮੁਫ਼ਤ ਰਾਸ਼ਨ ਤੇ ਦਾਲਾਂ (ਜਨਤਕ ਵੰਡ ਪ੍ਰਣਾਲੀ) ਮੁਹੱਈਆ ਕਰਵਾਉਣ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਸ ਦਾ ਲਾਹਾ 81 ਕਰੋੜ ਲੋਕਾਂ ਨੂੰ ਮਿਲੇਗਾ। ਇਸ ਤਹਿਤ ਪੰਜ ਕਿਲੋ ਕਣਕ ਜਾਂ ਚੌਲ ਤੇ ਇਕ ਕਿਲੋ ਦਾਲ ਹਰ ਮਹੀਨੇ ਲਾਭਪਾਤਰੀ ਨੂੰ ਮੁਫ਼ਤ ਮਿਲੇਗੀ। ਕੈਬਨਿਟ ਨੇ ਸ਼ਹਿਰਾਂ ਵੱਲ ਪ੍ਰਵਾਸ ਕਰ ਕੇ ਆਉਣ ਵਾਲਿਆਂ ਤੇ ਗਰੀਬ ਤਬਕੇ ਨੂੰ ਘੱਟ ਦਰਾਂ ’ਤੇ ਕਿਰਾਏ ਦੀ ਰਿਹਾਇਸ਼ ਮੁਹੱਈਆ ਕਰਵਾਉਣ ਲਈ ਰਿਹਾਇਸ਼ੀ ਕੰਪਲੈਕਸ ਉਸਾਰਨ ਨੂੰ ਵੀ ਮਨਜ਼ੂਰੀ ਦਿੱਤੀ ਹੈ।