ਟ੍ਰਿਬਿਊਨ ਨਿਊਜ਼ ਸਰਵਿਸ/ਏਜੰਸੀ
ਨਵੀਂ ਦਿੱਲੀ/ਇੰਫਾਲ, 29 ਮਈ
ਮੁੱਖ ਅੰਸ਼
- ਮੁੱਖ ਮੰਤਰੀ ਤੇ ਅਧਿਕਾਰੀਆਂ ਨਾਲ ਸੁਰੱਖਿਆ ਹਾਲਾਤ ਦੀ ਕਰਨਗੇ ਸਮੀਖਿਆ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਹਿੰਸਾਗ੍ਰਸਤ ਮਨੀਪੁਰ ਦੇ ਚਾਰ ਦਿਨਾ ਦੌਰੇ ਲਈ ਅੱਜ ਇੰਫਾਲ ਪਹੁੰਚ ਗਏ ਹਨ। ਆਪਣੀ ਇਸ ਫੇਰੀ ਦੌਰਾਨ ਉਹ ਮੈਤੇਈ ਤੇ ਕੁਕੀ ਭਾਈਚਾਰਿਆਂ ਦਰਮਿਆਨ ਸ਼ਾਂਤੀ ਬਹਾਲੀ ਲਈ ਕੋਈ ਵਿਚਲਾ ਰਾਹ ਲੱਭਣ ਦੀ ਕੋਸ਼ਿਸ਼ ਕਰਨਗੇ। ਸ੍ਰੀ ਸ਼ਾਹ ਦਿੱਲੀ ਤੋਂ ਵਿਸ਼ੇਸ਼ ਉਡਾਨ ਰਾਹੀਂ ਇੰਫਾਲ ਦੇ ਬੀਰ ਟਿਕੇਂਦਰਾਜੀਤ ਇੰਫਾਲ ਕੌਮਾਂਤਰੀ ਹਵਾਈ ਅੱਡੇ ‘ਤੇ ਪਹੁੰਚੇੇ। ਸੂਤਰਾਂ ਮੁਤਾਬਕ ਸ਼ਾਹ ਮੰਗਲਵਾਰ ਨੂੰ ਹਾਲਾਤ ਦੇ ਜਾਇਜ਼ੇ ਤੇ ਸੂਬੇ ‘ਚ ਅਮਨ ਬਹਾਲੀ ਲਈ ਚੁੱਕੇ ਜਾਣ ਵਾਲੇ ਕਦਮਾਂ ਦੀ ਯੋਜਨਾਬੰਦੀ ਲਈ ਕਈ ਗੇੜ ਦੀਆਂ ਮੀਟਿੰਗਾਂ ਕਰਨਗੇ। ਬੁੱਧਵਾਰ ਨੂੰ ਬਾਅਦ ਦੁਪਹਿਰ ਪ੍ਰੈੱਸ ਕਾਨਫਰੰਸ ਕਰਕੇ ਸੂਬੇ ‘ਚ ਹਿੰਸਾ ਨੂੰ ਕਾਬੂ ਹੇਠ ਲਿਆਉਣ ਲਈ ਕੀਤੇ ਜਾਣ ਵਾਲੇ ਉਪਰਾਲਿਆਂ ਦਾ ਐਲਾਨ ਕਰਗੇ। ਸੂਬੇ ‘ਚ ਇਸ ਮਹੀਨੇ ਦੀ ਸ਼ੁਰੂਆਤ ‘ਚ ਭੜਕੀ ਨਸਲੀ ਹਿੰਸਾ ਮਗਰੋਂ ਸ਼ਾਹ ਦੀ ਉੱਤਰ-ਪੂਰਬੀ ਸੂਬੇ ਦੀ ਇਹ ਪਲੇਠੀ ਫੇਰੀ ਹੈ। ਦੱਸਣਯੋਗ ਹੈ ਕਿ ਮਨੀਪੁਰ ਦੇ ਕਈ ਹਿੱਸਿਆਂ ਵਿਚੋਂ ਰਾਖ਼ਵਾਂਕਰਨ ਨੂੰ ਲੈ ਨਸਲੀ ਹਿੰਸਾ ਦੀਆਂ ਰਿਪੋਰਟਾਂ ਸਾਹਮਣੇ ਆ ਰਹੀਆਂ ਹਨ। ਆਪਣੇ ਦੌਰੇ ਦੌਰਾਨ ਸ਼ਾਹ ਮੁੱਖ ਮੰਤਰੀ ਐੱਨ. ਬੀਰੇਨ ਸਿੰਘ ਤੇ ਹੋਰਨਾਂ ਸੀਨੀਅਰ ਅਧਿਕਾਰੀਆਂ ਨਾਲ ਸੁਰੱਖਿਆ ਦੀ ਸਥਿਤੀ ਦੀ ਸਮੀਖਿਆ ਕਰਨਗੇ। ਉਹ ਇਸ ਮਸਲੇ ਨਾਲ ਜੁੜੀਆਂ ਸਾਰੀਆਂ ਸਬੰਧਤ ਧਿਰਾਂ ਤੇ ਭਾਈਵਾਲਾਂ ਨੂੰ ਵੀ ਮਿਲਣਗੇ। ਸਥਿਤੀ ਦਾ ਜਾਇਜ਼ਾ ਲੈਣ ਤੋਂ ਬਾਅਦ ਰਾਜ ‘ਚ ਜਨ-ਜੀਵਨ ਆਮ ਵਾਂਗ ਕਰਨ ਲਈ ਕਦਮ ਚੁੱਕੇ ਜਾਣਗੇ। ਗ੍ਰਹਿ ਮੰਤਰਾਲੇ ਦੇ ਸੂਤਰਾਂ ਮੁਤਾਬਕ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਸਿਰਫ਼ ਸੁਰੱਖਿਆ ਸਥਿਤੀ ਦਾ ਜਾਇਜ਼ਾ ਲੈਣ ਨਹੀਂ ਆਏ ਬਲਕਿ ਉਹ ਮੈਤੇਈ ਤੇ ਕੁਕੀ ਸੰਗਠਨਾਂ ਨੂੰ ਵਿਚਾਰ-ਚਰਚਾ ਲਈ ਇਕੱਠੇ ਕਰਨ ਦਾ ਯਤਨ ਕਰਨ ਵੀ ਕਰਨਗੇ ਤਾਂ ਕਿ ਸਥਿਤੀ ਦਾ ਹੱਲ ਨਿਕਲ ਸਕੇ। ਗ੍ਰਹਿ ਮੰਤਰਾਲੇ ਦੇ ਸੂਤਰਾਂ ਮੁਤਾਬਕ ਲੋਕਾਂ ਨੂੰ ਸੁਰੱਖਿਆ ਦਾ ਭਰੋਸਾ ਦਿੱਤਾ ਜਾਵੇਗਾ ਤੇ ਹਥਿਆਰ ਸੁੱਟਣ ਲਈ ਕਿਹਾ ਜਾਵੇਗਾ ਤਾਂ ਕਿ ਗੱਲਬਾਤ ਰਾਹੀਂ ਮਸਲੇ ਦੇ ਹੱਲ ਲਈ ਇਕ ਸੁਖਾਵਾਂ ਮਾਹੌਲ ਤਿਆਰ ਹੋ ਸਕੇ। ਕੁਕੀ ਭਾਈਚਾਰਾ ਪਹਿਲਾਂ ਹੀ ਸਰਕਾਰ ਨਾਲ ਸ਼ਾਂਤੀ ਸਮਝੌਤੇ ਲਈ ਗੱਲ ਕਰ ਰਿਹਾ ਹੈ। ਸਰਕਾਰ ਦੇ ਸੂਤਰਾਂ ਮੁਤਾਬਕ ਉਹ ਆਪਣੇ ਇਲਾਕੇ ਵਿਚ ਕੁਝ ਖ਼ੁਦਮੁਖਤਿਆਰੀ ਦੀ ਮੰਗ ਕਰ ਰਹੇ ਹਨ, ਜਿਸ ਉਤੇ ਵਿਚਾਰ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਰਾਜ ‘ਚ ਪਿਛਲੇ ਕਈ ਹਫ਼ਤਿਆਂ ਤੋਂ ਕੁਕੀ ਤੇ ਮੈਤੇਈ ਭਾਈਚਾਰਿਆਂ ਵਿਚਾਲੇ ਖ਼ੂਨੀ ਹਿੰਸਾ ਹੋ ਰਹੀ ਹੈ। ਸੂਤਰਾਂ ਮੁਤਾਬਕ ਗ੍ਰਹਿ ਸਕੱਤਰ ਅਜੈ ਭੱਲਾ ਵੀ ਸ਼ਾਹ ਦੇ ਨਾਲ ਆਏ ਹਨ ਤੇ ਪਹਿਲੀ ਜੂਨ ਤੱਕ ਸੂਬੇ ਵਿਚ ਡੇਰੇ ਲਾਉਣਗੇ। ਜ਼ਿਕਰਯੋਗ ਹੈ ਕਿ ਹਾਲ ਹੀ ‘ਚ ਰਾਜ ਵਿਚ ਮੁੜ ਹਿੰਸਾ ਭੜਕੀ ਸੀ ਜਿਸ ‘ਚ ਦੋ ਪੁਲੀਸ ਕਰਮੀ ਤੇ ਸੱਤ ਨਾਗਰਿਕ ਮਾਰੇ ਗਏ ਸਨ। ਮੁੱਖ ਮੰਤਰੀ ਐੱਨ. ਬੀਰੇਨ ਸਿੰਘ ਨੇ ਲੰਘੇ ਦਿਨ ਦਾਅਵਾ ਕੀਤਾ ਸੀ ਕਿ ਕਰੀਬ 40 ਕੁਕੀ ਅਤਿਵਾਦੀ ਮਾਰੇ ਗਏ ਹਨ ਜੋ ਕਿ ਨਾਗਰਿਕਾਂ ਨੂੰ ਨਿਸ਼ਾਨਾ ਬਣਾ ਰਹੇ ਸਨ। ਇਸੇ ਦੌਰਾਨ ਭਾਰਤੀ ਸੈਨਾ ਨੇ ਅੱਜ ਖ਼ੁਫੀਆ ਜਾਣਕਾਰੀ ਦੇ ਅਧਾਰ ‘ਤੇ ਮਨੀਪੁਰ ਦੇ ਇਲਾਕਿਆਂ ਵਿਚ ਤਲਾਸ਼ੀ ਮੁਹਿੰਮ ਵੀ ਚਲਾਈ। ਉਨ੍ਹਾਂ ਨੂੰ ਹਥਿਆਰਬੰਦ ਅਨਸਰਾਂ ਦੀ ਮੌਜੂਦਗੀ ਬਾਰੇ ਸੂਚਨਾ ਮਿਲੀ ਸੀ। ਇਸ ਤੋਂ ਇਲਾਵਾ ਸੈਨਾ ਨੇ ਅਸਾਮ ਰਾਈਫਲਜ਼ ਨਾਲ ਮਿਲ ਕੇ ਅੱਜ ਹਿੰਸਾ ਪੀੜਤ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਉਣ ਦੀ ਮੁਹਿੰਮ ਵੀ ਜਾਰੀ ਰੱਖੀ।
ਫ਼ੌਜ ਨੇ ਅਸਲੇ ਸਣੇ 25 ਸ਼ਰਾਰਤੀ ਅਨਸਰ ਫੜੇ

ਇੰਫਾਲ: ਮਨੀਪੁਰ ‘ਚ ਹਿੰਸਾ ਦੌਰਾਨ ਫ਼ੌਜ ਅਤੇ ਸੁਰੱਖਿਆ ਬਲਾਂ ਨੇ 25 ਸ਼ਰਾਰਤੀ ਅਨਸਰਾਂ ਨੂੰ ਹਥਿਆਰਾਂ, ਗੋਲੀ-ਸਿੱਕੇ ਅਤੇ ਗ੍ਰਨੇਡਾਂ ਸਮੇਤ ਹਿਰਾਸਤ ‘ਚ ਲਿਆ ਹੈ। ਇਸ ਦੌਰਾਨ ਝੜਪਾਂ ‘ਚ ਜ਼ਖ਼ਮੀ ਹੋਏ ਤਿੰਨ ਹੋਰ ਵਿਅਕਤੀਆਂ ਦੀ ਮੌਤ ਹੋਣ ਕਾਰਨ ਮ੍ਰਿਤਕਾਂ ਦੀ ਗਿਣਤੀ ਵਧ ਕੇ ਪੰਜ ਹੋ ਗਈ ਹੈ। ਉਧਰ ਸੂਬੇ ‘ਚ ਤਣਾਅ ਦਾ ਮਾਹੌਲ ਬਣਿਆ ਹੋਇਆ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਦੌਰੇ ਤੋਂ ਪਹਿਲਾਂ ਮਨੀਪੁਰ ‘ਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਰੱਖਿਆ ਬਲਾਂ ਦੇ ਤਰਜਮਾਨ ਨੇ ਕਿਹਾ ਕਿ ਇੰਫਾਲ ਘਾਟੀ ‘ਚ ਗੋਲੀਬਾਰੀ ਅਤੇ ਝੜਪਾਂ ਦੀਆਂ ਤਾਜ਼ਾ ਵਾਰਦਾਤਾਂ ਮਗਰੋਂ ਸ਼ਰਾਰਤੀ ਅਨਸਰਾਂ ਨੂੰ ਹਥਿਆਰਾਂ ਸਮੇਤ ਫੜਿਆ ਗਿਆ ਹੈ। ਉਨ੍ਹਾਂ ਬਿਆਨ ‘ਚ ਕਿਹਾ ਕਿ ਅਪਰੇਸ਼ਨ ਦੌਰਾਨ ਇੰਫਾਲ ਪੂਰਬੀ ਦੇ ਸੰਸਾਬੀ, ਗਵਾਲਟਾਬੀ, ਸ਼ਾਬੂਨਖੋਲ, ਖੁਨਾਓ ਤੋਂ 22 ਸ਼ਰਾਰਤੀ ਅਨਸਰਾਂ ਨੂੰ ਫੜਿਆ ਗਿਆ ਹੈ। ਉਨ੍ਹਾਂ ਕੋਲੋਂ 12 ਬੋਰ ਦੀਆਂ ਪੰਜ ਡਬਲ ਬੈਰਲ ਰਾਈਫਲਾਂ, ਤਿੰਨ ਸਿੰਗਲ ਬੈਰਲ ਰਾਈਫਲਾਂ, ਇਕ ਦੇਸੀ ਪਿਸਤੌਲ ਅਤੇ ਹੋਰ ਹਥਿਆਰ ਬਰਾਮਦ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਐਤਵਾਰ ਰਾਤ ਨੂੰ ਇੰਫਾਲ ਸ਼ਹਿਰ ‘ਚ ਇਕ ਨਾਕੇ ਦੌਰਾਨ ਕਾਰ ਨੂੰ ਰੋਕਿਆ ਗਿਆ ਤਾਂ ਉਸ ‘ਚੋਂ ਭੱਜਣ ਦੀ ਕੋਸ਼ਿਸ਼ ਕਰ ਰਹੇ ਤਿੰਨ ਵਿਅਕਤੀਆਂ ਨੂੰ ਫੜ ਲਿਆ ਗਿਆ। ਉਨ੍ਹਾਂ ਕੋਲੋਂ ਇਕ ਇਨਸਾਸ ਰਾਈਫਲ, 60 ਰੌਂਦ, ਇਕ ਚੀਨੀ ਗ੍ਰਨੇਡ ਅਤੇ ਇਕ ਡੈਟੋਨੇਟਰ ਬਰਾਮਦ ਹੋਏ ਹਨ। ਫੜੇ ਗਏ ਸਾਰੇ 25 ਵਿਅਕਤੀਆਂ ਨੂੰ ਮਨੀਪੁਰ ਪੁਲੀਸ ਦੇ ਹਵਾਲੇ ਕਰ ਦਿੱਤਾ ਗਿਆ ਹੈ। -ਪੀਟੀਆਈ
ਮੈਤੇਈ ਤੇ ਕੁਕੀ ਭਾਈਚਾਰਿਆਂ ਵੱਲੋਂ ਸ਼ਾਹ ਦਾ ਦੌਰਾ ‘ਸਕਾਰਾਤਮਕ ਉਪਰਾਲਾ’ ਕਰਾਰ
ਮੈਤੇਈ ਅਤੇ ਕੁਕੀ ਭਾਈਚਾਰਿਆਂ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਦੌਰੇ ਨੂੰ ਸਕਾਰਾਤਮਕ ਉਪਰਾਲਾ ਕਰਾਰ ਦਿੱਤਾ ਹੈ। ‘ਦਿ ਕੋਆਰਡੀਨੇਟਿੰਗ ਕਮੇਟੀ ਆਨ ਮਨੀਪੁਰ ਇੰਟੈਗ੍ਰਿਟੀ’ ਨੇ ਆਸ ਜ਼ਾਹਿਰ ਕੀਤੀ ਕਿ ਕੇਂਦਰੀ ਗ੍ਰਹਿ ਮੰਤਰੀ ਦੀ ਅਗਵਾਈ ਵਿਚ ਮਨੀਪੁਰ ਦੇ ਲੋਕ ਸ਼ਾਂਤੀ ਬਹਾਲੀ ਦਾ ਕੋਈ ਢੁੱਕਵਾਂ ਰਾਹ ਲੱਭਣਗੇ।