ਅਨਿਲ ਅੰਬਾਨੀ ਨੇ FEMA ਕੇਸ ਵਿੱਚ ਈਡੀ ਸਾਹਮਣੇ ਵਰਚੁਅਲੀ ਪੇਸ਼ ਹੋਣ ਦੀ ਪੇਸ਼ਕਸ਼ ਕੀਤੀ
ਰਿਲਾਇੰਸ ਗਰੁੱਪ ਦੇ ਚੇਅਰਮੈਨ ਅਨਿਲ ਅੰਬਾਨੀ ਨੇ ਸ਼ੁੱਕਰਵਾਰ ਲਈ FEMA ਤਹਿਤ ਜਾਰੀ ਕੀਤੇ ਗਏ ਸੰਮਨਾਂ ਤੋਂ ਬਾਅਦ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਸਾਹਮਣੇ ‘ਵਰਚੁਅਲ ਸਾਧਨਾਂ’ ਰਾਹੀਂ ਪੇਸ਼ ਹੋਣ ਦੀ ਪੇਸ਼ਕਸ਼ ਕੀਤੀ ਹੈ। 66 ਸਾਲਾ ਕਾਰੋਬਾਰੀ ਦੇ ਇੱਕ ਬੁਲਾਰੇ ਵੱਲੋਂ ਜਾਰੀ ਕੀਤੇ ਗਏ...
ਰਿਲਾਇੰਸ ਗਰੁੱਪ ਦੇ ਚੇਅਰਮੈਨ ਅਨਿਲ ਅੰਬਾਨੀ ਨੇ ਸ਼ੁੱਕਰਵਾਰ ਲਈ FEMA ਤਹਿਤ ਜਾਰੀ ਕੀਤੇ ਗਏ ਸੰਮਨਾਂ ਤੋਂ ਬਾਅਦ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਸਾਹਮਣੇ ‘ਵਰਚੁਅਲ ਸਾਧਨਾਂ’ ਰਾਹੀਂ ਪੇਸ਼ ਹੋਣ ਦੀ ਪੇਸ਼ਕਸ਼ ਕੀਤੀ ਹੈ।
66 ਸਾਲਾ ਕਾਰੋਬਾਰੀ ਦੇ ਇੱਕ ਬੁਲਾਰੇ ਵੱਲੋਂ ਜਾਰੀ ਕੀਤੇ ਗਏ ਬਿਆਨ ਵਿੱਚ ਕਿਹਾ ਗਿਆ ਹੈ ਕਿ ਉਨ੍ਹਾਂ ਨੇ ਸੰਘੀ ਜਾਂਚ ਏਜੰਸੀ ਨੂੰ ਇੱਕ ਪੱਤਰ ਲਿਖਿਆ ਹੈ, ਜਿਸ ਵਿੱਚ ਵਿਦੇਸ਼ੀ ਮੁਦਰਾ ਪ੍ਰਬੰਧਨ ਕਾਨੂੰਨ (FEMA) ਤਹਿਤ ਚੱਲ ਰਹੀ ਜਾਂਚ ਵਿੱਚ ਪੂਰੇ ਸਹਿਯੋਗ ਦਾ ਭਰੋਸਾ ਦਿੱਤਾ ਗਿਆ ਹੈ।
ਈਡੀ ਸੂਤਰਾਂ ਨੇ ਕਿਹਾ ਕਿ ਉਨ੍ਹਾਂ ਨੇ ਅੰਬਾਨੀ ਦੀ ਵਰਚੁਅਲੀ ਪੇਸ਼ ਹੋਣ ਦੀ ਪੇਸ਼ਕਸ਼ ਨੂੰ ਰੱਦ ਕਰ ਦਿੱਤਾ ਹੈ। ਉਮੀਦ ਹੈ ਕਿ ਏਜੰਸੀ ਢੁਕਵੇਂ ਸਮੇਂ ਵਿੱਚ ਉਨ੍ਹਾਂ ਨੂੰ ਨਿੱਜੀ ਤੌਰ ’ਤੇ ਪੇਸ਼ ਹੋਣ ਲਈ ਇੱਕ ਨਵੀਂ ਤਰੀਕ ਜਾਰੀ ਕਰੇਗੀ।
ਸੂਤਰਾਂ ਅਨੁਸਾਰ, ਏਜੰਸੀ ਨੇ ਅੰਬਾਨੀ ਨੂੰ ਸ਼ੁੱਕਰਵਾਰ ਨੂੰ ਖੁਦ ਪੇਸ਼ ਹੋਣ ਅਤੇ FEMA ਤਹਿਤ ਉਨ੍ਹਾਂ ਦਾ ਬਿਆਨ ਦਰਜ ਕਰਵਾਉਣ ਲਈ ਕਿਹਾ ਸੀ। ਇਹ ਜਾਂਚ ਜੈਪੁਰ-ਰੀਂਗਸ ਹਾਈਵੇ ਪ੍ਰੋਜੈਕਟ ਨਾਲ ਸਬੰਧਤ ਹੈ।
ਈਡੀ ਨੇ ਹਾਲ ਹੀ ਵਿੱਚ ਅੰਬਾਨੀ ਅਤੇ ਉਨ੍ਹਾਂ ਦੀਆਂ ਕੰਪਨੀਆਂ ਦੀ 7,500 ਕਰੋੜ ਰੁਪਏ ਦੀ ਜਾਇਦਾਦ ਨੂੰ ਮਨੀ ਲਾਂਡਰਿੰਗ ਵਿਰੋਧੀ ਕਾਨੂੰਨ ਤਹਿਤ ਜ਼ਬਤ ਕਰਨ ਤੋਂ ਬਾਅਦ ਇੱਕ ਬਿਆਨ ਵਿੱਚ ਕਿਹਾ ਸੀ ਕਿ ਆਰ-ਇੰਫਰਾ ਦੇ ਖ਼ਿਲਾਫ਼ (FEMA ਤਹਿਤ ਕੀਤੀ ਗਈ) ਤਲਾਸ਼ੀ ਕਾਰਵਾਈ ਵਿੱਚ ਇਹ ਪਾਇਆ ਗਿਆ ਕਿ ਕਥਿਤ ਤੌਰ 'ਤੇ 40 ਕਰੋੜ ਰੁਪਏ ਦੀ ਰਾਸ਼ੀ ਹਾਈਵੇ ਪ੍ਰੋਜੈਕਟ ਵਿੱਚੋਂ "ਹੇਰਾਫੇਰੀ" ਕੀਤੀ ਗਈ ਸੀ। -ਪੀਟੀਆਈ

