ਨਵੀਂ ਦਿੱਲੀ, 18 ਅਕਤੂਬਰ
ਮੁੱਖ ਅੰਸ਼
- ਸੁਰੱਖਿਆ ਪ੍ਰਬੰਧਾਂ ਬਾਰੇ ਸੂਬਿਆਂ ਦੇ ਡੀਜੀਪੀ ਤੇ ਹੋਰ ਸਿਖਰਲੇ ਅਧਿਕਾਰੀਆਂ ਨਾਲ ਚਰਚਾ ਕੀਤੀ
- ਦੇਸ਼ ਦੀ ਸੁਰੱਖਿਆ ਲਈ ਦਰਪੇਸ਼ ਚੁਣੌਤੀਆਂ ਨਾਲ ਸਿੱਝਣ ਲਈ ਜਲਦੀ ਜਾਰੀ ਹੋਣਗੇ ਦਿਸ਼ਾ ਨਿਰਦੇਸ਼
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਕੌਮੀ ਸੁਰੱਖਿਆ ਸਬੰਧੀ ਰਾਜਾਂ ਦੇ ਪੁਲੀਸ ਮੁਖੀਆਂ, ਆਈਜੀਜ਼ ਤੇ ਹੋਰ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਉਨ੍ਹਾਂ ਵੀਡੀਓ ਕਾਨਫਰੰਸਿੰਗ ਜ਼ਰੀਏ ਦੇਸ਼ ਵਿਚ ਪੈਦਾ ਹੋਏ ਹਾਲਾਤ ਦਾ ਜਾਇਜ਼ਾ ਲਿਆ। ਪੁਲੀਸ ਦੇ ਸਿਖਰਲੇ ਅਧਿਕਾਰੀਆਂ ਨੇ ਦੱਸਿਆ ਕਿ ਗ੍ਰਹਿ ਮੰਤਰੀ ਨੇ ਸੂਬਿਆਂ ਦੇ ਪੁਲੀਸ ਮੁਖੀਆਂ ਤੋਂ ਇਲਾਵਾ ਕੇਂਦਰੀ ਪੁਲੀਸ ਬਲਾਂ, ਖੁਫੀਆ ਏਜੰਸੀਆਂ ਤੇ ਹੋਰਾਂ ਨਾਲ ਸੁਰੱਖਿਆ ਪ੍ਰਬੰਧਾਂ ਸਬੰਧੀ ਚਰਚਾ ਕੀਤੀ। ਇਸ ਮੀਟਿੰਗ ਵਿਚ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਦੋਵਾਲ, ਇੰਟੈਲੀਜੈਂਸ ਬਿਓਰੋ ਦੇ ਮੁਖੀ ਅਰਵਿੰਦ ਕੁਮਾਰ, ਬੀਐਸਐਫ ਤੇ ਆਈਟੀਬੀਪੀ ਦੇ ਸਿਖਰਲੇ ਅਧਿਕਾਰੀਆਂ ਨੇ ਗ੍ਰਹਿ ਮੰਤਰੀ ਨੂੰ ਹਾਲਾਤ ਬਾਰੇ ਜਾਣੂ ਕਰਵਾਇਆ। ਉਨ੍ਹਾਂ ਦੇਸ਼ ਨੂੰ ਸੁਰੱਖਿਆ ਪੱਖੋਂ ਪੇਸ਼ ਆ ਰਹੀਆਂ ਚੁਣੌਤੀਆਂ ਬਾਰੇ ਵੀ ਖਬਰਦਾਰ ਕੀਤਾ। ਉਨ੍ਹਾਂ ਕਸ਼ਮੀਰ ਵਿਚ ਗੈਰ ਕਸ਼ਮੀਰੀਆਂ ਨੂੰ ਨਿਸ਼ਾਨਾ ਬਣਾਏ ਜਾਣ ’ਤੇ ਵੀ ਚਰਚਾ ਕੀਤੀ ਤੇ ਇਸ ਨੂੰ ਰੋਕਣ ਲਈ ਸੁਝਾਅ ਵੀ ਦਿੱਤੇ। ਇਸ ਤੋਂ ਇਲਾਵਾ ਮਾਓਵਾਦੀਆਂ ਨਾਲ ਨਜਿੱਠਣ ਦੀਆਂ ਸੰਭਾਵਨਾਵਾਂ ’ਤੇ ਵੀ ਗੱਲਬਾਤ ਕੀਤੀ ਗਈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਇਨ੍ਹਾਂ ਸਮੱਸਿਆਵਾਂ ਨਾਲ ਨਜਿੱਠਣ ਲਈ ਜਲਦੀ ਹੀ ਨਵੇਂ ਦਿਸ਼ਾ ਨਿਰਦੇਸ਼ ਜਾਰੀ ਹੋ ਸਕਦੇ ਹਨ। ਇਕ ਅਧਿਕਾਰੀ ਨੇ ਦੱਸਿਆ ਕਿ ਅਫਗਾਨਿਸਤਾਨ ਵਿਚ ਤਾਲਿਬਾਨ ਦਾ ਕੰਟਰੋਲ ਹੋਣ ਤੋਂ ਬਾਅਦ ਭਾਰਤ ਦੇ ਦੱਖਣੀ ਸੂਬਿਆਂ ਕੇਰਲਾ, ਕਰਨਾਟਕਾ ਤੇ ਤਾਮਿਲਨਾਡੂ ਵਿਚ ਭਵਿੱਖ ਵਿਚ ਅਤਿਵਾਦੀ ਹਮਲੇ ਹੋਣ ਦੀਆਂ ਸੂਚਨਾਵਾਂ ਮਿਲੀਆਂ ਹਨ।