Cancer ਰੋਕੂ Medicines ਸਸਤੀਆਂ ਹੋਣਗੀਆਂ
ਕੇਂਦਰ ਸਰਕਾਰ ਵੱਲੋਂ ਮੁਨਾਫ਼ਾ ਹੱਦ 30 ਫ਼ੀਸਦ ਕਰਨ ਦਾ ਫ਼ੈਸਲਾ; ਫ਼ੈਸਲਾ ਇਸੇ ਮਹੀਨੇ ਲਾਗੂ ਹੋਣ ਦੀ ਉਮੀਦ
ਕੇਂਦਰ ਸਰਕਾਰ ਨੇ ਕੈਂਸਰ ਰੋਕੂ ਸਾਰੀਆਂ ਗ਼ੈਰ-ਅਨੁਸੂਚਿਤ ਦਵਾਈਆਂ, ਜਿਨ੍ਹਾਂ ਵਿੱਚ ਬ੍ਰਾਂਡਿਡ ਅਤੇ ਜੈਨਰਿਕ, ਦੇਸੀ ਅਤੇ ਦਰਾਮਦ ਕੀਤੀਆਂ, ਪੇਟੈਂਟ ਅਤੇ ਗ਼ੈਰ-ਪੇਟੈਂਟ ਦਵਾਈਆਂ ਸ਼ਾਮਲ ਹਨ, ਲਈ ਮੁਨਾਫ਼ਾ ਨੂੰ ਵੱਧ ਤੋਂ ਵੱਧ ਪਰਚੂਨ ਕੀਮਤ ਦੇ 30 ਫ਼ੀਸਦ ਤੱਕ ਕਰਨ ਦਾ ਫ਼ੈਸਲਾ ਕੀਤਾ ਹੈ। ਸੂਤਰਾਂ ਮੁਤਾਬਕ ਇਹ ਪੇਸ਼ਕਦਮੀ ਵਪਾਰਕ ਪੱਧਰ ’ਤੇ ਲੱਗਣ ਵਾਲੇ ਬਹੁਤ ਜ਼ਿਆਦਾ ਵਾਧੂ ਮੁਨਾਫ਼ੇ ਦੀ ਸਮੱਸਿਆ ਨੂੰ ਹੱਲ ਕਰਦਾ ਹੈ ਅਤੇ ਇਨ੍ਹਾਂ ਜੀਵਨ ਰੱਖਿਅਕ ਦਵਾਈਆਂ ਦੀ ਨਿਰੰਤਰ ਉਪਲਬਧਤਾ ਯਕੀਨੀ ਬਣਾਉਂਦੇ ਹੋਏ ਇਨ੍ਹਾਂ ਨੂੰ ਵਧੇਰੇ ਕਿਫ਼ਾਇਤੀ ਬਣਾਉਣ ਦਾ ਟੀਚਾ ਰੱਖਦਾ ਹੈ।
ਸਰਕਾਰ ਦਾ ਇਹ ਫ਼ੈਸਲਾ ਇਸ ਮਹੀਨੇ ਦੇ ਅਖ਼ੀਰ ਵਿੱਚ ਲਾਗੂ ਹੋਣ ਦੀ ਉਮੀਦ ਹੈ। ਇਸ ਨਾਲ ਕੈਂਸਰ ਰੋਕੂ 110 ਦਵਾਈਆਂ ਦੀਆਂ ਕੀਮਤਾਂ ਘਟਣਗੀਆਂ, ਜਿਨ੍ਹਾਂ ਵਿੱਚ 35 ਪੇਟੈਂਟ ਵਾਲੀਆਂ ਦਵਾਈਆਂ ਵੀ ਸ਼ਾਮਲ ਹਨ। ਸੂਤਰਾਂ ਨੇ ਦੱਸਿਆ, ‘‘ਮੁਨਾਫ਼ਾ ਤਰਕਸੰਗਤ ਬਣਾਉਣ ਦਾ ਮੁੱਖ ਮੰਤਵ ਦਵਾਈਆਂ ਦੀ ਗ਼ਲਤ ਢੰਗ ਨਾਲ ਵਿਕਰੀ ਵਰਗੀਆਂ ਰਵਾਇਤਾਂ ਨੂੰ ਰੋਕਣਾ ਹੈ। ਅਕਸਰ ਵੱਧ ਮਾਰਜਿਨ ਵਾਲੀਆਂ ਦਵਾਈਆਂ ਵੇਚਣ ਦਾ ਰੁਝਾਨ ਹੁੰਦਾ ਹੈ, ਅਤੇ ਕਿਉਂਕਿ ਕੈਂਸਰ ਰੋਕੂ ਦਵਾਈਆਂ ਬਾਕੀ ਦਵਾਈਆਂ ਦੇ ਮੁਕਾਬਲੇ ਵਧੇਰੇ ਮਹਿੰਗੀਆਂ ਹੁੰਦੀਆਂ ਹਨ, ਇਸ ਲਈ ਅਸੀਂ ਇਨ੍ਹਾਂ ’ਤੇ ਮੁਨਾਫ਼ੇ ਦੀ ਹੱਦ ਤੈਅ ਕਰਨਾ ਚਾਹੁੰਦੇ ਸਾਂ।’’ ਉਨ੍ਹਾਂ ਕਿਹਾ ਕਿ ਇਸ ਕਦਮ ਨਾਲ ਕੈਂਸਰ ਦੇ ਮਰੀਜ਼ਾਂ ਦੀ ਸਾਲਾਨਾ ਲਗਪਗ 2,500 ਕਰੋੜ ਰੁਪਏ ਦੀ ਬੱਚਤ ਹੋਵੇਗੀ।
ਇਸ ਤੋਂ ਪਹਿਲਾਂ ਸੁਪਰੀਮ ਕੋਰਟ ਨੇ ਵੀ 29 ਸਤੰਬਰ ਨੂੰ ਕੈਂਸਰ ਰੋਕੂ ਦਵਾਈਆਂ ਦੀਆਂ ਵਧੀਆਂ ਹੋਈਆਂ ਕੀਮਤਾਂ ਦੇ ਮੁੱਦੇ ’ਤੇ ਚਿੰਤਾ ਪ੍ਰਗਟਾਈ ਸੀ; ਹਾਲਾਂਕਿ ਸਰਕਾਰੀ ਸੂਤਰਾਂ ਨੇ ਕਿਹਾ ਕਿ ਦਵਾਈਆਂ ’ਤੇ ਮੁਨਾਫ਼ੇ ਦੀ ਹੱਦ ਤੈਅ ਕਰਨ ਦਾ ਫ਼ੈਸਲਾ ਚੱਲ ਰਹੇ ਮਾਮਲੇ ਨਾਲ ਸਬੰਧਤ ਨਹੀਂ ਹੈ, ਸਗੋਂ ਇਸ ’ਤੇ 2019 ਤੋਂ ਕੰਮ ਚੱਲ ਰਿਹਾ ਸੀ। ਇੱਕ ਵਾਰ ਅੰਤਿਮ ਰੂਪ ਦਿੱਤੇ ਜਾਣ ’ਤੇ, ਨਵੀਆਂ ਦਰਾਂ ਵਾਲੀਆਂ ਇਹ ਦਵਾਈਆਂ ਹਸਪਤਾਲਾਂ ਵਿੱਚ ਵੀ ਉਪਲਬਧ ਹੋਣਗੀਆਂ।
‘ਫਾਰਮਾ ਕੰਪਨੀਆਂ ਦੀ ਅਨੈਤਿਕਤਾ ਦੀ ਜਾਂਚ ਲਈ ਪੈਨਲ ਬਣਾਓ’
ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਅੱਜ ਕੇਂਦਰ ਸਰਕਾਰ ਨੂੰ ਹੁਕਮ ਦਿੱਤਾ ਹੈ ਕਿ ਉਹ ਫਾਰਮਾਸਿਊਟੀਕਲ ਮਾਰਕੀਟਿੰਗ ਦੀਆਂ ਅਨੈਤਿਕ ਗਤੀਵਿਧੀਆਂ ਨਾਲ ਜੁੜੇ ਮਾਮਲਿਆਂ ਦੀ ਸਰਬਪੱਖੀ ਅਤੇ ਵਿਆਪਕ ਜਾਂਚ ਕਰਨ ਲਈ ਦੋ ਹਫ਼ਤਿਆਂ ਦੇ ਅੰਦਰ ਕਮੇਟੀ ਦਾ ਗਠਨ ਕਰੇ। ਸਿਖਰਲੀ ਅਦਾਲਤ ਨੇ ਹੁਕਮ ਦਿੱਤਾ ਕਿ ਕਮੇਟੀ ਸਲਾਹ-ਮਸ਼ਵਰੇ ਦੀ ਪ੍ਰਕਿਰਿਆ ਨੂੰ ਪੂਰੀ ਤਰ੍ਹਾਂ ਅਪਣਾਉਣ ਅਤੇ ਆਪਣੇ ਸਾਹਮਣੇ ਰੱਖੀਆਂ ਤਜਵੀਜ਼ਾਂ ਤੇ ਸਮੱਗਰੀ ’ਤੇ ਵਿਚਾਰ ਕਰਨ ਤੋਂ ਬਾਅਦ, ਆਪਣੀ ਪਹਿਲੀ ਮੀਟਿੰਗ ਤੋਂ ਦੋ ਮਹੀਨਿਆਂ ਦੇ ਅੰਦਰ-ਅੰਦਰ ਤੈਅ ਸਮੇਂ ਦੇ ਵਿੱਚ ਆਪਣੀ ਕਾਰਵਾਈ ਪੂਰੀ ਕਰਨ ਅਤੇ ਸਰਕਾਰ ਨੂੰ ਸਿਫਾਰਸ਼ਾਂ ਸੌਂਪਣ ਦੀ ਕੋਸ਼ਿਸ਼ ਕਰੇਗੀ।
ਜਸਟਿਸ ਵਿਕਰਮ ਨਾਥ ਅਤੇ ਜਸਟਿਸ ਸੰਦੀਪ ਮਹਿਤਾ ਦੇ ਬੈਂਚ ਨੇ ਫਾਰਮਾਸਿਊਟੀਕਲ ਕੰਪਨੀਆਂ ਵੱਲੋਂ ਸਿਹਤ ਸੰਭਾਲ ਪੇਸ਼ੇਵਰਾਂ ਨਾਲ ਲੈਣ-ਦੇਣ ਵਿੱਚ ਅਨੈਤਿਕ ਮਾਰਕੀਟਿੰਗ ਅਤੇ ਪ੍ਰਚਾਰ ਦੀ ਕਥਿਤ ਮੌਜੂਦਗੀ ਨਾਲ ਸਬੰਧਤ ਪਟੀਸ਼ਨ ’ਤੇ ਇਹ ਹੁਕਮ ਜਾਰੀ ਕੀਤਾ ਹੈ। ਪਟੀਸ਼ਨਰਾਂ ਨੇ ਦਾਅਵਾ ਕੀਤਾ ਕਿ ਅਜਿਹੀਆਂ ਕਾਰਵਾਈਆਂ ਵਿੱਚ ਸਿੱਧੇ ਜਾਂ ਅਸਿੱਧੇ ਨਕਦ ਲਾਭ, ਤੋਹਫ਼ੇ, ਮਹਿਮਾਨਨਿਵਾਜ਼ੀ, ਸਪਾਂਸਰਡ ਯਾਤਰਾ, ਮਨੋਰੰਜਨ ਅਤੇ ਡਾਕਟਰਾਂ ਨੂੰ ਉਨ੍ਹਾਂ ਦੀ ਦਵਾਈ ਲਿਖਣ ਦੀ ਆਦਤ ਨੂੰ ਪ੍ਰਭਾਵਿਤ ਕਰਨ ਦੇ ਉਦੇਸ਼ ਨਾਲ ਦਿੱਤੇ ਜਾਣ ਵਾਲੇ ਹੋਰ ਲਾਲਚ ਸ਼ਾਮਲ ਹਨ। ਬੈਂਚ ਨੇ ਕਿਹਾ ਕਿ ਕੇਂਦਰ ਨੇ ਇਸ ਮਾਮਲੇ ਦੀ ਜਾਂਚ ਕਰਨ ਅਤੇ ਫਾਰਮਾਸਿਊਟੀਕਲ ਕੰਪਨੀਆਂ ਦੇ ਆਚਰਨ ਨੂੰ ਕੰਟਰੋਲ ਕਰਨ ਲਈ ਢੁਕਵੇਂ ਕਾਨੂੰਨੀ ਅਤੇ ਰੈਗੂਲੇਟਰੀ ਢਾਂਚੇ ਬਾਰੇ ਸਿਫ਼ਾਰਸ਼ਾਂ ਕਰਨ ਲਈ ਤਿੰਨ ਮੈਂਬਰੀ ਕਮੇਟੀ ਬਣਾਉਣ ਦੀ ਤਜਵੀਜ਼ ਰੱਖੀ ਹੈ। -ਪੀਟੀਆਈ

