ਜੰਮੂ ਤੋਂ ਅਮਰਨਾਥ ਯਾਤਰਾ ਮੁੜ ਸ਼ੁਰੂ
ਜੰਮੂ ਤੋਂ ਅਮਰਨਾਥ ਯਾਤਰਾ ਮੁੜ ਸ਼ੁਰੂ ਹੋ ਗਈ ਹੈ। ਸ਼ਨਿੱਚਰਵਾਰ ਨੂੰ ਭਗਵਤੀ ਨਗਰ ਬੇਸ ਕੈਂਪ ਤੋਂ 6,365 ਸ਼ਰਧਾਲੂਆਂ ਦਾ ਜਥਾ ਅਮਰਨਾਥ ਯਾਤਰਾ ਲਈ ਰਵਾਨਾ ਹੋਇਆ। ਜੱਥੇ ਵਿੱਚ 1,499 ਔਰਤਾਂ ਸਮੇਤ 441 ਬੱਚੇ ਸ਼ਾਮਲ ਹਨ। ਸਖ਼ਤ ਸੁਰੱਖਿਆ ਹੇਠ ਕਾਫ਼ਲਿਆਂ ਨੂੰ ਅਨੰਤਨਾਗ ਦੇ ਨੂਨਵਾਨ-ਪਹਿਲਗਾਮ ਅਤੇ ਗੰਦਰਬਲ ਦੇ ਬਲਟਾਲ ਕੈਂਪਾਂ ਤੋਂ ਰਵਾਨਾ ਕੀਤਾ ਗਿਆ।
ਪਹਿਲਗਾਮ ਲਈ 3,514 ਯਾਤਰੀ ਰਵਾਨਾ ਹੋਏ ਜਦੋਂ ਕਿ 2,851 ਯਾਤਰੀਆਂ ਨੇ ਬਲਟਾਲ ਰੂਟ ਨੂੰ ਤਰਜੀਹ ਦਿੱਤੀ। 3 ਜੁਲਾਈ ਨੂੰ ਸ਼ੁਰੂ ਹੋਈ ਇਹ ਯਾਤਰਾ 9 ਅਗਸਤ ਨੂੰ ਸਮਾਪਤ ਹੋਵੇਗੀ। ਇਸ ਵਰ੍ਹੇ ਹੁਣ ਤੱਕ ਪੌਣੇ ਤਿੰਨ ਲੱਖ ਤੋਂ ਵੱਧ ਯਾਤਰੀ ਪਵਿੱਤਰ ਅਮਰਨਾਥ ਗੁਫ਼ਾ ਦੇ ਦਰਸ਼ਨ ਕਰ ਚੁੱਕੇ ਹਨ। ਦੱਸਣਯੋਗ ਹੈ, ਪਿਛਲੇ ਦਿਨੀ ਇਨ੍ਹਾਂ ਰਾਹਾਂ ’ਤੇ ਢਿੱਗਾਂ ਡਿੱਗਣ ਕਰਕੇ ਅਮਰਨਾਥ ਯਾਤਰਾ ਮੁਲਤਵੀ ਕਰ ਦਿੱਤੀ ਗਈ ਸੀ।
ਇਸੇ ਦੌਰਾਨ ਪੁਣਛ ਤੋਂ 28 ਜੁਲਾਈ ਨੂੰ ਸ਼ਰੂ ਹੋਣ ਵਾਲੀ ਬਾਬਾ ਬੁੱਧ ਅਮਰਨਾਥ ਯਾਤਰਾ ਲਈ ਭਾਰਤੀ ਫੌਜ ਨੇ ਸੁਰੱਖਿਆ ਦੇ ਮੱਦੇਨਜ਼ਰ ਧਾਰਮਿਕ ਸਥਾਨ ਵੱਲ ਜਾਂਦੇ ਰਾਹਾਂ ’ਤੇ ਨਵੇਂ ਸੀਸੀਟੀਵੀ ਕੈਮਰੇ ਲਗਾਏ ਹਨ। ਇਸ ਯਾਤਰਾ ਲਈ ਸ਼ਰਧਾਲੂ ਦੇਸ਼ ਦੇ ਵੱਖ-ਵੱਖ ਹਿੱਸਿਆਂ ’ਚੋਂ ਰਵਾਨਾ ਹੋਣਗੇ। ਸ਼ਰਧਾਲੂ ਬਜਰੰਗ ਦਲ ਅਤੇ ਵਿਸ਼ਵ ਹਿੰਦੂ ਪਰਿਸ਼ਦ ਦੇ ਝੰਡੇ ਹੇਠ ਯਾਤਰਾ ’ਚ ਹਾਜ਼ਰੀ ਲਵਾਉਣਗੇ। ਯਾਤਰਾ ਵਾਲੇ ਰਾਹਾਂ ’ਤੇ ਸੀਸੀਟੀਵੀ ਕੈਮਰੇ ਲੱਗਣ ਬਾਅਦ ਸ਼ਰਧਾਲੂਆਂ ਦਾ ਉਤਸ਼ਾਹ ਵਧਿਆ ਹੈ। ਯਾਤਰੀਆਂ ਨੇ ਇਸ ਪਹਿਲਕਦਮੀ ਲਈ ਭਾਰਤੀ ਫੌਜ ਨੂੰ ਵਧਾਈ ਦਿੱਤੀ ਹੈ।