ਅਮਰੀਕੀ ਫ਼ੌਜ ਨੇ ਸੋਮਵਾਰ ਨੂੰ ਕਿਹਾ ਕਿ ਉਸ ਨੇ ਸਵੈ-ਰੱਖਿਆ ਲਈ ਦੱਖਣੀ ਇਰਾਨ ’ਚ ਹਮਲੇ ਕੀਤੇ ਹਨ। ਇਹ ਹਮਲੇ ਮਿਜ਼ਾਈਲ ਦਾਗ਼ਣ ਵਾਲੀਆਂ ਥਾਵਾਂ ਅਤੇ ਬਾਰੂਦੀ ਸੁਰੰਗਾਂ ਫਿਟ ਕਰਨ ਵਾਲੀਆਂ ਕਿਸ਼ਤੀਆਂ ਦੇ ਟਿਕਾਣਿਆਂ ’ਤੇ ਕੀਤੇ ਗਏ। ਉਂਝ, ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਕਿ ਇਰਾਨ ਨਾਲ ਵਾਰਤਾ ਵਧੀਆ ਢੰਗ ਨਾਲ ਅੱਗੇ ਵਧ ਰਹੀ ਹੈ। ਅਮਰੀਕੀ ਫ਼ੌਜ ਦੀ ਕੇਂਦਰੀ ਕਮਾਂਡ ਦੇ ਤਰਜਮਾਨ ਕੈਪਟਨ ਟਿਮ ਹੌਕਿਨਜ਼ ਨੇ ਬਿਆਨ ’ਚ ਕਿਹਾ, ‘‘ਇਰਾਨੀ ਫ਼ੌਜ ਦੇ ਹਮਲਿਆਂ ਤੋਂ ਆਪਣੇ ਜਵਾਨਾਂ ਨੂੰ ਬਚਾਉਣ ਲਈ ਇਹ ਹਮਲੇ ਕੀਤੇ ਗਏ ਹਨ, ਪਰ ਫ਼ੌਜ ਜੰਗਬੰਦੀ ਦੌਰਾਨ ਸੰਜਮ ਦੀ ਨੀਤੀ ਅਪਣਾ ਰਹੀ ਹੈ।’’ ਇਰਾਨ ਦੇ ਰੈਵੋਲਿਊਸ਼ਨਰੀ ਗਾਰਡ ਦੇ ਸਾਬਕਾ ਮੁਖੀ ਮੋਹਸਿਨ ਰਜ਼ਈ ਦੀ ਕਰੀਬੀ ਸਮਝੀ ਜਾਂਦੀ ਖ਼ਬਰ ਵੈੱਬਸਾਈਟ ‘ਤਬਨਾਕ’ ਨੇ ਦਾਅਵਾ ਕੀਤਾ ਕਿ ਅਮਰੀਕਾ ਵੱਲੋਂ ਕਿਸ਼ਤੀਆਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਹਮਲੇ ’ਚ ਚਾਰ ਜਵਾਨ ਮਾਰੇ ਗਏ ਹਨ। ਇਰਾਨ ਦੇ ਸਰਕਾਰੀ ਟੀ ਵੀ ਨੇ ਵੱਖਰੇ ਤੌਰ ’ਤੇ ਬੰਦਰ ਅੱਬਾਸ ਦੇ ਆਲੇ-ਦੁਆਲੇ ਧਮਾਕੇ ਹੋਣ ਦਾ ਦਾਅਵਾ ਕੀਤਾ ਹੈ। ਇਹ ਇਲਾਕਾ ਹਰਮੁਜ਼ ਜਲ ਮਾਰਗ ਨੇੜੇ ਪੈਂਦਾ ਹੈ।
ਇਸ ਤੋਂ ਪਹਿਲਾਂ ਟਰੰਪ ਨੇ ਕਿਹਾ ਕਿ ਇਰਾਨ ਨਾਲ ਜੰਗ ਖ਼ਤਮ ਕਰਨ ਦੇ ਕਿਸੇ ਵੀ ਸਮਝੌਤੇ ਤੋਂ ਪਹਿਲਾਂ ਸਾਊਦੀ ਅਰਬ ਅਤੇ ਪਾਕਿਸਤਾਨ ਸਮੇਤ ਹੋਰ ਖਾੜੀ ਮੁਲਕ ਅਬਰਾਹਮ ਸਮਝੌਤੇ ’ਚ ਸ਼ਾਮਲ ਹੋਣ ਜਿਸ ਦਾ ਮਕਸਦ ਇਜ਼ਰਾਈਲ ਨਾਲ ਅਰਬ ਮੁਲਕਾਂ ਦੇ ਸਬੰਧ ਸੁਖਾਵੇਂ ਬਣਾਉਣਾ ਹੈ। ਇਸਲਾਮਾਬਾਦ ਆਧਾਰਿਤ ਵਿਸ਼ਲੇਸ਼ਕ ਸੱਯਦ ਮੁਹੰਮਦ ਅਲੀ ਨੇ ਕਿਹਾ ਕਿ ਟਰੰਪ ਦੀ ਨਵੀਂ ਪੇਸ਼ਕਸ਼ ਦੇ ਬਾਵਜੂਦ ਪਾਕਿਸਤਾਨ ਦਾ ਇਜ਼ਰਾਈਲ ਪ੍ਰਤੀ ਸਟੈਂਡ ਨਹੀਂ ਬਦਲੇਗਾ।
ਇਜ਼ਰਾਈਲ ਵੱਲੋਂ ਲੈਬਨਾਨ ’ਤੇ ਹਮਲਾ, 12 ਮੌਤਾਂ
ਬੈਰੂਤ: ਪੂਰਬੀ ਲੈਬਨਾਨ ਦੀ ਬੇਕਾ ਘਾਟੀ ਦੇ ਪਿੰਡ ਮਸ਼ਗ਼ਾਰਾ ’ਤੇ ਇਜ਼ਰਾਈਲ ਵੱਲੋਂ ਕੀਤੇ ਹਵਾਈ ਹਮਲੇ ’ਚ 12 ਲੋਕ ਮਾਰੇ ਗਏ। ਇਜ਼ਰਾਇਲੀ ਅਧਿਕਾਰੀ ਨੇ ਕਿਹਾ ਕਿ ਲੈਬਨਾਨ ’ਚ ਹੋਰ ਫ਼ੌਜ ਸੱਦ ਲਈ ਗਈ ਹੈ। ਇਜ਼ਰਾਈਲ ਨੇ ਹਮਲਿਆਂ ਬਾਰੇ ਕੋਈ ਟਿੱਪਣੀ ਨਹੀਂ ਕੀਤੀ ਪਰ ਇੰਨਾ ਜ਼ਰੂਰ ਆਖਿਆ ਕਿ ਉਹ ਪੂਰਬੀ ਲੈਬਨਾਨ ’ਚ ਹਿਜ਼ਬੁੱਲਾ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾ ਰਹੇ ਹਨ। ਇਹ ਹਮਲੇ ਉਦੋਂ ਹੋਏ ਹਨ ਜਦੋਂ ਲੈਬਨਾਨੀ ਅਤੇ ਇਜ਼ਰਾਇਲੀ ਫ਼ੌਜੀ ਵਫ਼ਦ ਆਉਂਦੇ ਤਿੰਨ ਦਿਨਾਂ ’ਚ ਵਾਸ਼ਿੰਗਟਨ ’ਚ ਸਿੱਧੀ ਵਾਰਤਾ ਲਈ ਮੁਲਾਕਾਤ ਕਰਨ ਵਾਲੇ ਹਨ।
ਇਰਾਨੀ ਯੂਰੇਨੀਅਮ ਕਿਸੇ ਹੋਰ ਥਾਂ ਨਸ਼ਟ ਕੀਤਾ ਜਾ ਸਕਦੈ: ਟਰੰਪ
ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਹੈ ਕਿ ਇਰਾਨ ਦਾ ਸੋਧਿਆ ਹੋਇਆ ਯੂਰੇਨੀਅਮ ਅਮਰੀਕਾ ’ਚ ਤਬਦੀਲ ਜਾਂ ਨਸ਼ਟ ਕੀਤਾ ਜਾ ਸਕਦਾ ਹੈ ਪਰ ਉਨ੍ਹਾਂ ਦੀ ਤਰਜੀਹ ਇਸ ਨੂੰ ਕੌਮਾਂਤਰੀ ਪਰਮਾਣੂ ਊਰਜਾ ਏਜੰਸੀ ਦੀ ਨਿਗਰਾਨੀ ਹੇਠ ਕਿਸੇ ਹੋਰ ਪ੍ਰਵਾਨਤ ਸਥਾਨ ’ਤੇ ਨਸ਼ਟ ਕਰਨ ਦੀ ਹੈ। ਟਰੰਪ ਦੀ ਇਹ ਟਿੱਪਣੀ ਉਨ੍ਹਾਂ ਦੇ ਪਹਿਲੇ ਬਿਆਨਾਂ ਤੋਂ ਉਲਟ ਹੈ ਜਿਨ੍ਹਾਂ ’ਚ ਉਹ ਕਹਿ ਰਹੇ ਸਨ ਕਿ ਕਿਸੇ ਵੀ ਸੰਭਾਵੀ ਸਮਝੌਤੇ ਦੀ ਮੁੱਖ ਸ਼ਰਤ ਇਹ ਹੋਵੇਗੀ ਕਿ ਇਰਾਨ ਆਪਣਾ ਸੋਧਿਆ ਹੋਇਆ ਯੂਰੇਨੀਅਮ ਅਮਰੀਕਾ ਨੂੰ ਸੌਂਪ ਦੇਵੇ। ਉਨ੍ਹਾਂ ‘ਟਰੁੱਥ ਸੋਸ਼ਲ’ ਉੱਤੇ ਕਿਹਾ ਕਿ ਜੰਗ ਖ਼ਤਮ ਕਰਨ ਲਈ ਗੱਲਬਾਤ ਬਿਹਤਰ ਢੰਗ ਨਾਲ ਅੱਗੇ ਵਧ ਰਹੀ ਹੈ। -ਪੀਟੀਆਈ
ਮੋਦੀ ਦੀ ਸ਼ਲਾਘਾ ਵਾਲੀ ਪੋਸਟ ਸਾਂਝੀ ਕੀਤੀ
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਭਾਰਤ ’ਚ ਅਮਰੀਕੀ ਰਾਜਦੂਤ ਸਰਜੀਓ ਗੋਰ ਦੀ ਸੋਸ਼ਲ ਮੀਡੀਆ ਪੋਸਟ ‘ਟਰੁੱਥ ਸੋਸ਼ਲ’ ’ਤੇ ਸਾਂਝੀ ਕੀਤੀ ਜਿਸ ’ਚ ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸ਼ਲਾਘਾ ਕੀਤੀ ਸੀ।

