ਖ਼ਾਸ ਮਾਮਲਿਆਂ ’ਚ ਹੀ ਦੇਣੀ ਚਾਹੀਦੀ ਹੈ ਅਗਾਊਂ ਜ਼ਮਾਨਤ: ਹਾਈ ਕੋਰਟ
ਨਵੀਂ ਦਿੱਲੀ: ਦਿੱਲੀ ਹਾਈ ਕੋਰਟ ਨੇ ਕਿਹਾ ਕਿ ਅਗਾਊਂ ਜ਼ਮਾਨਤ ਦੇਣ ਦਾ ਅਧਿਕਾਰ ਇੱਕ ਨਿਵੇਕਲੀ ਸ਼ਕਤੀ ਹੈ ਅਤੇ ਇਸਦੀ ਵਰਤੋਂ ਸਿਰਫ਼ ਖ਼ਾਸ ਮਾਮਲਿਆਂ ਵਿੱਚ ਹੀ ਕੀਤੀ ਜਾਣੀ ਚਾਹੀਦੀ ਹੈ। ਜਸਟਿਸ ਰਵਿੰਦਰ ਡੁਡੇਜਾ ਨੇ ਨਿਊ ਫਰੈਂਡਜ਼ ਕਲੋਨੀ ਵਾਸੀ ਆਸ਼ੀਸ਼ ਕੁਮਾਰ ਨੂੰ ਅਗਾਊਂ ਜ਼ਮਾਨਤ ਦੇਣ ਤੋਂ ਇਨਕਾਰ ਕਰਦਿਆਂ ਇਹ ਟਿੱਪਣੀ ਕੀਤੀ। ਆਸ਼ੀਸ਼ ਕੁਮਾਰ ’ਤੇ ਜਾਇਦਾਦ ਵਿਵਾਦ ਮਾਮਲੇ ਵਿੱਚ ਆਪਣੇ ਚਚੇਰੇ ਭਰਾ ’ਤੇ ਹਮਲਾ ਕਰਨ ਦਾ ਦੋਸ਼ ਹੈ। ਜੱਜ ਨੇ ਕਿਹਾ, ‘‘ਕਾਨੂੰਨ ਸਿਰਫ਼ ਉਨ੍ਹਾਂ ਦੀ ਮਦਦ ਕਰਦਾ ਹੈ ਜੋ ਕਾਨੂੰਨ ਦੀ ਪਾਲਣਾ ਕਰਦੇ ਹਨ।’’ ਜੱਜ ਨੇ ਕਿਹਾ ਕਿ ਪੁੱਛਗਿੱਛ ਅਤੇ ਅਪਰਾਧ ਵਿੱਚ ਵਰਤੇ ਗਏ ਹਥਿਆਰ ਦੀ ਬਰਾਮਦਗੀ ਲਈ ਮੁਲਜ਼ਮ ਨੂੰ ਹਿਰਾਸਤ ਵਿੱਚ ਲਏ ਜਾਣ ਦੀ ਲੋੜ ਹੈ। ਜੱਜ ਨੇ ਪਹਿਲੀ ਜੁਲਾਈ ਦੇ ਹੁਕਮ ਵਿੱਚ ਕਿਹਾ, ‘‘ਅਗਾਊਂ ਜ਼ਮਾਨਤ ਦੇਣ ਦੀ ਸ਼ਕਤੀ ਇੱਕ ਅਸਧਾਰਨ ਸ਼ਕਤੀ ਹੈ ਅਤੇ ਇਸਦੀ ਵਰਤੋਂ ਸਿਰਫ਼ ਨਿਵੇਕਲੇ ਮਾਮਲਿਆਂ ਵਿੱਚ ਕੀਤੀ ਜਾਣੀ ਚਾਹੀਦੀ ਹੈ ਨਾ ਕਿ ਆਮ ਤੌਰ ’ਤੇ।’’ ਪਟੀਸ਼ਨ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਆਸ਼ੀਸ਼ ਨੂੰ ਉਸ ਦੇ ਤੇ ਸ਼ਿਕਾਇਤਕਰਤਾ ਦੇ ਪਰਿਵਾਰ ਦਰਮਿਆਨ ਪੁਰਾਣੇ ਜਾਇਦਾਦ ਵਿਵਾਦ ਮਾਮਲੇ ਵਿੱਚ ਝੂਠਾ ਫਸਾਇਆ ਗਿਆ ਹੈ। -ਪੀਟੀਆਈ