Pearls Group Scam: ਪਰਲਜ਼ ਘਪਲੇ ਦੇ ਮੁਲਜ਼ਮਾਂ ਨੂੰ ਭਗੌੜਾ ਐਲਾਨਣ ਲਈ ਅਰਜ਼ੀਆਂ ਵਿਚਾਰ ਅਧੀਨ
ੲੀ ਡੀ ਨੇ ਹੋਰਾਂ ਖਿਲਾਫ਼ ਵੀ ਕੀਤੀ ਹੈ ਕਾਰਵਾਈ
ਪਰਲਜ਼ ਜ਼ਮੀਨੀ ਘਪਲੇ ਦੇ ਮਾਮਲੇ ’ਚ ਮਰਹੂਮ ਨਿਰਮਲ ਸਿੰਘ ਭੰਗੂ ਦੀ ਧੀ ਸੁਖਵਿੰਦਰ ਕੌਰ ਅਤੇ ਜਵਾਈ ਗੁਰਪ੍ਰਤਾਪ ਸਿੰਘ ਸਮੇਤ ਹੋਰਾਂ ਨੂੰ ਭਗੌੜਾ ਐਲਾਨਣ ਲਈ ਐਨਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਵੱਲੋਂ ਕਾਰਵਾਈ ਕੀਤੀ ਗਈ ਹੈ। ਕਰੋੜਾਂ ਰੁਪਏ ਦੇ ਵਿੱਤੀ ਘਪਲੇ ਕਰ ਕੇ ਵਿਦੇਸ਼ ਭੱਜੇ ਕਈ ਮੁਲਜ਼ਮਾਂ ਨੂੰ ‘ਭਗੌੜਾ ਆਰਥਿਕ ਅਪਰਾਧੀ’ ਐਲਾਨਣ ਦੀਆਂ ਅਰਜ਼ੀਆਂ ਦੇਸ਼ ਦੀਆਂ ਵੱਖ-ਵੱਖ ਪੀ ਐੱਮ ਐੱਲ ਏ ਅਦਾਲਤਾਂ ਵਿੱਚ ਜ਼ੇਰੇ-ਗ਼ੌਰ ਹਨ।
ਈ ਡੀ ਨੇ ਪਰਲਜ਼ ਜ਼ਮੀਨ ਘੁਟਾਲੇ ਦੇ ਮਾਮਲੇ ’ਚ ਮਰਹੂਮ ਨਿਰਮਲ ਸਿੰਘ ਭੰਗੂ ਦੀ ਧੀ ਸੁਖਵਿੰਦਰ ਕੌਰ ਅਤੇ ਜਵਾਈ ਗੁਰਪ੍ਰਤਾਪ ਸਿੰਘ ਸ਼ਾਮਲ ਖ਼ਿਲਾਫ਼ 5 ਫਰਵਰੀ 2026 ਨੂੰ ਪੀ ਐੱਮ ਐੱਲ ਏ ਅਦਾਲਤ ’ਚ ਅਰਜ਼ੀ ਦਾਇਰ ਕੀਤੀ ਸੀ। ਇਸੇ ਤਰ੍ਹਾਂ ਹੀਰਾ ਕਾਰੋਬਾਰੀ ਨੀਰਵ ਮੋਦੀ ਦੇ ਭਰਾ ਨੀਸ਼ਲ ਤੇ ਨੇਹਲ ਮੋਦੀ, ਫਾਇਰਸਟਾਰ ਗਰੁੱਪ ਦੇ ਆਦਿੱਤਿਆ ਨਾਨਾਵਤੀ ਤੇ ਸੰਦੀਪ ਮਿਸਤਰੀ, ਵਿਵਾਦਤ ਪ੍ਰਚਾਰਕ ਜ਼ਾਕਿਰ ਨਾਇਕ, ਕਾਰੋਬਾਰੀ ਮੇਹੁਲ ਚੋਕਸੀ, ਮਹਾਦੇਵ ਬੈਟਿੰਗ ਐਪ ਦਾ ਮਾਸਟਰਮਾਈਂਡ ਸੌਰਭ ਚੰਦਰਾਕਰ ਅਤੇ ਉਸ ਦੇ ਸਾਥੀ ਰਵੀ ਉੱਪਲ ਦੇ ਨਾਮ ਵੀ ਸੂਚੀ ’ਚ ਸ਼ਾਮਲ ਹਨ, ਜਿੱਥੇ ਕਈ ਮਾਮਲੇ ਹਾਲੇ ਅਦਾਲਤ ਵਿੱਚ ਵਿਚਾਰ ਅਧੀਨ ਹਨ, ਉੱਥੇ ਹਿਮਾਚਲ ਪ੍ਰਦੇਸ਼ ਦੀ ਮਾਨਵ ਭਾਰਤੀ ਯੂਨੀਵਰਸਿਟੀ ਦੇ ਜਾਅਲੀ ਡਿਗਰੀ ਘੁਟਾਲੇ ਵਿੱਚ ਸ਼ਾਮਲ ਮੁਲਜ਼ਮ ਮਨਦੀਪ ਰਾਣਾ ਨੂੰ 3 ਜਨਵਰੀ 2026 ਨੂੰ ਅਧਿਕਾਰਤ ਤੌਰ ’ਤੇ ਭਗੌੜਾ ਆਰਥਿਕ ਅਪਰਾਧੀ ਐਲਾਨ ਦਿੱਤਾ ਗਿਆ ਹੈ।
ਕਾਨੂੰਨ ਮੁਤਾਬਕ ਕਿਸੇ ਵਿਅਕਤੀ ਨੂੰ ਉਦੋਂ ‘ਭਗੌੜਾ ਆਰਥਿਕ ਅਪਰਾਧੀ’ ਐਲਾਨਿਆ ਜਾਂਦਾ ਹੈ ਜਦੋਂ ਉਸ ਵਿਰੁੱਧ 100 ਕਰੋੜ ਰੁਪਏ ਜਾਂ ਇਸ ਤੋਂ ਵੱਧ ਦੇ ਆਰਥਿਕ ਅਪਰਾਧ ਲਈ ਗ੍ਰਿਫ਼ਤਾਰੀ ਵਾਰੰਟ ਜਾਰੀ ਹੋਇਆ ਹੋਵੇ ਅਤੇ ਉਹ ਕਾਰਵਾਈ ਤੋਂ ਬਚਣ ਲਈ ਭਾਰਤ ਛੱਡ ਕੇ ਚਲਾ ਗਿਆ ਹੋਵੇ ਤੇ ਕਾਨੂੰਨ ਦਾ ਸਾਹਮਣਾ ਕਰਨ ਲਈ ਵਾਪਸ ਆਉਣ ਤੋਂ ਇਨਕਾਰੀ ਹੋਵੇ। ਜਾਣਕਾਰੀ ਮੁਤਾਬਕ 31 ਮਾਰਚ 2026 ਤੱਕ ਈ ਡੀ ਵੱਲੋਂ ‘ਭਗੌੜਾ ਆਰਥਿਕ ਅਪਰਾਧੀ ਐਕਟ 2018’ ਤਹਿਤ 54 ਵਿਅਕਤੀਆਂ ਵਿਰੁੱਧ ਕਾਰਵਾਈ ਸ਼ੁਰੂ ਕੀਤੀ ਗਈ ਜਿਨ੍ਹਾਂ ਵਿੱਚੋਂ 21 ਨੂੰ ਭਗੌੜੇ ਐਲਾਨਿਆ ਜਾ ਚੁੱਕਿਆ ਹੈ। ਇਨ੍ਹਾਂ ਵਿੱਚ ਕੁਝ ਪ੍ਰਮੁੱਖ ਨਾਂ ਵਿਜੈ ਮਾਲਿਆ, ਨੀਰਵ ਮੋਦੀ, ਹਥਿਆਰਾਂ ਦਾ ਸੌਦਾਗਰ ਸੰਜੈ ਭੰਡਾਰੀ ਅਤੇ ਮਰਹੂਮ ਨਸ਼ਾ ਤਸਕਰ ਇਕਬਾਲ ਮੈਮਨ ਉਰਫ਼ ਮਿਰਚੀ ਦੀ ਪਤਨੀ ਹਾਜਰਾ ਅਤੇ ਉਨ੍ਹਾਂ ਦੇ ਦੋ ਪੁੱਤਰ ਆਸਿਫ਼ ਅਤੇ ਜੁਨੈਦ ਸ਼ਾਮਲ ਹਨ।

